’84 ਸਿੱਖ ਵਿਰੋਧੀ ਦੰਗੇ: ਟਾਈਟਲਰ ਵੱਲੋਂ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਇਰ

’84 ਸਿੱਖ ਵਿਰੋਧੀ ਦੰਗੇ: ਟਾਈਟਲਰ ਵੱਲੋਂ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਇਰ

ਅਦਾਲਤ ਵਿੱਚ ਅਰਜ਼ੀ ਦਾ ਵਿਰੋਧ ਕਰਾਂਗੇ: ਫੂਲਕਾ
ਨਵੀਂ ਦਿੱਲੀ- ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਪੁਲ ਬੰਗਸ਼ ਕਤਲੇਆਮ ਨਾਲ ਸਬੰਧਤ ਕੇਸ ਵਿਚ ਅਗਾਊਂ ਜ਼ਮਾਨਤ ਲਈ ਅੱਜ ਇਥੋਂ ਦੀ ਰਾਊਜ਼ ਐਵੇਨਿਊ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ। ਜੱਜ ਵਿਕਾਸ ਢੱਲ ਨੇ ਇਸ ’ਤੇ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 2 ਅਗਸਤ ਤੱਕ ਜਵਾਬ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਵੱਲੋਂ ਇਸੇ ਦਿਨ ਮਾਮਲੇ ਦੀ ਸੁਣਵਾਈ ਕੀਤੀ ਜਾ ਸਕਦੀ ਹੈ।

ਉਧਰ, ਇਸ ਮਾਮਲੇ ਵਿੱਚ ਪੀੜਤਾਂ ਵੱਲੋਂ ਪੈਰਵੀ ਕਰ ਰਹੇ ਸੀਨੀਅਰ ਵਕੀਲ ਐੱਚ ਐੱਸ ਫੂਲਕਾ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਤਿੰਨ ਕਤਲਾਂ ਨਾਲ ਜੁੜਿਆ ਹੋਇਆ ਹੀ ਨਹੀਂ, ਸਗੋਂ ਨਸਲਕੁਸ਼ੀ ਨਾਲ ਸਬੰਧਤ ਵੀ ਹੈ। ਇਸ ਲਈ ਅਦਾਲਤ ਅੱਗੇ ਉਹ ਜ਼ੋਰਦਾਰ ਤਰੀਕੇ ਨਾਲ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਨਗੇ। ਸੀਬੀਆਈ ਨੇ ਇਸ ਕੇਸ ਵਿੱਚ ਟਾਈਟਲਰ ਖ਼ਿਲਾਫ਼ 20 ਮਈ ਨੂੰ ਚਾਰਜਸ਼ੀਟ ਦਾਖ਼ਲ ਕੀਤੀ ਸੀ। ਅਦਾਲਤ ਨੇ 26 ਜੁਲਾਈ ਨੂੰ ਇਸ ਮਾਮਲੇ ਵਿੱਚ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਟਾਈਟਲਰ ਨੂੰ 5 ਅਗਸਤ ਨੂੰ ਤਲਬ ਕੀਤਾ ਸੀ।

ਜ਼ਿਕਰਯੋਗ ਹੈ ਕਿ ਅਦਾਲਤ ਵਿੱਚ ਦਾਇਰ ਆਪਣੀ ਚਾਰਜਸ਼ੀਟ ਵਿੱਚ ਸੀਬੀਆਈ ਨੇ ਦੋਸ਼ ਲਾਇਆ ਕਿ ਟਾਈਟਲਰ ਨੇ ਪਹਿਲੀ ਨਵੰਬਰ 1984 ਨੂੰ ਆਜ਼ਾਦ ਮਾਰਕੀਟ ਦੇ ਪੁਲ ਬੰਗਸ਼ ਗੁਰਦੁਆਰੇ ਵਿੱਚ ਇਕੱਠੀ ਹੋਈ ਭੀੜ ਨੂੰ ਉਕਸਾਇਆ ਤੇ ਭੜਕਾਇਆ ਸੀ ਜਿਸ ਕਾਰਨ ਇਹ ਘਟਨਾ ਵਾਪਰੀ ਅਤੇ ਤਿੰਨ ਸਿੱਖ ਠਾਕੁਰ ਸਿੰਘ, ਬਾਦਲ ਸਿੰਘ ਤੇ ਗੁਰੂ ਚਰਨ ਸਿੰਘ ਦਾ ਕਤਲ ਕਰ ਦਿੱਤਾ ਗਿਆ।