ਚੀਨ ਨਾਲ ਵਪਾਰਕ ਅਸੰਤੁਲਨ ਲਈ ਕਾਰੋਬਾਰੀ ਵੀ ਬਰਾਬਰ ਦੇ ਜ਼ਿੰਮੇਵਾਰ: ਐੱਸ ਜੈਸ਼ੰਕਰ

ਚੀਨ ਨਾਲ ਵਪਾਰਕ ਅਸੰਤੁਲਨ ਲਈ ਕਾਰੋਬਾਰੀ ਵੀ ਬਰਾਬਰ ਦੇ ਜ਼ਿੰਮੇਵਾਰ: ਐੱਸ ਜੈਸ਼ੰਕਰ

ਅਤਿਵਾਦ ਦਾ ਕਾਰੋਬਾਰ ਚਲਾਉਣ ਵਾਲਾ ਕੋਈ ਵੀ ਮੁਲਕ ਖੁਸ਼ਹਾਲ ਨਹੀਂ ਹੋ ਸਕਦਾ: ਵਿਦੇਸ਼ ਮੰਤਰੀ
ਪੁਣੇ-ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪਾਕਿਸਤਾਨ ਦਾ ਸਿੱਧੇ ਤੌਰ ’ਤੇ ਨਾਮ ਨਾ ਲੈਂਦਿਆਂ ਕਿਹਾ ਕਿ ਅਤਿਵਾਦ ਦਾ ਕਾਰੋਬਾਰ ਚਲਾਉਣ ਵਾਲਾ ਕੋਈ ਵੀ ਮੁਲਕ ਆਪਣੀਆਂ ਸਮੱਸਿਆਵਾਂ ਤੋਂ ਬਾਹਰ ਨਹੀਂ ਨਿਕਲ ਸਕਦਾ ਹੈ ਅਤੇ ਖੁਸ਼ਹਾਲ ਨਹੀਂ ਬਣ ਸਕਦਾ ਹੈ। ਮੁਸ਼ਕਲਾਂ ’ਚ ਘਿਰੇ ਪੱਛਮੀ ਗੁਆਂਢੀ ਮੁਲਕ ਦੀ ਭਾਰਤ ਵੱਲੋਂ ਸਹਾਇਤਾ ਕੀਤੇ ਜਾਣ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਜੈਸ਼ੰਕਰ ਨੇ ਕਿਹਾ ਕਿ ਭਾਰਤ-ਪਾਕਿਸਤਾਨ ਸਬੰਧਾਂ ’ਚ ਅਤਿਵਾਦ ਮੂਲ ਮੁੱਦਾ ਹੈ। ਵਿਦੇਸ਼ ਮੰਤਰਾਲੇ ਵੱਲੋਂ ਇਥੇ ਕਰਵਾਏ ਗਏ ਏਸ਼ੀਆ ਆਰਥਿਕ ਸੰਵਾਦ ’ਚ ਉਨ੍ਹਾਂ ਕਿਹਾ ਕਿ ਕੋਈ ਵੀ ਵੱਡਾ ਫ਼ੈਸਲਾ ਲੈਣ ਤੋਂ ਪਹਿਲਾਂ ਉਹ ਜਨ ਭਾਵਨਾ ਨੂੰ ਵੀ ਦੇਖਣਗੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਨਬਜ਼ ਨੂੰ ਮਹਿਸੂਸ ਕਰ ਸਕਦੇ ਹਨ ਅਤੇ ਸਾਰਿਆਂ ਨੂੰ ਇਸ ਦਾ ਜਵਾਬ ਮਿਲ ਗਿਆ ਹੋਵੇਗਾ।

ਵਿਦੇਸ਼ ਮੰਤਰੀ ਨੇ ਕਿਹਾ ਕਿ ਚੀਨ ਨਾਲ ਵਪਾਰਕ ਅਸੰਤੁਲਨ ਦੀ ਜ਼ਿੰਮੇਵਾਰੀ ਕਾਰੋਬਾਰੀਆਂ ’ਤੇ ਵੀ ਨਿਰਭਰ ਕਰਦੀ ਹੈ। ਉਨ੍ਹਾਂ ਭਾਰਤੀ ਕਾਰਪੋਰੇਟਾਂ ਨੂੰ ਵਿਕਾਸ ਨਾ ਕਰਨ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਸਰਕਾਰ ਆਤਮਨਿਰਭਰ ਭਾਰਤ ’ਤੇ ਜ਼ੋਰ ਦੇਣ ਵਰਗੀਆਂ ਨੀਤੀਆਂ ਲਿਆ ਰਹੀ ਹੈ ਪਰ ਵੱਡੇ ਪੱਧਰ ’ਤੇ ਵਿਦੇਸ਼ ’ਚ ਐਕਸਪੋਜ਼ਰ ਨਾਲ ਰਾਸ਼ਟਰੀ ਸੁਰੱਖਿਆ ਖਤਰੇ ਵਿੱਚ ਪੈ ਸਕਦੀ ਹੈ। ਚੀਨ ਨਾਲ ਵਪਾਰਕ ਅਸੰਤੁਲਨ ਕਾਰਨ ਪੈਦਾ ਹੋਈ ਚੁਣੌਤੀ ਨੂੰ ਬਹੁਤ ਗੰਭੀਰ ਅਤੇ ਭਿਆਨਕ ਦੱਸਦਿਆਂ ਉਨ੍ਹਾਂ ਕਿਹਾ ਕਿ ਇੱਥੇ ਜ਼ਿੰਮੇਵਾਰੀ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਇਹ ਕਾਰੋਬਾਰੀਆਂ ਦੀ ਵੀ ਬਣਦੀ ਹੈ। ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਸਮੇਤ ਹੋਰਾਂ ਵੱਲੋਂ ਭਾਰਤ ਨੂੰ ਸੇਵਾਵਾਂ ’ਤੇ ਧਿਆਨ ਕੇਂਦਰਤ ਕਰਨ ਲਈ ਆਖਣ ’ਤੇ ਜੈਸ਼ੰਕਰ ਨੇ ਚਿਤਾਵਨੀ ਦਿੱਤੀ ਕਿ ਜਿਹੜੇ ਲੋਕ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ, ਉਹ ਅਸਲ ਵਿੱਚ ਭਾਰਤ ਦੇ ਰਣਨੀਤਕ ਭਵਿੱਖ ਨੂੰ ਨੁਕਸਾਨ ਪਹੁੰਚਾ ਰਹੇ ਹਨ।

‘ਆਪਣੀ ਸੁਰੱਖਿਆ ਲਈ ਕਿਸੇ ਵੀ ਹੱਦ ਤੱਕ ਜਾ ਸਕਦੈ ਭਾਰਤ’

ਪੁਣੇ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਦਾ ਅਕਸ ਅਜਿਹੇ ਮੁਲਕ ਵਾਲਾ ਬਣ ਗਿਆ ਹੈ ਜੋ ਆਪਣੀ ਸੁਰੱਖਿਆ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਮੁਲਕ ਦੀਆਂ ਆਪਣੀਆਂ ਚੁਣੌਤੀਆਂ ਹਨ ਅਤੇ ਕੌਮੀ ਸੁਰੱਖਿਆ ਤੋਂ ਵਧ ਕੇ ਹੋਰ ਕੋਈ ਵੀ ਚੁਣੌਤੀ ਵੱਡੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਅਜਿਹਾ ਮੁਲਕ ਹੈ ਜਿਸ ਨੂੰ ਨਾ ਤਾਂ ਖੁੱਡੇ ਲਾਇਆ ਜਾ ਸਕਦਾ ਹੈ ਅਤੇ ਨਾ ਹੀ ਕਿਸੇ ਨੂੰ ਲਕਸ਼ਮਣ ਰੇਖਾ ਪਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਸਿੰਬੋਸਿਸ ਇੰਟਰਨੈਸ਼ਨਲ ਯੂਨੀਵਰਸਿਟੀ ਵੱਲੋਂ ਕਰਵਾਏ ਗਏ ‘ਬੁੱਧੀਜੀਵੀਆਂ ਦੇ ਮੇਲੇ’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਪਿਛਲੇ ਕੁਝ ਸਾਲਾਂ ’ਚ ਸਾਨੂੰ ਪੱਛਮੀ ਸਰਹੱਦ ’ਤੇ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਹੈ। ਮੈਨੂੰ ਜਾਪਦਾ ਹੈ ਕਿ ਹੁਣ ਹਾਲਾਤ ਕੁਝ ਵੱਖਰੇ ਹਨ ਅਤੇ ਇਸ ਨਾਲ ਹਰ ਕੋਈ ਸਹਿਮਤ ਹੋਵੇਗਾ। ਸਾਲ 2016 ਅਤੇ 2019 ’ਚ ਕੁਝ ਘਟਨਾਵਾਂ ਵਾਪਰੀਆਂ ਸਨ ਅਤੇ ਉੱਤਰੀ ਸਰਹੱਦ ’ਤੇ ਚੁਣੌਤੀ ਮਿਲ ਰਹੀ ਹੈ।’’ ਯੂਕਰੇਨ ਜੰਗ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਆਜ਼ਾਦੀ ਅਤੇ ਭਰੋਸਗੀ ਦੀ ਭਾਵਨਾ ’ਤੇ ਵੀ ਸਵਾਲ ਖੜ੍ਹੇ ਹੋਏ। ਜੀ-20 ਦੀ ਪ੍ਰਧਾਨਗੀ ਬਾਰੇ ਉਨ੍ਹਾਂ ਕਿਹਾ ਕਿ ਇਹ ਭਾਵੇਂ ਕੁਝ ਹੀ ਮੁਲਕਾਂ ਦਾ ਗੁੱਟ ਹੈ ਪਰ ਦੁਨੀਆ ਦੇ ਹੋਰ ਮੁਲਕਾਂ ਦੇ ਜਾਇਜ਼ ਹਿੱਤਾਂ ਨੂੰ ਉਥੇ ਉਭਾਰਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਆਲਮੀ ਦੱਖਣ ਦੀ ਆਵਾਜ਼ ਬਣ ਕੇ ਉਭਰਿਆ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਡੇਟਾ ਸੁਰੱਖਿਆ ਅਤੇ ਨਿੱਜਤਾ ਡਿਜੀਟਲ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਹਨ ਜਿਨ੍ਹਾਂ ਦਾ ਜੀ-20 ਦੀ ਮੀਟਿੰਗ ਦੌਰਾਨ ਹੱਲ ਕੱਢਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਉਸ ਸਮੇਂ ਹੋ ਰਹੀ ਹੈ ਜਦੋਂ ਦੁਨੀਆ ਨੂੰ ਯੂਕਰੇਨ-ਰੂਸ ਜੰਗ, ਕੋਵਿਡ ਮਹਾਮਾਰੀ ਅਤੇ ਉਸ ਦੇ ਅਸਰ ਕਾਰਨ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।