ਅਸਾਮ ਪੁਲੀਸ ਵੱਲੋਂ ਕਾਂਗਰਸੀ ਆਗੂ ਪਵਨ ਖੇੜਾ ਗ੍ਰਿਫ਼ਤਾਰ; 28 ਤੱਕ ਅੰਤਰਿਮ ਜ਼ਮਾਨਤ ਮਿਲੀ

ਅਸਾਮ ਪੁਲੀਸ ਵੱਲੋਂ ਕਾਂਗਰਸੀ ਆਗੂ ਪਵਨ ਖੇੜਾ ਗ੍ਰਿਫ਼ਤਾਰ; 28 ਤੱਕ ਅੰਤਰਿਮ ਜ਼ਮਾਨਤ ਮਿਲੀ

ਪ੍ਰਧਾਨ ਮੰਤਰੀ ਖਿਲਾਫ਼ ਟਿੱਪਣੀਆਂ ਦਾ ਮਾਮਲਾ
ਨਵੀਂ ਦਿੱਲੀ/ਗੁਹਾਟੀ-ਅਸਾਮ ਪੁਲੀਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਖਿਲਾਫ਼ ਕਥਿਤ ‘ਅਪਮਾਨਜਨਕ’ ਟਿੱਪਣੀਆਂ ਕਰਨ ਦੇ ਦੋਸ਼ ਵਿੱਚ ਅੱਜ ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੂੰ ਗ੍ਰਿਫ਼ਤਾਰ ਕਰ ਲਿਆ। ਦਿੱਲੀ ਪੁਲੀਸ ਦੀ ਮਦਦ ਨਾਲ ਕੀਤੀ ਇਸ ਕਾਰਵਾਈ ਦੌਰਾਨ ਖੇੜਾ ਨੂੰ ਦਿੱਲੀ ਤੋਂ ਰਾਏਪੁਰ ਜਾ ਰਹੀ ਇੰਡੀਗੋ ਦੀ ਉਡਾਣ ਤੋਂ ਹੇਠਾਂ ਉਤਾਰਿਆ ਗਿਆ ਤੇ ਮਗਰੋਂ ਪੁਲੀਸ ਨੇ ਕਾਂਗਰਸ ਆਗੂ ਨੂੰ ਹਿਰਾਸਤ ਵਿੱਚ ਲੈ ਲਿਆ। ਖੇੜਾ ਨਾਲ ਜਹਾਜ਼ ਵਿੱਚ ਮੌਜੂਦ ਕਾਂਗਰਸੀ ਆਗੂਆਂ ਨੇ ਰੋਸ ਵਜੋਂ ਹਵਾਈ ਪੱਟੀ ’ਤੇ ਹੀ ਧਰਨਾ ਦਿੱਤਾ। ਕਾਂਗਰਸ ਨੇ ਫੌਰੀ ਸੁਪਰੀਮ ਕੋਰਟ ਦਾ ਰੁਖ਼ ਕੀਤਾ, ਜਿੱਥੇ ਸਿਖਰਲੀ ਅਦਾਲਤ ਨੇ ਪਵਨ ਖੇੜਾ ਨੂੰ 28 ਫਰਵਰੀ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ, ਜਿਸ ਵਿੱਚ ਜਸਟਿਸ ਐੱਮ.ਆਰ.ਸ਼ਾਹ ਤੇ ਜਸਟਿਸ ਪੀ.ਐੱਸ.ਨਰਸਿਮ੍ਹਾ ਵੀ ਸ਼ਾਮਲ ਸਨ, ਨੇ ਮਸਲੇ ਨੂੰ 27 ਫਰਵਰੀ ਲਈ ਸੂਚੀਬੱਧ ਕਰਦਿਆਂ ਕਿਹਾ, ‘‘ਅੰਤਰਿਮ ਜ਼ਮਾਨਤ ਸਬੰਧੀ ਉਪਰੋਕਤ ਹੁਕਮ ਮੰਗਲਵਾਰ (28 ਫਰਵਰੀ) ਤੱਕ ਅਮਲ ਵਿੱਚ ਰਹਿਣਗੇ। ਇਸ ਦੇ ਨਾਲ ਹੀ ਸਿਖਰਲੀ ਕੋਰਟ ਨੇ ਇਸ ਮਾਮਲੇ ਵਿੱਚ ਅਸਾਮ, ਲਖਨਊ ਤੇ ਵਾਰਾਨਸੀ ਵਿੱਚ ਦਰਜ ਵੱਖ ਵੱਖ ਐੱਫਆਈਆਰ’ਜ਼ ਨੂੰ ਇਕੱਠਿਆਂ ਕਰਨ ਦੀ ਮੰਗ ਕਰਦੀ ਖੇੜਾ ਦੀ ਪਟੀਸ਼ਨ ’ਤੇ ਅਸਾਮ ਤੇ ਯੂਪੀ ਸਰਕਾਰਾਂ ਤੋਂ ਜਵਾਬ ਮੰਗ ਲਿਆ ਹੈ। ਖੇੜਾ ਵੱਲੋਂ ਪੇਸ਼ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਦਲੀਲ ਦਿੱਤੀ ਕਿ ਕਾਂਗਰਸ ਆਗੂ ਨੇ ਪ੍ਰਧਾਨ ਮੰਤਰੀ ਬਾਰੇ ਕੀਤੀਆਂ ਆਪਣੀਆਂ ਟਿੱਪਣੀਆਂ ਲਈ ਉਸੇ ਦਿਨ ਮੁਆਫ਼ੀ ਮੰਗ ਲਈ ਸੀ ਤੇ ਐੱਫਆਈਆਰ ਵਿੱਚ ਕਾਂਗਰਸ ਆਗੂ ਖਿਲਾਫ਼ ਜਿਨ੍ਹਾਂ ਦੋਸ਼ਾਂ ਦਾ ਜ਼ਿਕਰ ਹੈ, ਉਸ ਵਿੱਚ ਗ੍ਰਿਫ਼ਤਾਰੀ ਦੀ ਲੋੜ ਨਹੀਂ ਹੁੰਦੀ। ਸਿੰਘਵੀ ਨੇ ਕਿਹਾ ਕਿ ਉਸ (ਖੇੜਾ) ਖਿਲਾਫ਼ ਵਰਤੇ ਸ਼ਬਦਾਂ ਦੀ ਚੋਣ ਤੇ ਲਾਈਆਂ ਧਾਰਾਵਾਂ ਕਥਿਤ ਅਪਰਾਧਾਂ ਨਾਲ ਮੇਲ ਨਹੀਂ ਖਾਂਦੀਆਂ। ਸਿੰਘਵੀ ਨੇ ਕਿਹਾ, ‘‘ਇਸ ਦਾ ਸਿੱਧੇ ਤੌਰ ’ਤੇ ਬੋਲਣ ਦੀ ਅਜ਼ਾਦੀ ’ਤੇ ਅਸਰ ਪਏਗਾ।’’ ਉਧਰ ਅਸਾਮ ਪੁਲੀਸ ਵੱਲੋਂ ਪੇਸ਼ ਵਧੀਕ ਸੌਲੀਸਿਟਰ ਜਨਰਲ ਐਸ਼ਵਰਿਆ ਭੱਟੀ ਨੇ ਪਵਨ ਖੇੜਾ ਵੱਲੋਂ ਕੀਤੀਆਂ ਕਥਿਤ ਟਿੱਪਣੀਆਂ ਦੀ ਆਡੀਓ-ਵੀਡੀਓ ਕਲਿੱਪ ਖੁੱਲ੍ਹੀ ਕੋਰਟ ਵਿੱਚ ਚਲਾਉਂਦਿਆਂ ਕਿਹਾ ਕਿ ਕਾਂਗਰਸ ਆਗੂ ਜਮਹੂਰੀ ਤਰੀਕੇ ਨਾਲ ਚੁਣੇ ਦੇਸ਼ ਦੇ ਪ੍ਰਧਾਨ ਮੰਤਰੀ ਖਿਲਾਫ਼ ਅਜਿਹੇ ‘ਅਪਮਾਨਜਨਕ ਸ਼ਬਦਾਂ’ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।
ਇਸ ਤੋਂ ਪਹਿਲਾਂ ਅੱਜ ਦਿਨੇਂ ਦਿੱਲੀ ਤੋਂ ਰਾੲੇਪੁਰ ਜਾਣ ਲਈ ਜਹਾਜ਼ ਵਿੱਚ ਸਵਾਰ ਪਵਨ ਖੇੜਾ ਨੂੰ ਅਸਾਮ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਖੇੜਾ ਨੂੰ ਮੁੰਬਈ ਵਿੱਚ 17 ਫਰਵਰੀ ਨੂੰ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਕੀਤੀਆਂ ਕਥਿਤ ਟਿੱਪਣੀਆਂ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਖੇੜਾ ਪਾਰਟੀ ਦੇ ਤਿੰਨ ਰੋਜ਼ਾ ਪਲੈਨਰੀ ਇਜਲਾਸ ਲਈ ਰਾਏਪੁਰ ਜਾ ਰਹੇ ਸਨ। ਦਿੱਲੀ ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਦਿੱਲੀ ਪੁਲੀਸ ਨੇ ਅਸਾਮ ਪੁਲੀਸ ਦੀ ਗੁਜ਼ਾਰਿਸ਼ ’ਤੇ ਖੇੜਾ ਨੂੰ ਹਿਰਾਸਤ ਵਿੱਚ ਲਿਆ ਸੀ। ਅਸੀਂ ਤਾਂ ਸਿਰਫ਼ ਸਹਿਯੋਗ ਦੇ ਰਹੇ ਸੀ। ਗ੍ਰਿਫ਼ਤਾਰੀ ਉਨ੍ਹਾਂ ਵੱਲੋਂ ਕੀਤੀ ਗਈ ਹੈ।’’ ਪ੍ਰਧਾਨ ਮੰਤਰੀ ਖਿਲਾਫ਼ ਕੀਤੀਆਂ ਕਥਿਤ ਟਿੱਪਣੀਆਂ ਲਈ ਖੇੜਾ ਖਿਲਾਫ਼ ਹੈਫਲੌਂਗ ਪੁਲੀਸ ਸਟੇਸ਼ਨ ਵਿੱਚ ਆਈਪੀਸੀ ਦੀਆਂ ਧਾਰਾਵਾਂ 153 ਬੀ, 500 ਤੇ 504 ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੀਮਾ ਹਸਾਓ ਦੇ ਐੱਸਪੀ ਮਯੰਕ ਕੁਮਾਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਸੈਮੁਅਲ ਚੈਂਗਸਾਨ ਦੀ ਸ਼ਿਕਾਇਤ ’ਤੇ ਬੁੱਧਵਾਰ ਨੂੰ ਹੈਫਲੌਂਗ ਪੁਲੀਸ ਸਟੇਸ਼ਨ ਵਿੱਚ ਖੇੜਾ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਐੱਸਪੀ ਨੇ ਕਿਹਾ, ‘‘ਉਸ (ਖੇੜਾ) ਵੱਲੋਂ ਪ੍ਰਧਾਨ ਮੰਤਰੀ ਖਿਲਾਫ਼ ਕੀਤੀਆਂ ਟਿੱਪਣੀਆਂ ਐੱਫਆਈਆਰ ਦਾ ਇਕ ਹਿੱਸਾ ਹਨ। ਕੁਝ ਹੋਰ ਸ਼ਿਕਾਇਤਾਂ ਵੀ ਹਨ। ਕੇਸ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ।’’ ਕੁਮਾਰ ਨੇ ਕਿਹਾ ਕਿ ਧਾਰਾਵਾਂ ਗੈਰ-ਜ਼ਮਾਨਤੀ ਹਨ ਤੇ ਇਕ ਪੁਲੀਸ ਟੀਮ ਕੇਸ ਦੀ ਜਾਂਚ ਲਈ ਪਹਿਲਾਂ ਹੀ ਕੌਮੀ ਰਾਜਧਾਨੀ ਲਈ ਰਵਾਨਾ ਹੋ ਚੁੱਕੀ ਹੈ।

ਕਾਂਗਰਸੀ ਆਗੂ ਨੂੰ ਜਹਾਜ਼ ਤੋਂ ਹੇਠਾਂ ਉਤਾਰਨ ਮਗਰੋਂ ਖੇੜਾ ਨਾਲ ਮੌਜੂਦ ਕਾਂਗਰਸੀ ਆਗੂ ਰੋਸ ਵਜੋਂ ਹਵਾਈ ਪੱਟੀ ’ਤੇ ਹੀ ਬੈਠ ਗਏ ਤੇ ਉਨ੍ਹਾਂ ਬਿਨਾਂ ਕਿਸੇ ਗ੍ਰਿਫ਼ਤਾਰੀ ਵਾਰੰਟ ਦੇ ਖੇੜਾ ਨੂੰ ਲੈ ਕੇ ਜਾਣ ਦਾ ਵਿਰੋਧ ਕੀਤਾ। ਦਿੱਲੀ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਮਗਰੋਂ ਕਾਂਗਰਸੀ ਆਗੂ ਨੂੰ ਦਸਤਾਵੇਜ਼ ਸੌਂਪਿਆ, ਜਿਸ ਵਿੱਚ ਅਸਾਮ ਪੁਲੀਸ ਨੇ ਖੇੜਾ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਮਦਦ ਮੰਗੀ ਸੀ। ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਹਵਾਈ ਅੱਡੇ ਵਿੱਚ ਹੀ ਬਣੇ ਪੁਲੀਸ ਸਟੇਸ਼ਨ ਤੱਕ ਖੇੜਾ ਦੇ ਨਾਲ ਗਏ, ਜਿੱਥੇ ਸੀਆਈਐੱਸਐੱਫ ਦਾ ਵੱਡੀ ਗਿਣਤੀ ਅਮਲਾ ਤਾਇਨਾਤ ਸੀ। ਉਂਜ ਇਸ ਪੂਰੇ ਘਟਨਾਕ੍ਰਮ ਕਰਕੇ ਦਿੱਲੀ-ਰਾਏਪੁਰ ਉਡਾਣ ਵਿਚ ਸਵਾਰ ਮੁਸਾਫ਼ਰਾਂ ਨੂੰ ਖਾਸੀ ਪ੍ਰੇਸ਼ਾਨੀ ਹੋਈ। ਇੰਡੀਗੋ ਸਟਾਫ਼ ਨੇ ਕਿਹਾ ਕਿ ਮੁਸਾਫਰਾਂ ਨੂੰ ਇਕ ਹੋਰ ਉਡਾਣ ਦਾ ਪ੍ਰਬੰਧ ਕਰਕੇ ਰਾਏਪੁਰ ਭੇਜਿਆ ਗਿਆ। ਪਵਨ ਖੇੜਾ ਨਾਲ ਦਿੱਲੀ-ਰਾਏਪੁਰ ਉਡਾਣ ਵਿੱਚ ਮੌਜੂਦ ਕਾਂਗਰਸ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਟਵੀਟ ਕੀਤਾ, ‘‘ਅਸੀਂ ਸਾਰੇ ਇੰਡੀਗੋ ਦੀ 6ਈ ਉਡਾਣ 6ਈ 204 ਵਿੱਚ ਮੌਜੂਦ ਸੀ, ਜਦੋਂ ਚਾਣਚੱਕ ਮੇਰੇ ਸਾਥੀ ਪਵਨ ਖੇੜਾ ਨੂੰ ਜਹਾਜ਼ ਤੋਂ ਉਤਰਨ ਲਈ ਆਖਿਆ ਗਿਆ। ਇਹ ਕਿਸ ਤਰ੍ਹਾਂ ਦੀ ਧੱਕੇਸ਼ਾਹੀ ਹੈ? ਕੀ ਦੇਸ਼ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਹੈ? ਇਹ ਸਭ ਕੁਝ ਕਿਸ ਅਧਾਰ ਤੇ ਕਿਸ ਦੇ ਹੁਕਮਾਂ ’ਤੇ ਕੀਤਾ ਜਾ ਰਿਹੈ?’’ਕਾਬਿਲੇਗੌਰ ਹੈ ਕਿ ਖੇੜਾ ਨੇ ਮੁੰਬਈ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਹਿੰਡਨਬਰਗ ਰਿਸਰਚ ਦੀ ਰਿਪੋਰਟ ਵਿੱਚ ਕਾਰੋਬਾਰੀ ਗੌਤਮ ਅਡਾਨੀ ’ਤੇ ਲੱਗੇ ਧੋਖਾਧੜੀ ਦੇ ਦੋਸ਼ਾਂ ਤੇ ਕਾਰੋਬਾਰੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਥਿਤ ਨੇੜਤਾ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨੂੰ ‘ਨਰੇਂਦਰ ਗੌਤਮਦਾਸ ਮੋਦੀ’ ਕਿਹਾ ਸੀ।

ਕਾਂਗਰਸ ਆਗੂ ਕਾਨੂੰਨ ਤੋਂ ਉਪਰ ਹੋਣ ਦਾ ‘ਵਹਿਮ’ ਨਾ ਪਾਲਣ: ਭਾਜਪਾ

ਨਵੀਂ ਦਿੱਲੀ:
ਤਰਜਮਾਨ ਪਵਨ ਖੇੜਾ ਖਿਲਾਫ਼ ਪੁਲੀਸ ਕਾਰਵਾਈ ਦਾ ਵਿਰੋਧ ਕਰ ਰਹੇ ਕਾਂਗਰਸੀਆਂ ’ਤੇ ਮੋੜਵਾਂ ਵਾਰ ਕਰਦਿਆਂ ਭਾਜਪਾ ਨੇ ਅੱਜ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਇਸ ‘ਵਹਿਮ’ ਵਿੱਚ ਨਹੀਂ ਜਿਊਣਾ ਚਾਹੀਦਾ ਕਿ ਉਹ ਕਾਨੂੰਨ ਤੋਂ ਉਪਰ ਹਨ। ਭਾਜਪਾ ਨੇ ਦਿੱਲੀ ਹਵਾਈ ਅੱਡੇ ਦੀ (ਹਵਾਈ) ਪੱਟੀ ’ਤੇ ਕੀਤੇ ਰੋਸ ਪ੍ਰਦਰਸ਼ਨ ਲਈ ਕਾਂਗਰਸ ਦੀ ਨੁਕਤਾਚੀਨੀ ਕੀਤੀ। ਭਾਜਪਾ ਤਰਜਮਾਨ ਗੌਰਵ ਭਾਟੀਆ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਜੋ ਕੁਝ ਵੀ ਕੀਤਾ ਗਿਆ ਹੈ, ਉਹ ਕਾਨੂੰਨ ਮੁਤਾਬਕ ਹੈ। ਕਾਂਗਰਸੀ ਆਗੂਆਂ ਨੂੰ ਇਹ ਵਹਿਮ ਨਹੀਂ ਪਾਲਣਾ ਚਾਹੀਦਾ ਕਿ ਉਹ ਕਾਨੂੰਨ ਤੋਂ ਉਪਰ ਹਨ।’’ ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਪਰਿਵਾਰਕ ਜੀਆਂ ਖਿਲਾਫ਼ ਅਪਮਾਨਜਨਕ ਸ਼ਬਦ ਵਰਤਣ ਮਗਰੋਂ ਹੁਣ ‘ਪੀੜਤ ਹੋਣ ਦਾ ਕਾਰਡ’ ਖੇਡ ਰਹੀ ਹੈ। ਭਾਜਪਾ ਆਗੂ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੇ ਦਿੱਲੀ ਹਵਾਈ ਅੱਡੇ ਦੀ ਹਵਾਈ ਪੱਟੇ ’ਤੇ ਧਰਨਾ ਪ੍ਰਦਰਸ਼ਨ ਕਰਕੇ ਨਾ ਸਿਰਫ਼ ‘ਕਾਨੂੰਨ ਦੀ ਉਲੰਘਣਾ’ ਕੀਤੀ ਬਲਕਿ ਸਾਥੀ ਮੁਸਾਫ਼ਰਾਂ ਦੀ ਜਾਨ ਨੂੰ ਵੀ ਜੋਖ਼ਮ ਵਿੱਚ ਪਾਇਆ ਹੈ। ਕਾਂਗਰਸ ਦੇ ਰੋਸ ਮੁਜ਼ਾਹਰੇ ਕਰਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਭਾਟੀਆ ਨੇ ਕਿਹਾ, ‘‘ਮੋਦੀ ਕੋਲ ਦੇਸ਼ ਦੇ 140 ਕਰੋੜ ਤੋਂ ਵੱਧ ਲੋਕਾਂ ਦਾ ਅਸ਼ੀਰਵਾਦ ਹੈ ਤੇ ਉਨ੍ਹਾਂ ਨੂੰ ਗਾਲ੍ਹਾਂ ਕੱਢਣਾ ਖੱਡਾ ਪੁੱਟਣ ਵਾਂਗ ਹੈ, ਜਿਸ ਵਿੱਚ ਕਾਂਗਰਸ ਖ਼ੁਦ ਡਿੱਗੇਗੀ।’’ ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਨੂੰ ਸਬਕ ਸਿਖਾਉਣਗੇ।