ਸਰਦਾਰਾਂ ਵਿਚ ‘ਸਿਰਦਾਰ’

ਸਰਦਾਰਾਂ ਵਿਚ ‘ਸਿਰਦਾਰ’

ਸ੍ਰ. ਗੁਰਚਰਨਜੀਤ ਸਿੰਘ ਲਾਂਬਾ

2 ਮਾਰਚ ਭਾਈ ਸਾਹਬਿ ਸਿਰਦਾਰ ਕਪੂਰ ਸਿੰਘ ਦੀ ਜਨਮ ਸ਼ਤਾਬਦੀ ਹੈ। ਸਰਦਾਰਾਂ ਦੀ ਕੌਮ ਦਾ ‘ਸਿਰਦਾਰ’ ਸੀ, ਸਿਰਦਾਰ ਕਪੂਰ ਸਿੰਘ। ਦਾਰ ਦਾ ਲਫ਼ਜ਼ੀ ਅਰਥ ਹੁੰਦਾ ਹੈ ਕਾਇਮ ਰਹਿਣਾ, ਮੌਜੂਦ ਹੋਣਾ। ਜਿਸ ਤਰ੍ਹਾਂ ਇੱਜ਼ਤਦਾਰ, ਵਫ਼ਾਦਾਰ, ਖ਼ੁਦਦਾਰ ਯਾਨਿ ਜਿਸ ਦੀ ਇੱਜ਼ਤ, ਵਫ਼ਾ ਅਤੇ ਖ਼ੁਦੀ ਕਾਇਮ ਹੈ। ਇਸੇ ਤਰ੍ਹਾਂ ਜਿਸ ਦਾ ਸਿਰ ਕਾਇਮ ਹੈ ਉਹ ‘ਸਿਰਦਾਰ’ ਹੈ। ਇਹ ਲਫ਼ਜ਼ ਮੱਕੇ ਦੀ ਗੋਸ਼ਟ ਵਿਚ ਗੁਰੂ ਨਾਨਕ ਸਾਹਿਬ ਲਈ ਵਰਤਿਆ ਗਿਆ। ਉਪਰੰਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਬਾਰੇ ਵੀ ਇਹ ਲਫ਼ਜ਼ ਵਰਤਦਿਆਂ ਬਚਨ ਕੀਤੇ, ਐ ਸੁਬਹਾਨ ਤੂ ਹੀ ਸਿਰਦਾਰਾ। ਬਾਅਦ ਵਿਚ ਸਿੱਖ ਰਹਿਤਨਾਮਿਆਂ ਵਿਚ ਵੀ ਸਾਬਤ ਸੂਰਤ ਸਿੱਖ ਸਰੂਪ ਲਈ ‘ਸਿਰਦਾਰ’ ਅਤੇ ਜਿਸ ਦੇ ਸਿਰ ਤੋਂ ਕੇਸ ਗਾਇਬ ਹੋ ਗਏ ਹਨ ਉਹ ਨੂੰ ‘ਸਿਰਗੁੰਮ’ ਕਿਹਾ ਗਿਆ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦੋਂ ਨਵਾਬ ਸੁਲਤਾਨਪੁਰ ਲੋਧੀ ਦੇ ਦਰਬਾਰ ਵਿਚ ਵਜ਼ੀਰ ਵਲੋਂ ਝੁਕ ਕੇ ਸਲਾਮ ਕਰਨ ਲਈ ਕਿਹਾ ਗਿਆ ਤਾਂ ਹਜ਼ੂਰ ਨੇ ਬੁਲੰਦ ਆਵਾਜ਼ ਵਿਚ ਐਲਾਨ ਕੀਤਾ, ‘ਆਤਮਾ ਬੂਦ ਸਲਾਮ ਮੀਕਰਦ। ਗਰਦਨ ਬੇ ਤਮਾਂ ਬਲੰਦ ਬੁਵਦ’। ਜਿਸ ਇਨਸਾਨਵਿਚ ਲਾਲਚ, ਤਮਾਂ ਜਾਂ ਮੁਥਾਜੀ ਹੋਵੇਗੀ ਉਸਦੀ ਗਰਦਨ ਝੁਕੇਗੀ ਪਰ ਜਿਸ ਨੇ ਆਪਣੇ ਆਪ ਨੂੰ ਇਨ੍ਹਾਂ ਇਨਸਾਨੀ ਕਮਜ਼ੋਰੀਆਂ ਤੋਂ ਬਚਾਅ ਲਿਆ ਹੈ ਉਸਦੀ ਗਰਦਨ ਹਮੇਸ਼ਾ ਬੁਲੰਦ ਰਹੇਗੀ। ਬਸ ਇਹੀ ਰਾਜ਼ ਸੀ ਸਿਰਦਾਰ ਕਪੂਰ ਸਿੰਘ ਦੀ ਖ਼ੁਦਦਾਰੀ ਅਤੇ ਗਰਦਨ ਦੀ ਬੁਲੰਦੀ ਦਾ ਜਿਸ ਨੇ ਕਿਸੇ ਵੀ ਪਾਟੇ ਖਾਨ ਨੂੰ ਸਲਾਮ ਨਹੀਂ ਕੀਤਾ। ਕੁਦਰਤਨ ਵੀ ਇਨਸਾਨ ਅਤੇ ਪਸ਼ੂ ਵਿਚ ਮੁਢਲਾ ਫਰਕ ਇਹ ਹੈ ਕਿ ਪਸ਼ੂ ਦੀ ਗਰਦਨ ਹਮੇਸ਼ਾ ਝੁਕੀ ਹੁੰਦੀ ਹੈ ਤੇ ਇਨਸਾਨ ਦੀ ਬੁਲੰਦ ਅਤੇ ਇਸੇ ਬੁਲੰਦੀ ਨੂੰ ਕਾਇਮ ਰੱਖਣਾ ਹੀ ਇਨਸਾਨੀਅਤ ਹੈ।
ਸਿਰਦਾਰ ਕਪੂਰ ਸਿੰਘ ਨੇ ਆਪਣੇ ਜੀਵਨ ਕਾਲ ਵਿਚ ਇਸ ਬੁਲੰਦੀ ਨੂੰ ਕਾਇਮ ਰੱਖਿਆ। ਫਿਰੰਗੀ ਹਾਕਮਾਂ ਨੇ ਤਾਂ ਕਪੂਰ ਸਿੰਘ ਦੀ ਇਮਾਨਦਾਰੀ, ਲਿਆਕਤ ਅਤੇ ਪ੍ਰਬੰਧਕੀ ਲਿਆਕਤ ਅਤੇ ਗੁਣਾਂ ਦੀ ਕਦਰ ਕਰਦਿਆਂ ਇਨ੍ਹਾਂ ਦੀ ਤਲਖ਼ ਕਲਾਮੀ ਅਤੇ ਅੱਖੜਪੁਣੇ ਨੂੰ ਬਰਦਾਸ਼ਤ ਕੀਤਾ ਪਰ ਸਤਯਮੇਵ ਜਯਤੇ ਦਾ ਗਣਗਾਨ ਕਰਨ ਵਾਲੇ ਬਣੇ ਨਵੇਂ ਹਾਕਮ ਹੁਣ ਇਸ ‘ਸਿਰਦਾਰ’ ਨੂੰ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦੇ ਹਨ। ਖਾਸ ਕਰਕੇ ਉਹ ਹਾਲਾਤ ਵਿਚ ਜਦੋਂ ਫਿਰਕੂ ਆਧਾਰ ’ਤੇ ਦੇਸ਼ ਦੀ ਵੰਡ ਹੋਈ ਹੋਵੇ ਤੇ ਬਦਲੇ ਹਾਲਾਤ ਵਿਚ ਨਿਸ਼ਾਨਾ ਤੀਸਰੇ ਮੁੱਖ ਫਿਰਕੇ ਨਾਲ ਕੀਤੇ ਲਿਖਤੀ ਵਾਇਦੇ ਅਤੇ ਅਹਿਦਨਾਮਿਆਂ ਤੋਂ ਮੁਨਕਰ ਹੋਣਾ ਹੋਵੇ।
ਇਸ ਲਈ ਜਦੋਂ 1966 ਵਿਚ ਲੋਕ ਸਭਾ ਵਿਚ ਸਿਰਦਾਰ ਕਪੂਰ ਸਿੰਘ ਨੇ ਆਪਣੇ ਇਤਿਹਾਸਕ ਭਾਸ਼ਣ ਦਿੱਤਾ ਤਾਂ ਇਸ ਦੇ ਜਵਾਬ ਵਿਚ ਜਦੋਂ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਚੌਧਰੀ ਨੇ ਇਹ ਕਿਹਾ ਕਿ ਹੁਣੇ ਤੁਸੀਂ ਸਿਰਦਾਰ ਕਪੂਰ ਸਿੰਘ ਕੋਲੋਂ ਫਿਰਕਾਪ੍ਰਸਤੀ ਦਾ ਖੁੱਲ੍ਹਾ ਨੰਗਾ ਭਾਸ਼ਣ ਸੁਣ ਰਹੇ ਸੀ ਤਾਂ ਇਨਕਮ ਸਿਰਦਾਰ ਕਪੂਰ ਸਿੰਘ ਨੇ ਖੜ੍ਹੇ ਹੋ ਕੇ ਕਿਹਾ ਕਿ ਹੁਣ ਤਸੀਂ ਮਿ. ਚੌਧਰੀ ਕੋਲੋਂ ਸੈਕੁਲਰਿਜ਼ਮ ਦੇ ਬਲਾਦੇ ਵਿਚ ਢਕਿਆ ਲੁਕਿਆ ਫਿਰਕਾਪ੍ਰਸਤੀ ਦਾ ਭਾਸ਼ਣ ਸੁਣੋਗੇ।
ਸਿਰਦਾਰ ਸਾਹਿਬ ਦੀ ਸਭ ਤੋਂ ਵੱਡੀ ਦੇਣ ਦੇਸ਼ ਦੀ ਵੰਡ ਦੇ ਕਾਰਨਾਂ ਦਾ ਨੀਝ ਲਾ ਕੇ ਕੀਤਾ ਵਿਸ਼ਲੇਸ਼ਣ ਹੈ ਜੋ ਉਨ੍ਹਾਂ ਨੇ ਖ਼ੁਦ ‘ਸਾਚੀ ਸਾਖੀ’ ਵਿਚ ਕਲਮਬੱਧ ਕਰ ਦਿੱਤਾ ਹੈ ਕਿ ‘ਡਾਕਟਰ ਗੰਡਾ ਸਿੰਘ ਜੀ ਤੋਂ ਮੈਂ ਇਸ ਲੇਖ ਵਿਚ ਨਿਰੂਪਣ ਕੀਤੇ ਹੋਏ ਆਪਣੇ ਇਸ ਇਤਿਹਾਸਕ ਵਿਸ਼ਲੇਸ਼ਣ ਦੀ ਪ੍ਰਵਾਨਗੀ ਮੰਗੀ ਸੀ ਕਿ (1) ਸਤ੍ਹਾਰਵੀਂ, ਅਠਾਰ੍ਹਵੀਂ ਸਦੀ ਦਾ ਮੁਗਲ ਸਾਮਰਾਜ ਨਾਲ ਸਿੱਖ ਮੱਤ ਤੇ ਸਿੱਖ ਪੰਥ ਦਾ ਸੰਘਰਸ਼, ਕੋਈ ਐਵੇਂ ਓਪਰੀ ਤੇ ਇਤਫਾਕੀਆ ਘਟਨਾ ਨਹੀਂ ਸੀ, ਸਗੋਂ ਬੁਨਿਆਦੀ ਆਤਮਿਕ ਤੇ ਸਮਾਜਿਕ ਸਿਧਾਂਤਾਂ ਦਾ ਭੇੜ ਸੀ…’ ਅਤੇ (2) ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਘੱਲੂਘਾਰੇ ਇਸਲਾਮ ਦੇ ਝੰਡੇ ਹੇਠ ਸ਼ੇਖ ਮੁਜੱਦਦ ਅਲਫਸਾਨੀ ਸਿਰਹੰਦੀ ਦੀ ਸਿਧਾਂਤਕ ਰੁਚੀਆਂ ਦਾ ‘ਕਮਿਊਨਿਲ ਅਵਾਰਡ’ ਅਤੇ ਪਾਕਿਸਤਾਨ ਦੀ ਸਥਾਪਤੀ ਦੀ ਪਿੱਠ ਉਤੇ ਹਨ। ਇਨ੍ਹਾਂ ਦੋਹਾਂ ਨਤੀਜਿਆਂ ਦੀ ਪੁਸ਼ਟੀ ਅਤੇ ਪ੍ਰਵਾਨਗੀ ਡਾ. ਗੰਡਾ ਸਿੰਘ ਜੀ ਨੇ ਦਿੱਤਾ।
ਦੇਸ਼ ਦੇ ਬਟਵਾਰੇ ਸਮੇਂ ਮੁਸਲਿਮ ਲੀਗ ਦੇ ਕਾਇਦ ਸਿੱਖਾਂ ਨੂੰ ਆਪਣੇ ਨਾਲ ਰੱਖ ਕੇ ਪਾਕਿਸਤਾਨ ਦਾ ਹਿੱਸਾ ਬਣਾਉਣਾ ਚਾਹੁੰਦੇ ਸਨ। ‘ਸਾਚੀ ਸਾਖੀ’ ਦੇ ਪੰਨਾ 97 ’ਤੇ ਸਿਰਦਾਰ ਸਾਹਿਬ ਨੇ ਅੰਕਿਤ ਕੀਤਾ ਹੈ ਕਿ ‘ਮਈ, ਸੰਨ 1947 ਵਿਚ ਮਿਸਟਰ ਜਿਨਾਹ ਲਾਹੌਰ ਆਏ ਤੇ ਮੈਂ ਉਦੋਂ ਲਾਹੌਰ ਹੀ ਸੀ। ਉਹ ਮਾਸਟਰ ਤਾਰਾ ਸਿੰਘ ਨੂੰ ਮਿਲ ਕੇ, ਇਹ ਤਜਵੀਜ਼ ਕਬੂਲ ਕਰਵਾਉਣਾ ਚਾਹੁੰਦੇ ਸਨ।’ ਸਿਰਦਾਰ ਸਾਹਿਬ ਨੇ ਲਿਖਿਆ ਹੈ ਕਿ ‘ਇਹ ਤਜਵੀਜ਼ਾਂ ਮੈਨੂੰ ਚੰਗੀਆਂ ਲੱਗੀਆਂ ਤੇ ਮੇਰੀ ਇਹ ਰਾਏ ਸੀ ਕਿ ਇਸ ਨਾਲ ਸਾਰੇ ਹਿੰਦੁਸਤਾਨ ਦਾ, ਹਿੰਦੂਆਂ ਤੇ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਭੀ ਭਲਾ ਹੋਵੇਗਾ।’ ਪਰ ਮਾਸਟਰ ਜੀ ਨੇ ਬਾਦਲੀਲ ਮੁਸਲਿਮ ਲੀਗ ਦੇ ਅਧੀਨ ਪਾਕਿਸਤਾਨ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ। ਇਹ ਸਿਰਦਾਰ ਕਪੂਰ ਸਿੰਘ ਦੀ ਦੂਰ ਅੰਦੇਸ਼ੀ ਸੀ ਜੋ ਉਨ੍ਹਾਂ ਨੇ ਬੇਬਾਕੀ ਨਾਲ ‘ਸਾਚੀ ਸਾਖੀ’ ਵਿਚ ਅੰਕਤ ਕੀਤੀ ਹੈ, ‘‘ਇਹ ਗੱਲ ਮੇਰੀ ਸਮਝ ਵਿਚ ਆ ਗਈ। ਮਾਰਚ 1947 ਵਿਚ, ਮੁਸਲਮਾਨਾਂ ਨੇ, ਬਿਨਾਂ ਕਾਰਨ, ਸੋਚੀ ਸਮਝੀ ਪਲਾਨ ਅਨੁਸਾਰ, ਹਜ਼ਾਰਾਂ ਸਿੱਖ ਇਸਤ੍ਰੀਆਂ, ਮਰਦ, ਬੱਚੇ ਪੋਠੋਹਾਰ ਦੇ ਇਲਾਕੇ ਵਿਚ, ਬੜੀ ਬੇਦਰਦੀ ਨਾਲ ਮਾਰ ਸੁੱਟੇ ਸਨ। ਇਸ ਕਿਸਮ ਦੇ ਦਰਿੰਦੇ ਸੁਭਾਅ ਵਾਲੇ ਲੋਕਾਂ ਨਾਲ ਝਟ-ਪਟ ਕੋਈ ਸਮਝੌਤਾ ਕਰਨਾ, ਕਠਨ ਸੀ।’’ ਸਿਰਦਾਰ ਕਪੂਰ ਸਿੰਘ ਦੇ ਸ਼ਾਹਨਾਮੇ ‘ਸਾਚੀ ਸਾਖੀ’ ਦੀ ਪਹਿਲੀ ਛਾਪ ਵਿਚ ਉਨ੍ਹਾਂ ਵਲੋਂ ਨਿਰਧਾਰਤ ਕੀਤੇ ਇਸ ਸਿਧਾਂਤ ਦੀ ਪੁਸ਼ਟੀ ਮਾਤਰ ਸੀ ਕਿ ਦੇਸ਼ ਦੀ ਵੰਡ ਦੌਰਾਨ ਪੰਥ ਦਾ ਮੁਸਲਿਮ ਲੀਗ ਨਾਲ ਸਮਝੌਤਾ ਨਾ ਹੋਣ ਪਿਛੇ ਕਾਰਨ ਸਿਧਾਂਤਕ ਸਨ।
ਪਰ ਬਾਅਦ ਦੇ ਬਦਲੇ ਹਾਲਾਤ ਅਤੇ ਖਾਸ ਕਰਕੇ 1984 ਦੇ ਘੱਲੂਘਾਰੇ ਨੇ ਸਿਰਦਾਰ ਕਪੂਰ ਸਿੰਘ ਨੂੰ ਅੰਤਰ ਧੁਰ ਤੱਕ ਝੰਜੋੜ ਦਿੱਤਾ। ਕੌਮੀ ਤੌਰ ’ਤੇ ਮਹਿਸੂਸ ਕੀਤਾ ਗਿਆ, ‘ਕਬਾਬੇ ਸੀਂਕ ਹੈਂ ਹਮ, ਹਰਸੂਂ ਬਦਲਤੇ ਹੈਂ। ਜਲ ਉਠਤਾ ਹੈ ਯਿਹ ਪਹਿਲੂ ਤੋ ਵੁਹ ਪਹਿਲੂ ਬਦਲਤੇ ਹੈਂ।’
ਦੇਸ਼ ਦੀ ਵੰਡ ਅਤੇ ਉਸ ਦੌਰ ਦੇ ਰਾਜਨੀਤਕ ਵਾਤਾਵਰਣ ਦਾ ਸਿਰਦਾਰ ਕਪੂਰ ਸਿੰਘ ਦੀ ਸੋਚ ਤੇ ਵਿਚਾਰਾਂ ’ਤੇ ਮਾਸਟਰ ਤਾਰਾ ਸਿੰਘ ਜੀ ਦੀਆਂ ਲਿਖਤਾਂ ਅਤੇ ਕਿਰਦਾਰ ਦਾ ਇਤਨਾ ਡੂੰਘਾ ਅਸਰ ਪਿਆ ਕਿ ਸਿਰਦਾਰ ਕਪੂਰ ਸਿੰਘ ਨੇ ਬਦਲੇ ਹੋਏ ਹਾਲਾਤ ਦੇ ਬਾਵਜੂਦ ਮਾਸਟਰ ਤਾਰਾ ਸਿੰਘ ਜੀ ਨਾਲ ਇਸ ਨੇੜਤਾ ਨੂੰ ਜਗ ਜਾਹਿਰ ਕੀਤਾ। ਇਸ ਬਾਰੇ ਸਿਰਦਾਰ ਕਪੂਰ ਸਿੰਘ ਨੇ ਤਸਦੀਕ ਕਰਦਿਆਂ ਖ਼ੁਦ ਲਿਖਿਆ, ‘ਨਵੇਂ ਹਾਕਮਾਂ ਦੀਆਂ ਨਜ਼ਰਾਂ ਵਿਚ ਮੈਨੂੰ ਮਾਸਟਰ ਤਾਰਾ ਸਿੰਘ ਦੇ ਵਿਚਾਰਾਂ ਅਤੇ ਦਿ੍ਰੜ੍ਹਤਾ ਦਾ ਸੋਮਾ ਮੰਨਿਆ ਗਿਆ। ਇਸ ਤੋਂ ਬਾਅਦ ਮਾਸਟਰ ਜੀ ਨੇ ਜੋ ਕੁਝ ਵੀ ਕਿਹਾ ਜਾਂ ਕੀਤਾ ਮੈਨੂੰ ਉਸ ਦੇ ਸ੍ਰੋਤ ਦੇ ਰੂਪ ਵਿਚ ਜੋੜਿਆ ਗਿਆ।’ ਬਾਅਦ ਦੀ ਅਕਾਲੀ ਰਾਜਨੀਤੀ ਨੇ ਸਿਰਦਾਰ ਕਪੂਰ ਸਿੰਘ ਅਤੇ ਮਾਸਟਰ ਤਾਰਾ ਸਿੰਘ ਨੂੰ ਜਿਸ ਤਰ੍ਹਾਂ ਪੰਥਕ ਪਿੜ ’ਚੋਂ ਬਾਹਰ ਧੱਕਿਆ ਉਸ ਬਾਰੇ ਸਿਰਦਾਰ ਸਾਹਿਬ ਨੇ ਲਿਖਿਆ, ‘1962 ਵਿਚ ਮਾਸਟਰ ਤਾਰਾ ਸਿੰਘ ਦੀ ਵਜ੍ਹਾ ਕਰਕੇ ਹੀ ਮੈਂ ਪਾਰਲੀਮੈਂਟ ਵਿਚ ਗਿਆ ਅਤੇ ਲੋਕ ਸਭਾ ਦੇ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਲਗਾਤਾਰ ਮਾਸਟਰ ਜੀ ਦੇ ਸੰਪਰਕ ਵਿਚ ਰਿਹਾ। ਸਤੰਬਰ 1966 ਵਿਚ ਮੌਜੂਦਾ ਪੰਜਾਬੀ ਸੂਬੇ ਕੀ ਕਾਇਮੀ ਦੇ ਵਿਰੋਧ ਵਿਚ ਪਾਰਲੀਮੈਂਟ ਵਿਚ ਦਿੱਤਾ ਭਾਸ਼ਣ, ਇਹ ਉਹ ਖਰੜੇ ਦੀ ਪ੍ਰਵਾਨਗੀ ਮਾਸਟਰ ਜੀ ਵਲੋਂ ਮਿਲਣ ਉਪਰੰਤ ਹੀ ਦਿੱਤਾ ਗਿਆ। 1966 ਵਿਚ ਲੁਧਿਆਣਾ ਸਰਬ ਹਿੰਦ ਅਕਾਲੀ ਕਾਨਫਰੰਸ ਵਿਚ ਸਰਬ ਸੰਮਤੀ ਨਾਲ ਪਾਸ ਕੀਤਾ ‘ਸਿੱਖ ਹੋਮਲੈਂਡ’ ਦੀ ਪ੍ਰਾਪਤੀ ਦਾ ਮਤਾ ਮਾਸਟਰ ਤਾਰਾ ਸਿੰਘ ਜੀ ਨਾਲ ਲਗਾਤਾਰ ਦੀਰਘ ਵਿਚਾਰ ਵਟਾਂਦਰੇ ਉਪਰੰਤ ਮੇਰੇ ਵਲੋਂ ਤਿਆਰ ਕੀਤਾ ਗਿਆ। ਜੇ ਮਾਸਟਰ ਤਾਰਾ ਸਿੰਘ ਨੂੰ ਦਰਜਨ ਕੁ ਸਾਲ ਹੋਰ ਜ਼ਿੰਦਗੀ ਦੇ ਬਖਸ਼ੇ ਹੁੰਦੇ ਤਾਂ ਮੈਨੂੰ ਇਸ ਵਿਚ ਰੰਚਕ ਮਾਤਰ ਵੀ ਸ਼ੱਕ ਨਹੀਂ ਹੈ ਕਿ ਮਾਸਟਰ ਜੀ ਨੇ ਸਿੱਖ ਪੰਥ ਨੂੰ ਭਾਰਤ ਦੇ ਵਿਚ ਹੀ ਖੁਦਮੁਖਤਿਆਰ ਕੌਮ ਦੇ ਨਿਸ਼ਾਨੇ ਦੀ ਪੂਰਤੀ ਹਾਸਲ ਕਰਵਾ ਦੇਣੀ ਸੀ।’ ਸਿਰਦਾਰ ਕਪੂਰ ਸਿੰਘ ਮਾਸਟਰ ਜੀ ਦੀ ਸੋਚ ਨਾਲ ਕਿਸ ਕਦਰ ਜੁੜੇ ਸਨ ਇਸ ਦੀ ਗਵਾਹੀ ਉਨ੍ਹਾਂ ਦੀ ਆਪਣੀ ਲਿਖਤ ਦਿੰਦੀ ਹੈ, ‘ਭਵਿੱਖ ਭਾਵੇਂ ਜੋ ਵੀ ਹੋਵੇ ਮੇਰਾ ਇਹ ਦਿ੍ਰੜ੍ਹ ਨਿਸ਼ਚਾ ਹੈ ਕਿ ਜਿਸ ਮਕਸਦ ਲਈ ਮਾਸਟਰ ਜੀ ਅੱਧੀ ਸਦੀ ਤੱਕ ਜੂਝੇ ਇਹੀ ਪੰਥ ਦਾ ਨਿਸ਼ਾਨਾ ਹੈ ਅਤੇ ਆਖਿਰ ਵਿਚ ਇਸ ਦੀ ਜਿੱਤ ਹੋਵੇਗੀ। ਇਸ ਵਿਚ ਹੀ ਪੰਥ ਅਤੇ ਹਿੰਦੁਸਤਾਨੀ ਕੌਮ ਦਾ ਭਲਾ ਹੈ।’ ਇਸ ਮੁਤਾਬਕ ਦੇਸ਼ ਦੀ ਵੰਡ ਅਤੇ ਉਪਰੰਤ ਮਾਸਟਰ ਜੀ ਦੇ ਅਕਾਲ ਚਲਾਣੇ ਤੱਕ ਮਾਸਟਰ ਜੀ ਦੀ ਪੰਥਕ ਸੋਚ ਅਤੇ ਸਿਰਦਾਰ ਕਪੂਰ ਸਿੰਘ ਦੇ ਵਿਚਾਰ ਇਕਸਾਰ ਅਤੇ ਇਕਸੁਰ ਸਨ।
ਕਾਂਗਰਸ ਅਤੇ ਫਿਰਕਾਪ੍ਰਸਤ ਤਾਕਤਾਂ ਵਲੋਂ ਤਾਂ ਸਿਰਦਾਰ ਨੂੰ ਜਿੱਚ ਕਰਨਾ ਸਮਝ ਆਉਦਾ ਹੈ ਪਰ ਸ਼ੋ੍ਰਮਣੀ ਅਕਾਲੀ ਦਲ ਦੇ ਸੁਨਹਿਰੀ ਇਤਿਹਾਸ ਦਾ ਇਹ ਇਕ ਕਾਲਾ ਬਾਬ ਜਾਂ ਆਧਿਆਇ ਹੀ ਕਿਹਾ ਜਾਏਗਾ ਕਿ ਲੋਕ ਸਭਾ ਚੋਣਾਂ ਵਿਚ ਸਿਰਦਾਰ ਕਪੂਰ ਸਿੰਘ ਦੇ ਮੁਕਾਬਲੇ ਅਕਾਲੀ ਦਲ ਦੇ ਪ੍ਰਧਾਨ ‘ਸੰਤ ਬਾਬਾ ਫ਼ਤਹਿ ਸਿੰਘ ਜੀ ’ ਨੇ ਆਪਣੇ ਡਰਾਈਵਰ ਕਿੱਕਰ ਸਿੰਘ ਨੂੰ ਖੜ੍ਹਾ ਕੀਤਾ ਤੇ ਪੰਥ ਨੇ ਆਪਣੀਆਂ ਵੋਟਾਂ ਨਾਲ ਕਪੂਰ ਸਿੰਘ ਨੂੰ ਹਰਾ ਕੇ ਕਿੱਕਰ ਸਿੰਘ ਨੂੰ ਪੰਥ ਦਾ ਨੁਮਾਇੰਦਾ ਬਣਾ ਕੇ ਪਾਰਲੀਮੈਂਟ ਵਿਚ ਭੇਜਿਆ। ਇਸੇ ਦਾ ਨਾਮ ਡੈਕੋਕਰੇਸੀ ਹੈ। ਸੰਤ ਫਤਹਿ ਸਿੰਘ ਵਲੋਂ ਬਾਰ ਬਾਰ ਸੜ ਮਰਨ ਦੇ ਦਾਅਵਿਆਂ ਦਾ ਸਿਰਦਾਰ ਕਪੂਰ ਸਿੰਘ ਨੇ ਇਹ ਕਹਿ ਕੇ ਜਵਾਬ ਦਿੱਤਾ ਕਿ ਇਹ ਸੰਤ ਸੜ ਕੇ ਨਹੀਂ ਮਰੇਗਾ, ਬਲਕਿ ਮਰ ਕੇ ਸੜੇਗਾ।
ਇਸ ਪਿਛੋਕੜ ਵਿਚ ਸਿਰਦਾਰ ਕਪੂਰ ਸਿੰਘ ਦੀ ਉਹ ਲਿਖਤ ਯਾਦ ਆਉਦੀ ਹੈ ਜਦੋਂ ਇਕ ਦਿੱਗਜ ਅਕਾਲੀ ਲੀਡਰ ਨੇ ਕਿਹਾ ਸੀ ਕਿ ਕਪੂਰ ਸਿੰਘ ਨੂੰ ਮਾਸਟਰ ਤਾਰਾ ਸਿੰਘ ਦੇ ਨੇੜੇ ਨਾ ਆਉਣ ਦਿਉ, ਇਹ ਸਿੱਖਾਂ ਦੇ ਜੁੰਡੇ ਪੁਟਵਾ ਕੇ ਛੱਡੇਗਾ। ਅੱਜ ਮੁੜ ਇਹ ਕੁਚੇਸ਼ਟਾ ਜਾਰੀ ਹੈ ਕਿ ਸਿਰਦਾਰ ਕਪੂਰ ਸਿੰਘ ਵਲੋਂ ਮਾਸਟਰ ਤਾਰਾ ਸਿੰਘ ਜੀ ਦੇ ਜੀਵਨ ਕਾਲ ਤੱਕ ਉਨ੍ਹਾਂ ਨਾਲ ਨਿਭਾਈ ਨਿੱਘਤਾ, ਨੇੜਤਾ ਅਤੇ ਪੰਥਕ ਨਿਸ਼ਾਨੇ ਦੀ ਪੂਰਤੀ ਲਈ ਕੀਤੀ ਗਈ ਘਾਲਣਾ ਅਤੇ ਨਿਭਾਏ ਕਿਰਦਾਰ ਨੂੰ ਗੰਧਲਾ ਕਰਨ ਦੀ ਅਤੇ ਇਸ ਵਿਚ ਵਿੱਥ ਪਾਉਣ ਦੀ।
ਗੁਰੂ ਸਾਹਿਬ ਦਾ ਨਿਸ਼ਾਨਾ ਸਿੱਖ ਨੂੰ ਬੁੱਧੀਜੀਵੀ ਨਹੀਂ ਬਲਕਿ ਬੁੱਧੀਮਾਨ ਬਣਾਉਣਾ ਸੀ। ਸਿਰਦਾਰ ਕਪੂਰ ਸਿੰਘ ਇਕ ਧੁਰੰਧਰ ਵਿਦਵਾਨ ਅਤੇ ਅਹਿਮ ਪੰਥਕ ਦਸਤਾਵੇਜ਼ਾਂ ਦਾ ਜਨਮਦਾਤਾ ਅਤੇ ਮਹਾਨ ਫ਼ਿਲਾਸਫ਼ਰ ਹੁੰਦਾ ਹੋਇਆ ਵੀ ਇਕ ਲਾਸਾਨੀ ਬੁੱਧੀਮਾਨ ਸੀ। ਆਉਣ ਵਾਲਾ ਸਮਾਂ ਸ਼ਾਇਦ ਪੰਥ ਦੇ ਐਸੇ ਲਾਸਾਨੀ ਮਹਾਨ ਦਰਵੇਸ਼ ਵਿਦਵਾਨ ਦੀ ਕੀਮਤ ਪਾ ਸਕੇ। ਇਸ ਬੇਮੁਥਾਜ਼ ਦਰਵੇਸ਼ ਨੂੰ ‘ਸੰਤ ਸਿਪਾਹੀ’ ਦਾ ਨਮਨ।