ਬੀਕੇਯੂ (ਏਕਤਾ-ਉਗਰਾਹਾਂ) 27 ਨੂੰ ਪੰਜਾਬ ਸਰਕਾਰ ਨੂੰ ਸੌਂਪੇਗੀ ਖੇਤੀ ਨੀਤੀ ਦਾ ਖਰੜਾ

ਬੀਕੇਯੂ (ਏਕਤਾ-ਉਗਰਾਹਾਂ) 27 ਨੂੰ ਪੰਜਾਬ ਸਰਕਾਰ ਨੂੰ ਸੌਂਪੇਗੀ ਖੇਤੀ ਨੀਤੀ ਦਾ ਖਰੜਾ

ਮਾਨਸਾ- ਪੰਜਾਬ ਸਰਕਾਰ ਵੱਲੋਂ ਨਵੀਂ ਖੇਤੀ ਨੀਤੀ ਸਬੰਧੀ ਮੰਗੇ ਗਏ ਸੁਝਾਅ ਦੇ ਮੱਦੇਨਜ਼ਰ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਕਿਸਾਨ ਪੱਖੀ ਖੇਤੀ ਨੀਤੀ ਦਾ ਲਿਖਤੀ ਖਰੜਾ 27 ਫਰਵਰੀ ਨੂੰ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਗਿਆ ਹੈ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਮਕਸਦ ਲਈ ਮੰਤਰੀ ਨਾਲ ਮਿਥੇ ਸਮੇਂ ਅਨੁਸਾਰ ਉਸ ਦਿਨ ਦੁਪਹਿਰ 12 ਵਜੇ ਜਥੇਬੰਦੀ ਦੇ ਸੂਬਾ ਆਗੂਆਂ ਦਾ ਪੰਜ ਮੈਂਬਰੀ ਵਫ਼ਦ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਪੰਜਾਬ ਭਵਨ ਚੰਡੀਗੜ੍ਹ ਵਿਖੇ ਪੁੱਜੇਗਾ। ਇਸ ਵਫ਼ਦ ਵਿੱਚ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ ਅਤੇ ਰੂਪ ਸਿੰਘ ਛੰਨਾਂ ਵੀ ਸ਼ਾਮਲ ਹੋਣਗੇ। ਜਥੇਬੰਦੀ ਵੱਲੋਂ ਨਵੀਂ ਖੇਤੀ ਨੀਤੀ ਦੇ ਤਿੰਨ ਮੁੱਖ ਉਦੇਸ਼ ਮਿਥੇ ਗਏ ਹਨ, ਜਿਨ੍ਹਾਂ ਦੀ ਸੰਖੇਪ ਵਿਆਖਿਆ ਖਰੜੇ ਵਿੱਚ ਦਰਜ ਹੋਵੇਗੀ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਸਰਕਾਰ ਨੂੰ ਪੇਸ਼ ਕੀਤੀ ਗਈ ਇਸ ਨਵੀਂ ਖੇਤੀ ਨੀਤੀ ਉੱਪਰ ਚਰਚਾ ਲਈ ਉਸੇ ਦਿਨ ਇਸ ਮੁੱਦੇ ‘ਤੇ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਬਾਅਦ ਦੁਪਹਿਰ 3 ਵਜੇ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ।