70 ਸਾਲਾਂ ਤੋਂ ਸੱਤਾ ‘ਤੇ ਕਾਬਜ਼ ਰਹੀ ਕਾਂਗਰਸ ਨੇ ਗਰੀਬਾਂ ਲਈ ਕੁਝ ਨਹੀਂ ਕੀਤਾ-ਅਮਿਤ ਸ਼ਾਹ

70 ਸਾਲਾਂ ਤੋਂ ਸੱਤਾ ‘ਤੇ ਕਾਬਜ਼ ਰਹੀ ਕਾਂਗਰਸ ਨੇ ਗਰੀਬਾਂ ਲਈ ਕੁਝ ਨਹੀਂ ਕੀਤਾ-ਅਮਿਤ ਸ਼ਾਹ

ਕਿਹਾ, ਦੇਸ਼ ਭਰ ‘ਚ ‘ਗਰੀਬਾਂ ਦੇ ਮਸੀਹਾ’ ਵਜੋਂ ਜਾਣੇ ਜਾਂਦੇ ਹਨ ਮੋਦੀ, ਮੱਧ ਪ੍ਰਦੇਸ਼ ‘ਚ ਚੋਣ ਪ੍ਰਚਾਰ ਦਾ ਆਗਾਜ਼
ਇੰਦੌਰ-ਮੱਧ ਪ੍ਰਦੇਸ਼ ‘ਚ ਚੋਣ ਪ੍ਰਚਾਰ ਦਾ ਆਗਾਜ਼ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ 70 ਸਾਲਾਂ ਤੋਂ ਸੱਤਾ ‘ਚ ਰਹੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਦੇ ਗਰੀਬ ਲੋਕਾਂ ਲਈ ਕੁਝ ਨਹੀਂ ਕੀਤਾ | ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ‘ਚ ਭਾਜਪਾ ਵਰਕਰਾਂ ਦੇ ਵਿਜੇ ਸੰਕਲਪ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਰੀਬ ਲੋਕਾਂ ਲਈ ਕੀਤੇ ਗਏ ਕਲਿਆਣਕਾਰੀ ਕੰਮਾਂ ਕਾਰਨ ਦੇਸ਼ ਭਰ ‘ਚ ‘ਗਰੀਬਾਂ ਦੇ ਮਸੀਹਾ’ ਵਜੋਂ ਜਾਣੇ ਜਾਂਦੇ ਹਨ | ਮੱਧ ਪ੍ਰਦੇਸ਼ ‘ਚ ਇਸ ਸਾਲ ਦੇ ਅੰਤ ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ | ਉਨ੍ਹਾਂ ਭਾਜਪਾ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਰਿੰਦਰ ਮੋਦੀ ਨੂੰ ਮੁੜ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਮੱਧ ਪ੍ਰਦੇਸ਼ ਦੀਆਂ ਸਾਰੀਆਂ 29 ਲੋਕ ਸਭਾ ਸੀਟਾਂ ‘ਤੇ ਪਾਰਟੀ ਦੀ ਜਿੱਤ ਯਕੀਨੀ ਬਣਾਉਣ | 2019 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਨੇ ਰਾਜ ‘ਚ 28 ਲੋਕ ਸਭਾ ਸੀਟਾਂ ਜਿੱਤੀਆਂ ਸਨ | ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਪੂਰੇ ਦੇਸ਼ ਦਾ ਦੌਰਾ ਕੀਤਾ, ਪਰ ਮੱਧ ਪ੍ਰਦੇਸ਼ ‘ਚ ਪਾਰਟੀ ਸੰਗਠਨ ਸਭ ਤੋਂ ਵਧੀਆ ਹੈ | ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਲੋਕਾਂ ਨੇ 2014 ‘ਚ ਸੂਬੇ ਦੀਆਂ 27 ਲੋਕ ਸਭਾ ਸੀਟਾਂ ‘ਤੇ ਭਾਜਪਾ ਦੀ ਜਿੱਤ ਯਕੀਨੀ ਬਣਾਈ | ਅਮਿਤ ਸ਼ਾਹ ਨੇ ਕਿਹਾ ਕਿ 2019 ‘ਚ ਮੱਧ ਪ੍ਰਦੇਸ਼ ਦੇ ਲੋਕਾਂ ਨੇ ਸੂਬੇ ਦੀਆਂ 29 ਲੋਕ ਸਭਾ ਸੀਟਾਂ ‘ਚੋਂ 28 ਭਾਜਪਾ ਨੂੰ ਦਿੱਤੀਆਂ | ਉਨ੍ਹਾਂ ਕਿਹਾ ਕਿ 2024 ‘ਚ ਸਾਰੀਆਂ 29 ਸੀਟਾਂ ਮੋਦੀ ਜੀ ਨੂੰ ਜਿਤਾ ਕੇ ਦਿਓ | ਉਨ੍ਹਾਂ ਇਹ ਵੀ ਭਰੋਸਾ ਪ੍ਰਗਟਾਇਆ ਕਿ ਇਸ ਸਾਲ ਨਵੰਬਰ ‘ਚ ਹੋਣ ਵਾਲੀਆਂ ਰਾਜ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਮੱਧ ਪ੍ਰਦੇਸ਼ ‘ਚ ਸੱਤਾ ਨੂੰ ਬਰਕਰਾਰ ਰੱਖੇਗੀ | ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਨੇ 70 ਸਾਲਾਂ ਤੱਕ ਧਾਰਾ 370 ਨੂੰ (ਜੰਮੂ-ਕਸ਼ਮੀਰ ‘ਚ) ਆਪਣੇ ਬੱਚੇ ਵਾਂਗ ਪਾਲਿਆ | ਉਨ੍ਹਾਂ ਕਿਹਾ ਕਿ 2004 ਤੋਂ 2014 ਤੱਕ ਯੂ.ਪੀ.ਏ. ਸਰਕਾਰ ਦੌਰਾਨ ਪਾਕਿਸਤਾਨੀ ਅੱਤਵਾਦੀ ਭਾਰਤ ‘ਚ ਬੰਬ ਧਮਾਕੇ ਕਰਦੇ ਸਨ, ਪਰ ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਸਰਜੀਕਲ ਸਟ੍ਰਾਈਕ ਨਾਲ ਢੁਕਵਾਂ ਜਵਾਬ ਦਿੱਤਾ | ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦ ਮੋਦੀ ਨੇ 130 ਕਰੋੜ ਲੋਕਾਂ ਨੂੰ ਟੀਕੇ ਦੇ ਕੇ ਭਾਰਤ ਨੂੰ ਕੋਵਿਡ-19 ਮਹਾਂਮਾਰੀ ਤੋਂ ਬਚਾਇਆ |