ਨੌਜਵਾਨ ਦੀਆਂ ਉਂਗਲਾਂ ਵੱਢਣ ਦਾ ਮਾਮਲਾ: ਮੁਕਾਬਲੇ ਮਗਰੋਂ ਦੋ ਮੁਲਜ਼ਮ ਕਾਬੂ

ਨੌਜਵਾਨ ਦੀਆਂ ਉਂਗਲਾਂ ਵੱਢਣ ਦਾ ਮਾਮਲਾ: ਮੁਕਾਬਲੇ ਮਗਰੋਂ ਦੋ ਮੁਲਜ਼ਮ ਕਾਬੂ

ਗੋਲੀ ਲੱਗਣ ਕਾਰਨ ਦੋਵੇਂ ਮੁਲਜ਼ਮ ਜ਼ਖ਼ਮੀ; ਐਸਐਸਪੀ ਡਾ. ਸੰਦੀਪ ਗਰਗ ਨੇ ਕੀਤੀ ਗ੍ਰਿਫ਼ਤਾਰੀ ਦੀ ਪੁਸ਼ਟੀ
ਐਸ.ਏ.ਐਸ. ਨਗਰ (ਮੁਹਾਲੀ)- ਇੱਥੋਂ ਦੇ ਨੌਜਵਾਨ ਹਰਦੀਪ ਸਿੰਘ ਉਰਫ਼ ਰਾਜੂ ਨੂੰ ਘਰੋਂ ਅਗਵਾ ਕਰ ਕੇ ਉਸ ਦੇ ਹੱਥ ਦੀਆਂ ਉਂਗਲਾਂ ਵੱਢੇ ਜਾਣ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਨੇ ਦੋ ਮੁਲਜ਼ਮਾਂ ਗੌਰਵ ਸ਼ਰਮਾ ਉਰਫ਼ ਗੋਰੀ ਅਤੇ ਤਰੁਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਦੇਰ ਸ਼ਾਮ ਇਸ ਗੱਲ ਦੀ ਪੁਸ਼ਟੀ ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਸਬੰਧ ਗੈਂਗਸਟਰ ਭੂਪੀ ਰਾਣਾ ਨਾਲ ਦੱਸੇ ਜਾ ਰਹੇ ਹਨ। ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਦੇ ਫੇਜ਼-1 ਥਾਣੇ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਅਪਰਾਧਿਕ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੌਰਵ ਸ਼ਰਮਾ ਮਹੀਨਾ ਕੁ ਪਹਿਲਾਂ ਹੀ ਅੰਬਾਲਾ ਜੇਲ੍ਹ ਤੋਂ ਬਾਹਰ ਆਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨੌਜਵਾਨ ਦੀਆਂ ਉਂਗਲਾਂ ਵੱਢਣ ਦੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਇਸ ਤੋਂ ਬਾਅਦ ਮੁਲਜ਼ਮਾਂ ਦੀ ਪੈੜ ਨੱਪਣ ਮੁਹਾਲੀ ਦੇ ਐਸਪੀ (ਡੀ) ਅਤੇ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ।

ਅੱਜ ਜਿਵੇਂ ਹੀ ਪੁਲੀਸ ਨੂੰ ਮੁਲਜ਼ਮਾਂ ਬਾਰੇ ਭਿਣਕ ਪਈ ਕਿ ਉਹ ਸਵਿਫ਼ਟ ਕਾਰ ਵਿੱਚ ਸਵਾਰ ਹੋ ਕੇ ਕਿਧਰੇ ਜਾ ਰਹੇ ਹਨ ਤਾਂ ਉਕਤ ਟੀਮ ਨੇ ਮੁਲਜ਼ਮਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਸ਼ੰਭੂ ਬੈਰੀਅਰ ਨੇੜੇ ਮੁਲਜ਼ਮਾਂ ਨੇ ਪੁਲੀਸ ਨੂੰ ਦੇਖ ਕੇ ਉਨ੍ਹਾਂ ’ਤੇ ਫਾਇਰਿੰਗ ਕਰ ਦਿੱਤੀ। ਪੁਲੀਸ ਨੇ ਵੀ ਆਪਣੇ ਬਚਾਅ ਵਿੱਚ ਗੋਲੀ ਚਲਾਈ। ਪੁਲੀਸ ਮੁਕਾਬਲੇ ਤੋਂ ਬਾਅਦ ਗੌਰਵ ਸ਼ਰਮਾ ਅਤੇ ਤਰੁਣ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਗੌਰਵ ਸ਼ਰਮਾ ਦੇ ਪੱਟ ਵਿੱਚ ਵੀ ਗੋਲੀ ਲੱਗੀ ਹੈ ਅਤੇ ਤਰੁਣ ਵੀ ਜ਼ਖ਼ਮੀ ਹੋਇਆ ਹੈ। ਦੋਵੇਂ ਮੁਲਜ਼ਮ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਪਿਸਤੌਲ ਅਤੇ ਸਵਿਫ਼ਟ ਕਾਰ ਵੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੋਰੀ ਦੇ ਭਰਾ ਦਾ ਕੁਝ ਸਮਾਂ ਕਤਲ ਹੋ ਗਿਆ ਸੀ ਤੇ ਉਸ ਨੂੰ ਪੀੜਤ ਹਰਦੀਪ ਦੇ ਭਰਾ ’ਤੇ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਸ਼ੱਕ ਸੀ ਜਿਸ ਕਾਰਨ ਮੁਲਜ਼ਮ ਨੇ ਪੀੜਤ ਨੌਜਵਾਨ ਦੇ ਇੱਕ ਹੱਥ ਦੀਆਂ ਚਾਰ ਉਂਗਲਾਂ ਵੱਢ ਦਿੱਤੀਆਂ ਸਨ।