ਲਵਪ੍ਰੀਤ ਦੀ ਰਿਹਾਈ ਮੌਕੇ ਅਜਨਾਲਾ ਪੁਲੀਸ ਛਾਉਣੀ ’ਚ ਤਬਦੀਲ

ਲਵਪ੍ਰੀਤ ਦੀ ਰਿਹਾਈ ਮੌਕੇ ਅਜਨਾਲਾ ਪੁਲੀਸ ਛਾਉਣੀ ’ਚ ਤਬਦੀਲ

ਭਾਈ ਅੰਮ੍ਰਿਤਪਾਲ ਸਿੰਘ ਆਪਣੇ ਸਮਰਥਕਾਂ ਸਣੇ ਅਜਨਾਲਾ ਤੋਂ ਹੋਏ ਰਵਾਨਾ
ਅਜਨਾਲਾ- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਜੇਲ੍ਹ ਵਿੱਚ ਬੰਦ ਆਪਣੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਦੇ ਅੱਜ ਰਿਹਾਈ ਦੇ ਹੁਕਮ ਆਉਣ ਮਗਰੋਂ ਸਾਥੀਆਂ ਤੇ ਸਮਰਥਕਾਂ ਸਣੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ। ਜ਼ਿਕਰਯੋਗ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਜੇਲ੍ਹ ’ਚ ਬੰਦ ਆਪਣੇ ਸਾਥੀ ਦੀ ਰਿਹਾਈ ਤੱਕ ਅਜਨਾਲਾ ਵਿੱਚ ਹੀ ਰਹਿਣ ਦਾ ਐਲਾਨ ਕੀਤਾ ਸੀ, ਜਿਸ ਕਰ ਕੇ ਉਹ ਸ਼ਹਿਰ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਠਹਿਰੇ ਹੋਏ ਸਨ। ਸੁਰੱਖਿਆ ਦੇ ਮੱਦੇਨਜ਼ਰ ਉੱਚ ਪੁਲੀਸ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਥਾਣਾ ਅਜਨਾਲਾ ਦੇ ਬਾਹਰ ਅਤੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਤਾਇਨਾਤ ਕਰ ਕੇ ਅਜਨਾਲਾ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕੀਤਾ ਗਿਆ ਸੀ। ਅੱਜ ਸਵੇਰ ਅੰਮ੍ਰਿਤਪਾਲ ਸਿੰਘ ਨੇ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਕਲਗੀਧਰ ਸਾਹਿਬ, ਗੁਰਦੁਆਰਾ ਬਾਬ ਜੀਵਨ ਸਿੰਘ ਜੀ, ਗੁਰਦੁਆਰਾ ਕਾਲਿਆਂ ਵਾਲਾ ਖੂਹ ’ਤੇ ਪਹੁੰਚ ਕੇ ਮੱਥਾ ਟੇਕਿਆ ਅਤੇ ਸੰਗਤ ਨਾਲ ਗੱਲਬਾਤ ਕੀਤੀ। ਇਸੇ ਦੌਰਾਨ ਉਹ ਸ਼ਹਿਰ ਤੋਂ ਬਾਹਰ ਦਮਦਮੀ ਟਕਸਾਲ ਅਜਨਾਲਾ ਵਿੱਚ ਵੀ ਗਏ। ਇੱਥੇ ਅੰਮ੍ਰਿਤਪਾਲ ਸਿੰਘ ਨੇ ਟਕਸਾਲ ਵਿੱਚ ਗੁਰਮਤਿ ਦੀ ਸਿੱਖਿਆ ਲੈਣ ਵਾਲੇ ਵਿਦਿਆਰਥੀਆਂ ਦੀ ਭਲਾਈ ਲਈ ਕੁਝ ਭੇਟਾ ਪ੍ਰਬੰਧਕਾਂ ਨੂੰ ਸੌਂਪੀ। ਵਾਪਸ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਪਹੁੰਚ ਕੇ ਉਨ੍ਹਾਂ ਕੱਲ੍ਹ ਥਾਣਾ ਅਜਨਾਲਾ ਵਿੱਚ ਹੋਈ ਘਟਨਾ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਰਚਾ ਗਲਤ ਕੀਤਾ ਗਿਆ ਸੀ, ਜਿਸ ਨੂੰ ਉਨ੍ਹਾਂ ਰੱਦ ਕਰ ਦਿੱਤਾ ਹੈ। ਇਸੇ ਦੌਰਾਨ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਪੰਜ ਪਿਆਰਿਆਂ ਵੱਲੋਂ ਕਰਵਾਏ ਗਏ ਅੰਮ੍ਰਿਤਪਾਨ ਵਿੱਚ 170 ਦੇ ਕਰੀਬ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਸਾਥੀ ਦੀ ਰਿਹਾਈ ਦੀ ਖਬਰ ਮਿਲਦਿਆਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਵਾਲੀ ਗੱਡੀ ਦੇ ਪਿੱਛੇ-ਪਿੱਛੇ ਅੰਮ੍ਰਿਤਪਾਲ ਸਿੰਘ ਦਾ ਵੱਡਾ ਕਾਫਲਾ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਲਈ ਰਵਾਨਾ ਹੋ ਗਿਆ।