28 ਸਾਲ 8/8 ਦੀ ਚੱਕੀ ’ਚ ਕੌਮ ਤੇ ਪੰਥ ਦੀ ਮਾਣ ਮਰਿਆਦਾ ਅਤੇ ਚੜ੍ਹਦੀਕਲਾ ਲਈ ਕੱਟੇ ਸਾਨੂੰ ਕੋਈ ਗਿਲਾ ਨਹੀਂ

28 ਸਾਲ 8/8 ਦੀ ਚੱਕੀ ’ਚ ਕੌਮ ਤੇ ਪੰਥ ਦੀ ਮਾਣ ਮਰਿਆਦਾ ਅਤੇ ਚੜ੍ਹਦੀਕਲਾ ਲਈ ਕੱਟੇ ਸਾਨੂੰ ਕੋਈ ਗਿਲਾ ਨਹੀਂ

ਰਿਹਾਅ ਹੋਏ ਬੰਦੀ ਸਿੰਘਾਂ ਦਾ ਅਕਾਲ ਤਖਤ ਵਲੋਂ ਕੌਮੀ ਸਨਮਾਨ
ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਹਮੇਸ਼ਾ ਸੰਘਰਸਸ਼ੀਲ ਸਿੰਘਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਖੜ੍ਹੀ : ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ

ਅੰਮ੍ਰਿਤਸਰ : ਪਿਛਲੇ 28 ਸਾਲਾਂ ਤੋਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਨਜ਼ਰਬੰਦ ਬਾਸ਼ਰਤ ਜ਼ਮਾਨ ’ਤੇ ਰਿਹਾਅ ਹੋਏ ਤਿੰਨ ਬੰਦੀ ਸਿੰਘਾਂ ਇੰਜੀਨੀਅਰ ਭਾਈ ਗੁਰਮੀਤ ਸਿੰਘ ਪਟਿਆਲਾ, ਭਾਈ ਲਖਵਿੰਦਰ ਸਿੰਘ ਲੱਖਾ ਅਤੇ ਭਾਈ ਸ਼ਮਸ਼ੇਰ ਸਿੰਘ ਉਕਸੀ ਜੱਟਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਗਿਆਨੀ ਰਘਬੀਰ ਸਿੰਘ ਨੇ ਸਨਮਾਨ ਕੀਤਾ।
ਇਸ ਮੌਕੇ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਸੰਘਰਸ਼ਸ਼ੀਲ ਸਿੰਘਾਂ ਤੇ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਨ। ਉਨ੍ਹਾਂ ਆਖਿਆ ਕਿ ਜਿਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਵਲੋਂ ਪਿਛਲੇ ਲੰਬੇ ਸਮੇਂ ਤੋਂ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ, ਉਨ੍ਹਾਂ ਵਿਚ ਭਾਈ ਗੁਰਮੀਤ ਸਿੰਘ ਪਟਿਆਲਾ, ਭਾਈ ਲਖਵਿੰਦਰ ਸਿੰਘ ਲੱਖਾ ਅਤੇ ਭਾਈ ਸ਼ਮਸ਼ੇਰ ਸਿੰਘ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਸਿੰਘ ਬਾਸ਼ਰਤ ਜ਼ਮਾਨਤ ’ਤੇ ਰਿਹਾਅ ਹੋਏ ਹਨ ਅਤੇ ਉਹ ਬੰਦੀਛੋੜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅੱਗੇ ਅਰਦਾਸ ਕਰਦੇ ਹਨ ਕਿ ਜਲਦ ਹੀ ਇਨ੍ਹਾਂ ਸਾਰੇ ਬੰਦੀ ਸਿਘੰਾਂ ਨੂੰ ਪੱਕੀ ਰਿਹਾਈ ਵੀ ਮਿਲੇ।
ਇਸ ਮੌਕੇ ਭਾਈ ਗੁਰਮੀਤ ਸਿੰਘ ਪਟਿਆਲਾ, ਭਾਈ ਲਖਵਿੰਦਰ ਸਿੰਘ ਲੱਖਾ ਅਤੇ ਭਾਈ ਸ਼ਮਸ਼ੇਰ ਸਿੰਘ ਉਕਸੀ ਜੱਟਾਂ ਨੇ ਆਖਿਆ ਕਿ ਮੌਜੂਦਾ ਸਮੇਂ ਵਿਚ ਖਾਲਸਾ ਪੰਥ ਦੀ ਆਪਸੀ ਏਕਤਾ ਦੀ ਸਭ ਤੋਂ ਤਰਜੀਹੀ ਲੋੜ ਹੈ। ਪੰਥਕ ਏਕਤਾ ਹੋਵੇ ਤਾਂ ਦੁਨੀਆ ਦੀ ਵੱਡੀ ਤੋਂ ਵੱਡੀ ਤਾਕਤ ਵੀ ਸਾਡੇ ਅੱਗੇ ਝੁਕੇੀ ਅਤੇ ਹਰ ਬਾਹਰੀ ਸਮੱਸਿਆ ਦਾ ਹੱਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿਚ ਦਹਾਕਿਆਂ ਦੀ ਨਜ਼ਰਬੰਦੀ ਵੀ ਉਨ੍ਹਾਂ ਦੀ ਆਤਮਿਕ ਚੜ੍ਹਦੀਕਲਾ ਕਲਾਵਿਚ ਫ਼ਰਕ ਨਹੀਂ ਪਾ ਸਕੀ ਪਰ ਪੰਥ ਦੇ ਬਿਖੜੇ ਹਾਲਾਤ ਨੂੰ ਵੇਖ ਕੇ ਚਿੰਤਾ ਜ਼ਰੂਰ ਪੈਦਾ ਹੋ ਜਾਂਦੀ ਹੈ।
ਉਨ੍ਰਾਂ ਕਿਹਾ ਕਿ ਉਨ੍ਹਾਂ ਨੇ ਜੋ ਕੀਤਾ, ਗੁਰੂ ਦੇ ਹੁਕਮ ਅਨੁਸਾਰ ਕੀਤਾ ਅਤੇ ਉਨ੍ਹਾਂ ਨੂੰ ਕਦੇ ਵੀ ਆਪਣੀ ਨਜ਼ਰਬੰਦੀ ਲਈ ਕਿਸੇ ’ਤੇ ਕੋਈ ਗਿਲਾ ਸ਼ਿਕਵਾ ਨਹੀਂ ਰਿਹਾ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ. ਭਗਵੰਤ ਸਿੰਘ ਧੰਗੇੜਾ, ਨਿੱਜੀ ਸਹਾਇਤਾ ਸ੍ਰ. ਜਸਪਾਲ ਸਿੰਘ ਤੇ ਸ੍ਰ. ਅਜੀਤ ਸਿੰਘ, ਭਗਵਾਨ ਸਿੰਘ ਅਤੇ ਬਾਸ਼ਰਤ ਜ਼ਮਾਨਤ ’ਤੇ ਰਿਹਾਅ ਹੋਏ ਬੰਦੀ ਸਿੰਘਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।