‘ਸੁਪਰੀਮ ਕੋਰਟ ਦੇ ਦੋ ਹੁਕਮਾਂ ਕਰਕੇ ਮਹਾਰਾਸ਼ਟਰ ’ਚ ਸ਼ਿੰਦੇ ਸਰਕਾਰ ਬਣੀ’

‘ਸੁਪਰੀਮ ਕੋਰਟ ਦੇ ਦੋ ਹੁਕਮਾਂ ਕਰਕੇ ਮਹਾਰਾਸ਼ਟਰ ’ਚ ਸ਼ਿੰਦੇ ਸਰਕਾਰ ਬਣੀ’

ਊਧਵ ਧੜੇ ਨੇ ਸਿਖਰਲੀ ਕੋਰਟ ਦੇ ਪੰਜ ਮੈਂਬਰੀ ਬੈਂਚ ਅੱਗੇ ਕੀਤਾ ਦਾਅਵਾ; ਪਿਛਲੇ ਸਾਲ ਜੂਨ ’ਚ ਦਿੱਤੇ ਦੋ ਹੁਕਮਾਂ ਦਾ ਹਵਾਲਾ ਦਿੱਤਾ
ਨਵੀਂ ਦਿੱਲੀ- ਸ਼ਿਵ ਸੈਨਾ ਦੇ ਊਧਵ ਠਾਕਰੇ ਧੜੇ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਮਹਾਰਾਸ਼ਟਰ ਵਿੱਚ ਏਕਨਾਥ ਸ਼ਿੰਦੇ ਦੀ ਅਗਵਾਈ ਹੇਠ ਨਵੀਂ ਸਰਕਾਰ ਦਾ ਗਠਨ ਸਿਖਰਲੀ ਕੋਰਟ ਦੇ ਉਨ੍ਹਾਂ ਦੋ ਹੁਕਮਾਂ ਦਾ ‘ਸਿੱਧਾ ਤੇ ਪ੍ਰਮਾਣਿਕ ਨਤੀਜਾ’ ਹੈ ਜਿਸ ਨੇ ਸਰਕਾਰ ਦੇ ਦੋ ਅੰਗਾਂ ਨਿਆਂਪਾਲਿਕਾ ਤੇ ਵਿਧਾਨਪਾਲਿਕਾ ਵਿਚਲੇ ‘ਇਕ ਸਮਾਨ ਤੇ ਪਰਸਪਰ ਤਵਾਜ਼ਨ ਨੂੰ ਉਲਟ ਪੁਲਟ ਕਰ ਛੱਡਿਆ ਹੈ’। ਠਾਕਰੇ ਧੜੇ ਵੱਲੋਂ ਪੇਸ਼ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਦੀ ਅਗਵਾਈ ਵਾਲੇ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਨੂੰ ਦੱਸਿਆ ਕਿ ਸਿਖਰਲੀ ਕੋਰਟ ਦੇ 27 ਜੂਨ 2022 ਤੇ 29 ਜੂਨ 2022 ਦੇ ਹੁਕਮਾਂ ਨੇ ਨਾ ਸਿਰਫ਼ ‘ਸਟੇਟਸ ਕੋ’ ਦੀ ਸੁਰੱਖਿਆ ਯਕੀਨੀ ਬਣਾਈ ਬਲਕਿ ਨਵੇਂ ਸਟੇਟਸ ਕੋ ਦੀ ਵੀ ਸਿਰਜਣਾ ਕੀਤੀ। ਸਿੰਘਵੀ ਨੇ ਕਿਹਾ, ‘‘30 ਜੂਨ 2022 ਨੂੰ ਨਵੀਂ ਸਰਕਾਰ ਦਾ ਗਠਨ ਸੁਪਰੀਮ ਕੋਰਟ ਦੇ ਦੋ ਹੁਕਮਾਂ ਦਾ ਸਿੱਧਾ ਤੇ ਪ੍ਰਮਾਣਿਕ ਨਤੀਜਾ ਸੀ। ਇਸ ਕੋਰਟ ਨੇ 27 ਜੂਨ 2022 ਦੇ ਹੁਕਮ ਨਾਲ ਡਿਪਟੀ ਸਪੀਕਰ ਨੂੰ ਬਕਾਇਆ ਅਯੋਗਤਾ ਪਟੀਸ਼ਨਾਂ ਦਾ ਫੈਸਲਾ ਕਰਨ ਦੀ ਆਗਿਆ ਨਾ ਦੇ ਕੇ ਇੱਕ ਨਕਾਰਾਤਮਕ ਹੁਕਮ ਦਿੱਤਾ ਜਦੋਂਕਿ 29 ਜੂਨ, 2022 ਦੇ ਹੁਕਮ ਵਿੱਚ ਸਕਾਰਾਤਮਕ ਆਦੇਸ਼ ਪਾਸ ਕਰਕੇ 30 ਜੂਨ ਨੂੰ ਭਰੋਸੇ ਦੀ ਵੋਟ ਕਰਵਾਉਣ ਦੀ ਆਗਿਆ ਦਿੱਤੀ ਗਈ।’’ ਸਿੰਘਵੀ ਨੇ ਬੈਂਚ, ਜਿਸ ਵਿੱਚ ਜਸਟਿਸ ਐੱਮ.ਆਰ.ਸ਼ਾਹ, ਜਸਟਿਸ ਕ੍ਰਿਸ਼ਨ ਮੁਰਾਰੀ, ਜਸਟਿਸ ਹਿਮਾ ਕੋਹਲੀ ਤੇ ਜਸਟਿਸ ਪੀ.ਐੱਸ.ਨਰਸਿਮ੍ਹਾ ਵੀ ਸ਼ਾਮਲ ਸਨ, ਨੂੰ ਦੱਸਿਆ ਕਿ 29 ਜੂਨ 2022 ਦੇ ਹੁਕਮਾਂ ਨਾਲ ਕੋਰਟ ਨੇ ਸਪੱਸ਼ਟ ਤੌਰ ’ਤੇ ਉਹ ਸਾਰੀਆਂ ਕਾਰਵਾਈਆਂ ਅਤੇ ਭੁੱਲਾਂ ਕੀਤੀਆਂ ਜਿਨ੍ਹਾਂ ਦੀ ਪਾਲਣਾ ਕੀਤੀ ਜਾਣੀ ਸੀ।ਸੁਣਵਾਈ ਦੌਰਾਨ ਸੀਜੇਆਈ ਚੰਦਰਚੂੜ ਨੇ ਸਿੰਘਵੀ ਨੂੰ ਦੱਸਿਆ ਕਿ ਇੱਥੇ ਨਬਾਮ ਰੇਬੀਆ ਕੇਸ ਨੂੰ ਲਾਗੂ ਕਰਕੇ, ਸਪੀਕਰ ਵਿਧਾਇਕਾਂ ਵਿਰੁੱਧ ਅਯੋਗਤਾ ਦੀਆਂ ਪਟੀਸ਼ਨਾਂ ਦਾ ਫੈਸਲਾ ਨਹੀਂ ਕਰ ਸਕਦਾ ਸੀ ਕਿਉਂਕਿ 2016 ਦੇ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਜਿੱਥੇ ਸਪੀਕਰ ਨੂੰ ਹਟਾਉਣ ਦੀ ਤਜਵੀਜ਼ ਬਕਾਇਆ ਹੋਵੇ, ਉਥੇ ਉਹ ਅਯੋਗਤਾ ਬਾਰੇ ਫੈਸਲਾ ਨਹੀਂ ਕਰ ਸਕਦਾ। ਇਸ ’ਤੇ ਸਿੰਘਵੀ ਨੇ ਕਿਹਾ, ‘‘ਜੇਕਰ ਇਹ ਅਦਾਲਤ ਖੁਦ ਅਯੋਗਤਾ ਦੇ ਸਵਾਲ ਦਾ ਫੈਸਲਾ ਨਹੀਂ ਕਰਦੀ ਹੈ, ਤਾਂ ਨਤੀਜਾ ਇਹ ਨਿਕਲੇਗਾ ਕਿ ਪ੍ਰਤੀਵਾਦੀ ਧਿਰ (ਏਕਨਾਥ ਸ਼ਿੰਦੇ ਧੜੇ), ਜਿਨ੍ਹਾਂ ਨੂੰ ਹੁਣ ਚੋਣ ਕਮਿਸ਼ਨ ਤੋਂ ਹੁਕਮ ਮਿਲਿਆ ਹੈ ਕਿ ਉਹ ਸ਼ਿਵ ਸੈਨਾ ਦੇ ਚੋਣ ਨਿਸ਼ਾਨ ਦੇ ਹੱਕਦਾਰ ਹਨ, ਪਟੀਸ਼ਨਰਾਂ ਨੂੰ ਵ੍ਹਿਪ ਜਾਰੀ ਕਰਨ ਦੇ ਯੋਗ ਹੋਵੇਗੀ, ਜਿਸ ਦੀ ਉਲੰਘਣਾ ਦੇ ਨਤੀਜੇ ਵਜੋਂ ਪਟੀਸ਼ਨਰਾਂ ਨੂੰ ਅਯੋਗ ਕਰਾਰ ਦਿੱਤਾ ਜਾਵੇਗਾ।’’ ਸਿੰਘਵੀ ਨੇ ਕਿਹਾ ਕਿ ਅਯੋਗਤਾ ਪਟੀਸ਼ਨਾਂ ਦਾ ਫੈਸਲਾ ਕਰਨ ਦੀ ਇਜਾਜ਼ਤ ਅਜਿਹੇ ਵਿਅਕਤੀ ਨੂੰ ਦੇਣਾ, ਜਿਸ ਨੂੰ ਏਕਨਾਥ ਸ਼ਿੰਦੇ ਧੜੇ ਦੀ ਸਰਗਰਮ ਹਮਾਇਤ ਨਾਲ ਸਪੀਕਰ ਨਿਯੁਕਤ ਕੀਤਾ ਗਿਆ ਹੈ, ਅਤੇ ਜਿਸ ਨੇ ਖ਼ੁਦ ਨੂੰ ਪੱਖਪਾਤੀ ਅਤੇ ਮਾੜੇ ਢੰਗ ਨਾਲ ਪੇਸ਼ ਕੀਤਾ ਹੈ, ਦਲ ਬਦਲੀ ਦੇ ਸੰਵਿਧਾਨਕ ਪਾਪ ਨੂੰ ਉਤਸ਼ਾਹਿਤ ਕਰੇਗਾ, ਅਤੇ ਇਹ ਦਸਵੇਂ ਸ਼ਡਿਊਲ ਪਿਛਲੀ ਭਾਵਨਾ ਤੇ ਆਸੇ ਦੀ ਖਿਲਾਫ਼ਵਰਜ਼ੀ ਹੋਵੇਗੀ।