ਜੀ-20 ਮੀਟਿੰਗ: ਰੂਸ ਅਤੇ ਚੀਨ ਦੇ ਇਤਰਾਜ਼ ਕਾਰਨ ਯੂਕਰੇਨ ਜੰਗ ’ਤੇ ਜਾਰੀ ਨਾ ਹੋ ਸਕਿਆ ਸਾਂਝਾ ਬਿਆਨ

ਜੀ-20 ਮੀਟਿੰਗ: ਰੂਸ ਅਤੇ ਚੀਨ ਦੇ ਇਤਰਾਜ਼ ਕਾਰਨ ਯੂਕਰੇਨ ਜੰਗ ’ਤੇ ਜਾਰੀ ਨਾ ਹੋ ਸਕਿਆ ਸਾਂਝਾ ਬਿਆਨ

ਬੰਗਲੂਰੂ- ਵਿਸ਼ਵ ਦੇ 20 ਸਭ ਤੋਂ ਵੱਡੇ ਅਰਥਚਾਰਿਆਂ ਦੇ ਵਿੱਤੀ ਆਗੂਆਂ ਦੀ ਮੀਟਿੰਗ (ਜੀ20) ਅੱਜ ਉਸ ਵੇਲੇ ਸਾਂਝੇ ਬਿਆਨ ਤੋਂ ਬਿਨਾਂ ਖ਼ਤਮ ਹੋ ਗਈ ਹੈ, ਜਦ ਰੂਸ ਤੇ ਚੀਨ ਨੇ ਇਸ ਵਿਚ ਯੂਕਰੇਨ ਦੇ ਕਿਸੇ ਵੀ ਤਰ੍ਹਾਂ ਦੇ ਜ਼ਿਕਰ ਦਾ ਵਿਰੋਧ ਕੀਤਾ। ਵਿੱਤ ਮੰਤਰੀਆਂ ਤੇ ਬੈਂਕ ਗਵਰਨਰਾਂ ਦੀ ਦੋ ਦਿਨਾਂ ਦੀ ਬੈਠਕ ਦੇ ਅੰਤ ਵਿਚ ਇਕ ਦਸਤਾਵੇਜ਼ ਤਿਆਰ ਕੀਤਾ ਗਿਆ ਸੀ। ਇਸ ਵਿਚ ਜੰਗ ਉਤੇ ਦੋ ਪੈਰਾਗ੍ਰਾਫ ਸਨ ਪਰ ਰੂਸ ਤੇ ਚੀਨ ਇਸ ਨੂੰ ਜਾਰੀ ਕਰਨ ਉਤੇ ਸਹਿਮਤ ਨਹੀਂ ਹੋਏ। ਯੂਕਰੇਨ ਜੰਗ ਦਾ ਸਾਲ ਪੂਰਾ ਹੋਣ ’ਤੇ ਅਮਰੀਕਾ ਤੇ ਫਰਾਂਸ ਜਿਹੇ ਦੇਸ਼ ਚਾਹੁੰਦੇ ਸਨ ਕਿ ਮਾਸਕੋ ਦੀ ਨਿਖੇਧੀ ਕੀਤੀ ਜਾਵੇ ਪਰ ਭਾਰਤ ਸ਼ੁਰੂ ਵਿਚ ਹੀ ਮਹਿਸੂਸ ਕਰ ਰਿਹਾ ਸੀ ਕਿ ਜੀ20 ਅਜਿਹੇ ਮੁੱਦੇ ਉਤੇ ਬੋਲਣ ਦਾ ਸਹੀ ਮੰਚ ਨਹੀਂ ਹੈ। ਭਾਰਤ ਇਸ ‘ਭੂ-ਸਿਆਸੀ ਸਥਿਤੀ’ ਲਈ ‘ਸੰਕਟ ਜਾਂ ਚੁਣੌਤੀ’ ਜਿਹੇ ਸ਼ਬਦ ਵਰਤਣਾ ਚਾਹੁੰਦਾ ਸੀ। ਹਾਲਾਂਕਿ ਇਸ ਟਕਰਾਅ ਦੇ ਆਲਮੀ ਆਰਥਿਕਤਾ ਉਤੇ ਪਏ ਅਸਰਾਂ ਨੂੰ ਸ਼ਾਮਲ ਕਰਨ ਉਤੇ ਭਾਰਤ ਸਹਿਮਤ ਹੋ ਗਿਆ। ਰੂਸ ਤੇ ਚੀਨ ਨੇ ਜੀ20 ਜਿਹੇ ਮੰਚ ਨੂੰ ਸਿਆਸੀ ਮੰਤਵ ਲਈ ਵਰਤੇ ਜਾਣ ਦਾ ਵਿਰੋਧ ਕੀਤਾ। ਮੀਟਿੰਗ ਦੇ ਸਾਰ ਵਿਚ ਮਗਰੋਂ ਦਰਜ ਕੀਤਾ ਗਿਆ ਕਿ ਜੀ20 ਮੁਲਕਾਂ ਨੇ ਯੂਕਰੇਨ ਜੰਗ ਬਾਰੇ ਆਪੋ-ਆਪਣੇ ਕੌਮੀ ਰੁਖ਼ ਨੂੰ ‘ਦੁਹਰਾਇਆ’ ਹੈ। ਜ਼ਿਆਦਾਤਰ ਮੈਂਬਰਾਂ ਨੇ ਯੂਕਰੇਨ ਵਿਚ ਜੰਗ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਨੇ ਮਨੁੱਖੀ ਤੇ ਆਰਥਿਕ ਤਬਾਹੀ ਲਿਆਂਦੀ ਹੈ। ਮਹਿੰਗਾਈ ਤੇ ਭੋਜਨ-ਊਰਜਾ ਅਸੁਰੱਖਿਆ ਲਈ ਵੀ ਉਨ੍ਹਾਂ ਜੰਗ ਨੂੰ ਜ਼ਿੰਮੇਵਾਰ ਦੱਸਿਆ। ਮੀਟਿੰਗ ਦੇ ਸਾਰ ਵਿਚ ਕਿਹਾ ਗਿਆ ਹੈ ਕਿ ਜੀ20 ਗਰੁੱਪ ਸੁਰੱਖਿਆ ਨਾਲ ਜੁੜੇ ਮੁੱਦਿਆਂ ਨੂੰ ਸੁਲਝਾਉਣ ਲਈ ਨਹੀਂ ਹੈ। ਹਾਲਾਂਕਿ ਇਸ ਵਿਚ ਕਿਹਾ ਗਿਆ ਕਿ ਸ਼ਾਂਤੀ ਤੇ ਸੁਰੱਖਿਆ ਯਕੀਨੀ ਬਣਾਉਣ ਲਈ ਕੌਮਾਂਤਰੀ ਕਾਨੂੰਨਾਂ ਤੇ ਬਹੁ-ਪਰਤੀ ਢਾਂਚੇ ਨੂੰ ਕਾਇਮ ਰੱਖਣਾ ਜ਼ਰੂਰੀ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਤਾਰਾਮਨ ਨੇ ਕਿਹਾ ਕਿ ਜਿਹੜੇ ਪੈਰਾਗ੍ਰਾਫ ਹਟਾਏ ਗਏ ਹਨ, ਉਹ ਉਹੀ ਹਨ ਜਿਨ੍ਹਾਂ ਉਤੇ ਪਿਛਲੇ ਸਾਲ ਬਾਲੀ ਵਿਚ ਜੀ20 ਸਿਖ਼ਰ ਸੰਮੇਲਨ ਦੌਰਾਨ ਸਹਿਮਤੀ ਬਣੀ ਸੀ। ਪਰ ਰੂਸ ਤੇ ਚੀਨ ਨੂੰ ਇਤਰਾਜ਼ ਹੈ, ਇਸ ਲਈ ਸਾਂਝਾ ਬਿਆਨ ਜਾਰੀ ਨਹੀਂ ਕੀਤਾ ਜਾ ਸਕਦਾ। ਇਸ ਲਈ ਇਸ ਨੂੰ ‘ਚੇਅਰ ਸਮਰੀ’ ਤੇ ‘ਆਊਟਕਮ ਡਾਕੂਮੈਂਟ’ ਵਜੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਚੀਨ ਤੇ ਰੂਸ ਦਾ ਰੁਖ਼ ਸੀ ਕਿ ਵਿੱਤ ਮੰਤਰੀਆਂ ਤੇ ਬੈਂਕਾਂ ਦੇ ਗਵਰਨਰ ਆਰਥਿਕ ਤੇ ਵਿੱਤੀ ਮੁੱਦਿਆਂ ਨਾਲ ਨਜਿੱਠਣ ਲਈ ਹਨ ਨਾ ਕਿ ਭੂ-ਰਾਜਨੀਤਕ ਮੁੱਦਿਆਂ ਲਈ। ਭਾਰਤ ਦੇ ਆਰਥਿਕ ਮਾਮਲਿਆਂ ਬਾਰੇ ਸਕੱਤਰ ਅਜੈ ਸੇਠ ਨੇ ਕਿਹਾ, ‘ਉਨ੍ਹਾਂ ਭਾਸ਼ਾ ਉਤੇ ਇਤਰਾਜ਼ ਨਹੀਂ ਕੀਤਾ ਤੇ ਨਾ ਜੰਗ ਸ਼ਬਦ ਉਤੇ, ਉਹ ਪੈਰਾ ਹਟਾਉਣਾ ਚਾਹੁੰਦੇ ਸਨ ਕਿਉਂਕਿ ਅਜਿਹੀ ਚਰਚਾ ਲਈ ਉਨ੍ਹਾਂ ਨੂੰ ਇਹ ਮੰਚ ਠੀਕ ਨਹੀਂ ਲੱਗਾ। ਪਰ ਬਾਕੀ 18 ਮੁਲਕਾਂ ਨੂੰ ਲੱਗਾ ਕਿ ਜੰਗ ਦੇ ਸੰਸਾਰ ਉਤੇ ਮਾੜੇ ਆਰਥਿਕ ਪ੍ਰਭਾਵ ਪੈ ਰਹੇ ਹਨ।’