ਵਿਦੇਸ਼ ਜਾਣ ਦਾ ਰੁਝਾਨ ਕਰ ਰਿਹੈ ਸਿੱਖਿਆ ਦਾ ਘਾਣ

ਵਿਦੇਸ਼ ਜਾਣ ਦਾ ਰੁਝਾਨ ਕਰ ਰਿਹੈ ਸਿੱਖਿਆ ਦਾ ਘਾਣ

ਬਹਾਦਰ ਸਿੰਘ ਗੋਸਲ

ਅੱਜ-ਕੱਲ੍ਹ ਪੰਜਾਬ ਵਿੱਚ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਜਾਣ ਦੇ ਰੁਝਾਨ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਭਾਵੇਂ ਇਸ ਰੁਝਾਨ ਨੇ ਪੰਜਾਬ ਵਿੱਚ ਵਿਆਪਕ ਅਸਰ ਦਿਖਾਏ ਹਨ ਪਰ ਸਭ ਤੋਂ ਵੱਧ ਅਸਰ ਸਿੱਖਿਆ ਦੇ ਖੇਤਰ ਵਿੱਚ ਨਜ਼ਰ ਆਉਂਦਾ ਹੈ। ਵਿਦੇਸ਼ਾਂ ਵਿੱਚ ਜਾਣ ਦਾ ਚਾਅ ਪੰਜਾਬੀ ਮੁੰਡੇ-ਕੁੜੀਆਂ ਵਿੱਚ ਇੰਨਾ ਹੈ ਕਿ ਉਹ ਜ਼ਿੰਦਗੀ ਲਈ ਬਹੁਤ ਹੀ ਅਹਿਮ ਸਿੱਖਿਆ ਨੂੰ ਤਿਰਾਜਲੀ ਦੇਣ ਦੇ ਚੱਕਰ ਵਿੱਚ ਹਨ।

ਪੰਜਾਬ ਦੇ ਪਿੰਡਾਂ ਵਿੱਚ ਇਕ ਗੱਲ ਸਾਫ਼ ਦਿਖਾਈ ਦਿੰਦੀ ਹੈ ਕਿ ਹਰ ਘਰ ’ਚੋਂ ਪੰਜਾਬੀ ਬੱਚੇ ਬਾਹਰ ਜਾਣ ਦੀ ਤਾਂਘ ਵਿੱਚ ਹਨ। ਉਨ੍ਹਾਂ ਦੇ ਮਾਪੇ ਵੀ ਬੱਚਿਆਂ ਨੂੰ ਬਾਹਰ ਭੇਜਣ ਲਈ ਉਤਾਵਲੇ ਹਨ। ਜਦੋਂ ਮਾਪਿਆਂ ਨਾਲ ਬੱਚਿਆਂ ਦੀ ਪੜ੍ਹਾਈ ਬਾਰੇ ਗੱਲ ਕਰੀਦੀ ਹੈ ਤਾਂ ਉਹ ਇਹੀ ਕਹਿੰਦੇ ਹਨ ਕਿ ਉਨ੍ਹਾਂ ਦੇ ਬੱਚੇ ਨੇ ਤਾਂ ਬਾਹਰ ਹੀ ਜਾਣਾ ਹੈ। ਉਹ ਆਪਣੇ ਬੱਚਿਆਂ ਦੀ ਉੱਚ ਪੜ੍ਹਾਈ ਦੀ ਗੱਲ ਨਹੀਂ ਕਰਦੇ, ਸਗੋਂ ਕਹਿੰਦੇ ਹਨ ਕਿ ਜਦੋਂ ਬਾਹਰ ਹੀ ਜਾਣਾ ਹੈ ਤਾਂ ਬਹੁਤੇ ਪੜ੍ਹਨ ਜਾਂ ਪੜ੍ਹਾਈ ਵਿੱਚ ਵੱਧ ਸਮਾਂ ਲਗਾਉਣ ਦਾ ਕੀ ਲਾਭ ਹੈ। ਉਹ ਇਹ ਦਲੀਲ ਵੀ ਦਿੰਦੇ ਹਨ ਕਿ ਪੜ੍ਹਾਈ ਕਰਨ ਲਈ ਬੱਚਾ ਸਟੱਡੀ ਵੀਜ਼ਾ ਲੈ ਕੇ ਬਾਹਰ ਚਲਾ ਜਾਵੇਗਾ।

ਇਸ ਲਹਿਰ ਲਈ ਬਹੁਤ ਸਾਰੇ ਬੁੱਧੀਜੀਵੀ ਤਾਂ ਸਰਕਾਰਾਂ ਸਿਰ ਠੀਕਰਾ ਭੰਨਦਿਆਂ ਕਹਿੰਦੇ ਹਨ ਕਿ ਜਦੋਂ ਸਰਕਾਰਾਂ ਰੁਜ਼ਗਾਰ ਦੇਣ ਵਿੱਚ ਅਸਫ਼ਲ ਹੋਣ ਤਾਂ ਬੱਚਿਆਂ ਨੂੰ ਰੋਜ਼ੀ-ਰੋਟੀ ਲਈ ਬਾਹਰ ਹੀ ਜਾਣਾ ਪੈਣਾ ਹੈ। ਗਰੀਬ ਕਿਸਾਨ ਜਾਂ ਮਜ਼ਦੂਰ ਪਰਿਵਾਰ ਇਹ ਸੋਚ ਕੇ ਵੀ ਬੱਚਿਆਂ ਨੂੰ ਬਾਹਰ ਭੇਜ ਰਹੇ ਹਨ ਕਿ ਇੱਥੇ ਵਿਹਲੇ ਫਿਰਨ ਨਾਲੋਂ ਉਨ੍ਹਾਂ ਦੇ ਬੱਚੇ ਬਾਹਰ ਚੰਗੀ ਕਮਾਈ ਕਰ ਸਕਣਗੇ। ਕਈਆਂ ਨੂੰ ਡਾਲਰਾਂ ਦੀ ਚਮਕ-ਦਮਕ ਵੀ ਬੱਚੇ ਬਾਹਰ ਭੇਜਣ ਲਈ ਉਕਸਾਉਂਦੀ ਹੈ। ਉਹ ਇਸ ਗੱਲ ਤੋਂ ਸੱਚੇ ਹਨ ਕਿ ਇੱਥੇ ਡਿਗਰੀਆਂ ਪ੍ਰਾਪਤ ਕਰ ਕੇ ਜੇ ਵਿਹਲੇ ਹੀ ਫਿਰਨਾ ਹੈ ਤਾਂ ਬਾਹਰ ਜਾਣਾ ਹੀ ਚੰਗਾ ਹੈ।

ਇਸ ਲਹਿਰ ਦੇ ਵਿਆਪਕ ਅਸਰ ਸਾਹਮਣੇ ਆ ਰਹੇ ਹਨ। ਪਿੰਡਾਂ ਵਿੱਚ ਬੱਚੇ ਬਾਰ੍ਹਵੀਂ ਤੋਂ ਅੱਗੇ ਪੜ੍ਹਨਾ ਪਸੰਦ ਨਹੀਂ ਕਰ ਰਹੇ, ਜਿਸ ਕਰ ਕੇ ਉਹ ਜਲਦੀ ਤੋਂ ਜਲਦੀ ਆਇਲੈਟ ਪਾਸ ਕਰ ਕੇ ਵਿਦੇਸ਼ਾਂ ਵਿੱਚ ਜਾਣ ਨੂੰ ਤਰਜੀਹ ਦੇ ਰਹੇ ਹਨ। ਪੰਜਾਬੀ ਮਾਪੇ ਵੀ ਜਾਣ ਗਏ ਹਨ ਕਿ ਬੱਚੇ ਦੇ ਬੀਏ, ਐੱਮਏ ਪਾਸ ਕਰਨ ਦਾ ਕੋਈ ਲਾਭ ਨਹੀਂ ਹੈ, ਸਗੋਂ ਉਸ ਨੂੰ ਆਇਲੈਟ ਕਰਵਾ ਕੇ ਛੇਤੀ ਜਹਾਜ਼ ਚੜ੍ਹਾਇਆ ਜਾਵੇ। ਇਸ ਤਰ੍ਹਾਂ ਬੱਚਿਆਂ ਵਿੱਚ ਕਾਲਜ ਵਿਦਿਆ ਦਾ ਰੁਝਾਨ ਦਿਨ ਪ੍ਰਤੀ ਦਿਨ ਘੱਟਦਾ ਜਾ ਰਿਹਾ ਹੈ। ਸ਼ਹਿਰਾਂ ਵਿੱਚ ਥਾਂ-ਥਾਂ ਆਇਲੈਟ ਕਰਵਾਉਣ ਵਾਲਿਆਂ ਦੇ ਬੋਰਡ ਲੱਗੇ ਹੋਏ ਹਨ, ਜਿਹੜੇ ਕਿ ਚੰਗੀਆਂ ਫੀਸਾਂ ਲੈ ਰਹੇ ਹਨ।

ਬੱਚਿਆਂ ਅਤੇ ਮਾਪਿਆਂ ਨੂੰ ਪਤਾ ਹੈ ਕਿ ਕੇਵਲ ਆਇਲੈਟ ਹੀ ਬਾਹਰ ਜਾਣ ਦਾ ਰਾਹ ਹੈ। ਇਸ ਲਈ ਇੰਗਲਿਸ਼ ਜ਼ਰੂਰੀ ਹੈ। ਇਸ ਤਰ੍ਹਾਂ ਸਕੂਲਾਂ, ਕਾਲਜਾਂ ਵਿੱਚ ਵਿਗਿਆਨ ਪੜ੍ਹਨ ਵਾਲਿਆਂ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ ਹੈ ਤੇ ਇਸ ਦੇ ਉਲਟ ਆਇਲੈਟ ਕਰਵਾਉਣ ਵਾਲੇ ਕੋਚਿੰਗ ਸੈਂਟਰ ਵਿੱਚ ਮੁੰਡੇ-ਕੁੜੀਆਂ ਵੀ ਭੀੜ ਵਧਦੀ ਜਾ ਰਹੀ ਹੈ।

ਵਿਦੇਸ਼ਾਂ ਵਿੱਚ ਜਾਣ ਦੇ ਇਸ ਰੁਝਾਨ ਨਾਲ ਪੰਜਾਬ ਦੇ ਆਰਥਿਕ ਅਤੇ ਸਮਾਜਿਕ ਖੇਤਰ ਉਤੇ ਵੀ ਬੜਾ ਪ੍ਰਭਾਵਸ਼ਾਲੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪਿੰਡਾਂ ਵਿੱਚ ਲੋਕ ਪੰਦਰਾਂ-ਪੰਦਰਾਂ, ਵੀਹ-ਵੀਹ ਲੱਖ ਰੁਪਏ ਲਗਾ ਕੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਨ। ਇਸ ਸਾਰੇ ਪੈਸੇ ਦੀ ਕਮੀ ਪੰਜਾਬ ਨੂੰ ਸਹਿਣ ਕਰਨੀ ਪੈਂਦੀ ਹੈ। ਦੂਜੇ ਪਾਸੇ ਬਹੁਤ ਸਾਰੇ ਗਰੀਬ ਕਿਸਾਨ ਜ਼ਮੀਨ ਵੇਚ ਕੇ ਜਾਂ ਬੈਂਕਾਂ ਤੋਂ ਕਰਜ਼ਾ ਲੈ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਰਹੇ ਹਨ। ਇਸੇ ਤਰ੍ਹਾਂ ਸਮਾਜਿਕ ਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ, ਜਿਨ੍ਹਾਂ ਮੁੰਡਿਆਂ ਪਾਸੋਂ ਆਇਲੈਟ ਪਾਸ ਨਹੀਂ ਹੁੰਦੀ ਜਾਂ ਚੰਗੇ ਬੈਂਡ ਨਹੀਂ ਆਉਂਦੇ ਤਾਂ ਉਹ ਆਇਲੈਟ ਪਾਸ ਕੁੜੀਆਂ ਨਾਲ ਵਿਆਹ ਕਰਵਾ ਕੇ ਬਾਹਰ ਜਾਣ ਲਈ ਕਾਹਲੇ ਪੈ ਜਾਂਦੇ ਹਨ ਅਤੇ ਲੜਕੀ ਵਾਲਿਆਂ ਦੀ ਰਜਾਮੰਦੀ ਨਾਲ ਵਿਆਹ ’ਤੇ ਆਪ ਹੀ ਖਰਚਾ ਕਰਦੇ ਹਨ। ਕਈ ਵਾਰ ਤਾਂ ਦੇਖਣ ਵਿੱਚ ਆਇਆ ਹੈ ਕਿ ਗੈਰ ਸੰਵਿਧਾਨਕ ਵਿਆਹ ਰਚਾ ਕੇ ਬਾਹਰ ਜਾਣ ਦੀ ਕਾਹਲ ਵਿੱਚ ਸਮਾਜ ਦੀ ਵੀ ਪ੍ਰਵਾਹ ਨਹੀਂ ਕਰਦੇ। ਨੌਜਵਾਨ ਪੀੜੀ ਤੋਂ ਹੁਣ ਪੰਜਾਬ ਦੇ ਪਿੰਡ ਸੱਖਣੇ ਨਜ਼ਰ ਆ ਰਹੇ ਹਨ। ਉਂਝ ਵੀ ਪਿੰਡਾਂ ਵਿੱਚ ਜੇ ਅਸੀਂ ਨਜ਼ਰ ਮਾਰੀਏ ਤਾਂ ਵੱਡੀਆਂ-ਵੱਡੀਆਂ ਕੋਠੀਆਂ ਖਾਲੀ ਪਈਆਂ ਹਨ ਅਤੇ ਉਨ੍ਹਾਂ ਦੇ ਮਾਲਕ ਵਿਦੇਸ਼ਾਂ ਵਿੱਚ ਰਹਿ ਰਹੇ ਹਨ। ਕਈ ਹਾਲਾਤਾਂ ਵਿੱਚ ਤਾਂ ਕੇਵਲ ਬਜ਼ੁਰਗ ਲੋਕ ਹੀ ਪਿੰਡਾਂ ਵਿੱਚ ਰਹਿੰਦੇ ਹਨ, ਜਿਨ੍ਹਾਂ ਦਾ ਬੁਢਾਪਾ ਕੁੱਝ ਦਰਦ ਮਈ ਬਣ ਜਾਂਦਾ ਹੈ। ਬੱਚਿਆਂ ਤੋਂ ਬਿਨਾਂ ਮਾਪਿਆਂ ਦਾ ਇਕੱਲੇ ਰਹਿਣਾ ਕੋਈ ਸੌਖਾ ਕੰਮ ਨਹੀਂ ਹੈ। ਮੋਹ ਅਤੇ ਸਨੇਹ ਦੀਆਂ ਤੰਦਾਂ ਵੀ ਟੁੱਟਦੀਆਂ ਨਜ਼ਰ ਆਉਂਦੀਆਂ ਹਨ।

ਮੁੜ ਸਿੱਖਿਆ ਦੇ ਖੇਤਰ ਦੀ ਗੱਲ ਕਰਦੇ ਹਾਂ। ਕਿੰਨਾ ਚੰਗਾ ਹੋਵੇ ਜੇ ਨੌਜਵਾਨ ਪੀੜ੍ਹੀ ਆਪਣੇ ਪੰਜਾਬ ਵਿੱਚ ਖੂਬ ਚੰਗੀ ਪੜ੍ਹਾਈ ਕਰ ਕੇ, ਕੋਈ ਚੰਗੀ ਡਿਗਰੀ ਪ੍ਰਾਪਤ ਕਰ ਕੇ ਵਿਦੇਸ਼ਾਂ ਨੂੰ ਜਾਣ ਤਾਂ ਕਿ ਵਿਦੇਸ਼ਾਂ ਵਿੱਚ ਵੀ ਉਨ੍ਹਾਂ ਨੂੰ ਵਧੀਆ ਰੁਜ਼ਗਾਰ ਮਿਲੇ ਅਤੇ ਉਨ੍ਹਾਂ ਦੀ ਜ਼ਿੰਦਗੀ ਚੰਗੀ ਬਣ ਕੇ, ਉਹ ਕਮਾਈ ਵੀ ਚੰਗੀ ਕਰ ਲੈਣ ਪਰ ਜੇ ਬੱਚਿਆਂ ਨੇ ਬਾਹਰ ਜਾ ਕੇ ਮਜ਼ਦੂਰੀ ਹੀ ਕਰਨੀ ਹੈ ਤਾਂ ਮਜ਼ਦੂਰੀ ਤਾਂ ਇੱਥੇ ਵੀ ਬਥੇਰੀ ਹੈ। ਬੱਚਿਆਂ ਨੂੰ ਇਹ ਗੱਲ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਕਿ ਉਹ ਜਿੱਥੇ ਮਰਜ਼ੀ ਰੁਜ਼ਗਾਰ ਲੱਭਣ, ਚੰਗੀ ਸਿੱਖਿਆ ਹੀ ਉਨ੍ਹਾਂ ਦੇ ਕੰਮ ਆਵੇਗੀ।

ਪਰ ਗੱਲ ਇੰਨੀ ਵੱਧ ਚੁੱਕੀ ਹੈ ਕਿ ਪੰਜਾਬ ਹੀ ਨਹੀਂ, ਦੂਜੇ ਸੂਬਿਆਂ ਦੇ ਬੱਚੇ ਵੀ ਵਿਦੇਸ਼ਾਂ ਵਿੱਚ ਜਾਣ ਲਈ ਕਾਹਲੇ ਹਨ। ਯੂਪੀ ਦੇ ਤਿਰਾਈ ਇਲਾਕੇ ਵਿੱਚ ਸਿੱਖ ਕਿਸਾਨਾਂ ਦੀ ਗਿਣਤੀ ਬਹੁਤ ਵੱਧ ਹੈ, ਉਥੋਂ ਦੇ ਬੱਚੇ ਵੀ ਆਪਣੀ ਪੜ੍ਹਾਈ ਦੀ ਥਾਂ ਛੇਤੀ ਤੋਂ ਛੇਤੀ ਬਾਹਰ ਜਾਣ ਲਈ ਕਾਹਲੇ ਹਨ।

ਕਈ ਸਿਆਣੇ ਲੋਕ ਇਸ ਗੱਲ ਦੀ ਵੀ ਪੁਸ਼ਟੀ ਕਰਦੇ ਹਨ ਕਿ ਦੇਸ਼ ਵਿੱਚ ਉੱਚ ਵਿਦਿਆ ਬਹੁਤ ਮਹਿੰਗੀ ਹੋ ਚੁੱਕੀ ਹੈ। ਕਾਲਜਾਂ ਦੀਆਂ ਫੀਸਾਂ ਇੰਨੀਆਂ ਹੋ ਚੁੱਕੀਆਂ ਹਨ ਕਿ ਗਰੀਬ ਮਾਪੇ ਆਪਣੇ ਬੱਚਿਆਂ ਨੂੰ ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਨਹੀਂ ਪੜ੍ਹਾ ਸਕਦੇ। ਜੇ ਕੋਈ ਬੱਚਾ, ਪੜ੍ਹਾਈ ਵਿੱਚ ਚੰਗਾ ਹੁਸ਼ਿਆਰ ਹੈ ਅਤੇ ਉਸ ਦੇ ਮਾਪੇ ਵੀ ਉਸ ਨੂੰ ਇੰਜਨੀਅਰ ਜਾਂ ਡਾਕਟਰ ਬਣਾਉਣਾ ਚਾਹੁੰਦੇ ਹਨ ਤਾਂ ਇੱਕ ਡਾਕਟਰ ਅਤੇ ਇੰਜਨੀਅਰ ਬਣਨ ਲਈ ਲੱਖਾਂ ਰੁਪਏ ਲਗਾਉਣ ਦੀ ਉਨ੍ਹਾਂ ਦੀ ਆਰਥਿਕ ਸਥਿਤੀ ਨਹੀਂ ਹੈ ਤਾਂ ਉਹ ਵੀ ਇਹ ਹੀ ਕਹਿ ਦਿੰਦੇ ਹਨ ਕਿ ਜੇ 20-25 ਲੱਖ ਰੁਪਿਆ ਲਗਾ ਕੇ ਬੱਚੇ ਨੂੰ ਡਾਕਟਰੀ ਕਰਵਾਉਣੀ ਹੈ ਤਾਂ ਕਿਉਂ ਨਾ ਉਸ ਨੂੰ ਏਨੇ ਪੈਸੇ ਲਗਾ ਕੇ ਬਾਹਰ ਹੀ ਸੈੱਟ ਕਰਵਾ ਦਿੱਤਾ ਜਾਵੇ। ਇਸ ਨਾਲ ਸਾਡੇ ਬੁੱਧੀਜੀਵੀ ਬੱਚੇ ਵੀ ਪੜ੍ਹਾਈ ਛੱਡ ਬਾਹਰ ਜਾ ਰਹੇ ਹਨ, ਜਿਸ ਨਾਲ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ।

ਗੱਲ ਬਿਲਕੁਲ ਸਾਫ਼ ਹੈ ਕਿ ਪੰਜਾਬ ਦੇ ਸਿੱਖਿਆ ਸ਼ਾਸਤਰੀ ਇਸ ਗੱਲ ਤੋਂ ਬਹੁਤ ਚਿੰਤਤ ਹਨ ਕਿ ਪੰਜਾਬ ਦੀ ਸਿੱਖਿਆ ਦਾ ਕੀ ਬਣੇਗਾ। ਜੇ ਬੱਚੇ ਦਸਵੀਂ, ਬਾਰ੍ਹਵੀਂ ਤੋਂ ਅੱਗੇ ਪੜ੍ਹਨਗੇ ਹੀ ਨਹੀਂ ਤਾਂ ਪੰਜਾਬ ਕਿਸ ਤਰ੍ਹਾਂ ਤਰੱਕੀ ਕਰੇਗਾ। ਵਿਗਿਆਨ ਦਾ ਖੇਤਰ ਕਿਸ ਤਰ੍ਹਾਂ ਦੂਜਿਆਂ ਮੁੁਲਕਾਂ ਦੀ ਬਰਾਬਰੀ ਕਰੇਗਾ। ਇਸ ਲਈ ਸਿੱਖਿਆ ਦੀ ਸੰਭਾਲ ਬਹੁਤ ਜ਼ਰੂਰੀ ਹੈ।