26 ਨੂੰ ਸ਼ਹੀਦੀ ਸਾਕੇ ’ਤੇ ਵਿਸ਼ੇਸ਼-ਭਾਰਤ ਦੀ ਆਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮਣ ਵਾਲੇ ਗਿਆਨੀ ਰਤਨ ਸਿੰਘ ਮੰਡੀ ਕਲਾਂ

26 ਨੂੰ ਸ਼ਹੀਦੀ ਸਾਕੇ ’ਤੇ ਵਿਸ਼ੇਸ਼-ਭਾਰਤ ਦੀ ਆਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮਣ ਵਾਲੇ ਗਿਆਨੀ ਰਤਨ ਸਿੰਘ ਮੰਡੀ ਕਲਾਂ

ਡਾ. ਲਖਵੀਰ ਸਿੰਘ ਨਾਮਧਾਰੀ

ਦੇਸ਼ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਦੀਆਂ ਨੀਂਹ ਦੀਆਂ ਇੱਟਾਂ ਹੁੰਦੀਆਂ ਹਨ। ਜਦੋਂ-ਜਦੋਂ ਵੀ ਦੇਸ਼ ’ਤੇ ਭੀੜਾਂ ਪੈਦੀਆਂ ਹਨ, ਸ਼ਹਾਦਤਾਂ ਦਾ ਵਡਮੁੱਲਾ ਇਤਿਹਾਸ ਕੌਮਾਂ ਦੀ ਅਗਵਾਈ ਕਰਦਾ ਹੈ। ਪੰਜਾਬ ਦੇ ਪਿੰਡਾਂ ਦਾ ਇਤਿਹਾਸ ਕ੍ਰਾਂਤੀਕਾਰੀ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਦੇਸ਼ ਦੀ ਆਜ਼ਾਦੀ ਲਈ ਪਿੰਡ ਮੰਡੀ ਕਲਾਂ ਦੇ ਸ਼ਹੀਦ ਗਿਆਨੀ ਰਤਨ ਸਿੰਘ ਦਾ ਵਡਮੁੱਲਾ ਯੋਗਦਾਨ ਹੈ, ਜਿਨ੍ਹਾਂ ਨੂੰ 26 ਨਵੰਬਰ 1871 ਈ. ਨੂੰ ਉਸ ਦੇ ਦੂਸਰੇ ਸਾਥੀ ਸ਼ਹੀਦ ਰਤਨ ਸਿੰਘ ਨਾਈਵਾਲਾ ਸਮੇਤ ਲੁਧਿਆਣਾ ਸੈਂਟਰਲ ਜੇਲ੍ਹ ਦੇ ਸਾਹਮਣੇ ਫਾਂਸੀਆਂ ’ਤੇ ਲਟਕਾ ਦਿੱਤਾ ਗਿਆ ਸੀ।

ਮੰਡੀ ਕਲਾਂ ਮਾਲਵਾ ਇਲਾਕੇ ਦੇ ਜ਼ਿਲ੍ਹਾ ਬਠਿੰਡਾ ਦਾ ਇਤਿਹਾਸਕ ਪਿੰਡ ਹੈ। ਸ਼ਹੀਦ ਰਤਨ ਸਿੰਘ ਇਸੇ ਪਿੰਡ ਦੇ ਵਸਨੀਕ ਸਨ, ਜਿਨ੍ਹਾਂ ਨੇ ਮੁੱਢਲੀ ਵਿੱਦਿਆ ਪਿੰਡ ਦੀ ਤਾਜੋ ਪੱਤੀ ਵਿੱਚ ਬਣੇ ਡੇਰੇ ’ਚੋਂ ਬਾਬਾ ਆਂਚਲ ਸਿੰਘ ਤੋਂ ਲਈ, ਜਿੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਤੇਜ਼ ਬੁੱਧੀ ਬਾਲਕ ਹੋਣ ਕਰਕੇ ਬਾਬਾ ਆਂਚਲ ਸਿੰਘ ਦੇ ਕਹਿਣ ’ਤੇ ਰਤਨ ਸਿੰਘ ਨੂੰ ਲਾਹੌਰ ਪੜ੍ਹਨ ਭੇਜਿਆ ਗਿਆ। ਇੱਥੇ ਉਹ ਗੁਰਬਾਣੀ ਅਤੇ ਸੰਸਕ੍ਰਿਤ ਦਾ ਅਧਿਐਨ ਕਰ ਕੇ ਉੱਚਕੋਟੀ ਦੇ ਵਿਦਵਾਨ ਬਣੇ ਅਤੇ ਗਿਆਨੀ ਸਿੰਘ ਦੇ ਨਾਂ ਨਾਲ ਪ੍ਰਸਿੱਧ ਹੋਏ। ਗਿਆਨੀ ਰਤਨ ਸਿੰਘ ਦੀ ਪ੍ਰਤਿਸ਼ਠਾ ਪੰਜਾਬ ਵਿੱਚ ਦੂਰ-ਦੂਰ ਤੱਕ ਫੈਲ ਗਈ ਜਿਸ ਦੀ ਚਰਚਾ ਸੁਣ ਕੇ ਗਿਆਨੀ ਰਤਨ ਸਿੰਘ ਨੂੰ ਪਟਿਆਲੇ ਦੇ ਰਾਜ ਘਰਾਣੇ ਵਿੱਚ ਬੁਲਾ ਲਿਆ ਗਿਆ, ਜਿੱਥੇ ਉਨ੍ਹਾਂ ਨੇ ਸ਼ਾਹੀ ਘਰਾਣਿਆਂ ਵਿੱਚ ਗੁਰਬਾਣੀ ਅਤੇ ਗੁਰ ਇਤਿਹਾਸ ਦਾ ਪ੍ਰਚਾਰ ਕੀਤਾ।

ਪਿੰਡ ਮੰਡੀ ਕਲਾਂ ਵਿੱਚ ਬਾਬਾ ਆਂਚਲ ਸਿੰਘ ਦੇ ਦੇਹਾਂਤ ਤੋਂ ਬਾਅਦ ਪਿੰਡ ਵਾਸੀ ਪਟਿਆਲੇ ਰਾਜ ਘਰਾਣੇ ਵਿੱਚ ਗਏ ਅਤੇ ਗਿਆਨੀ ਰਤਨ ਸਿੰਘ ਨੂੰ ਪਟਿਆਲੇ ਤੋਂ ਮੰਡੀ ਕਲਾਂ ਲੈ ਆਏ। ਗਿਆਨੀ ਰਤਨ ਸਿੰਘ ਨੂੰ ਡੇਰੇ ਦਾ ਮਹੰਤ ਥਾਪ ਦਿੱਤਾ ਗਿਆ। ਇਹ ਉਹ ਸਮਾਂ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਬਸਤੀਵਾਦੀ ਅੰਗਰੇਜ਼ ਦਾ ਗੁਲਾਮ ਹੋ ਚੁੱਕਿਆ ਸੀ। ਦੇਸ਼ੀ ਰਾਜੇ-ਮਹਾਰਾਜੇ ਅੰਗਰੇਜ਼ਾਂ ਦੀ ਕਠਪੁਤਲੀ ਬਣ ਗਏ ਸਨ। ਮੰਦਰਾਂ, ਗੁਰਦੁਆਰਿਆਂ ਵਿੱਚ ਵੀ ਅੰਗਰੇਜ਼ਾਂ ਦੇ ਸੋਹਲੇ ਗਾਏ ਜਾਣ ਲੱਗ ਪਏ ਸਨ। ਅੰਗਰੇਜ਼ਾਂ ਨੇ ਭਾਰਤ ਨੂੰ ਅਮੀਰ ਵਿਰਾਸਤ ਤੋਂ ਤੋੜਨ ਲਈ ਇਸਾਈ ਧਰਮ ਦਾ ਪ੍ਰਚਾਰ ਅਰੰਭ ਕਰ ਦਿੱਤਾ ਸੀ। ਅਜਿਹੇ ਅੰਧਕਾਰ ਦੇ ਸਮੇਂ ਵਿੱਚ ਲੋਕਾਂ ਨੂੰ ਗੁਰਸਿੱਖੀ, ਆਪਣੀ ਅਮੀਰ ਵਿਰਾਸਤ ਨਾਲ ਜੋੜਨ ਅਤੇ ਅੰਗਰੇਜ਼ ਤੋਂ ਮੁਕਤੀ ਦਿਵਾਉਣ ਲਈ ਕੂਕਾ ਅੰਦੋਲਨ ਦਾ ਉਥਾਨ ਹੋਇਆ। ਕੂਕਾ ਲਹਿਰ ਦੇ ਬਾਨੀ ਗੁਰੂ ਰਾਮ ਸਿੰਘ ਨੇ ਜਿੱਥੇ ਸਮਾਜ ਸੁਧਾਰ ਲਈ ਕ੍ਰਾਂਤੀਕਾਰੀ ਕਦਮ ਉਠਾਏ ਉੱਥੇ ਉਹ ਦੇਸ਼ ਦੀ ਆਜ਼ਾਦੀ ਲਈ ਨਾ-ਮਿਲਵਰਤਨ ਅਤੇ ਸਵਦੇਸ਼ੀ ਦਾ ਅਜਿਹਾ ਹਥਿਆਰ ਵਰਤਿਆ ਜਿਸ ਨਾਲ ਅੰਗਰੇਜ਼ ਅੰਦਰ ਤੱਕ ਕੰਬ ਗਏ।

ਨਾਮਧਾਰੀ ਲਹਿਰ ਦੀ ਵਧਦੀ ਲੋਕਪ੍ਰਿਅਤਾ ਦੇਖ ਕੇ ਮੰਡੀ ਕਲਾਂ ਦੇ ਗਿਆਨੀ ਰਤਨ ਸਿੰਘ ਭੈਣੀ ਸਾਹਿਬ ਗਏ। ਉਹ ਗੁਰੂ ਰਾਮ ਸਿੰਘ ਜੀ ਵੱਲੋਂ ਗੁਰਸਿੱਖੀ ਪ੍ਰਚਾਰ, ਪ੍ਰਸਾਰ ਅਤੇ ਆਜ਼ਾਦੀ ਦੀ ਪ੍ਰਾਪਤੀ ਲਈ ਆਰੰਭੇ ਸੰਘਰਸ਼ ਕੂਕਾ ਅੰਦੋਲਨ ਵਿੱਚ ਕੁੱਦ ਪਏ। ਗੁਰੂ ਰਾਮ ਸਿੰਘ ਨੇ ਗਿਆਨੀ ਰਤਨ ਸਿੰਘ ਦੀ ਵਿਦਵਤਾ ਨੂੰ ਵੇਖਦਿਆਂ ਉਨ੍ਹਾਂ ਨੂੰ ਕੂਕਾ ਅੰਦੋਲਨ ਦਾ ਸੂਬਾ ਥਾਪ ਦਿੱਤਾ। ਸੂਬਾ ਗਿਆਨੀ ਰਤਨ ਸਿੰਘ ਸਿੱਖੀ ਸਿਧਾਂਤਾਂ ਅਤੇ ਅੰਗਰੇਜ਼ਾਂ ਵਿਰੁੱਧ ਨਾ-ਮਿਲਵਰਤਣ ਦਾ ਪ੍ਰਚਾਰ ਕਰਨ ਵਾਲੇ ਪ੍ਰਮੁੱਖ ਸੂਬਿਆਂ ’ਚ ਸਰਗਰਮ ਹੋ ਕੇ ਨਿੱਤਰੇ। ਨਾਮਧਾਰੀਆਂ ਨੇ ਅੰਗਰੇਜ਼ਾਂ ਦੀਆਂ ਰੇਲਾਂ, ਸਕੂਲਾਂ, ਮਿੱਲਾਂ ਅਤੇ ਅਦਾਲਤਾਂ ਦਾ ਬਾਈਕਾਟ ਕਰ ਦਿੱਤਾ ਸੀ। ਗੁਰੂ ਰਾਮ ਸਿੰਘ ਨੇ ਪੰਜਾਬ ਦੇ ਆਪਸੀ ਝਗੜਿਆਂ ਦੇ ਨਿਪਟਾਰੇ ਲਈ ਗਿਆਨੀ ਰਤਨ ਸਿੰਘ ਨੂੰ ਅਦਾਲਤੀ ਸੂਬੇ ਵਜੋਂ ਪੰਜਾਬ ਦਾ ਜੱਜ ਨਿਯੁਕਤ ਕਰ ਦਿੱਤਾ। ਅੰਗਰੇਜ਼ ਸਰਕਾਰ ਦੀਆਂ ਜਿਆਦਤੀਆਂ ਵਿਰੁੱਧ ਸਖ਼ਤ ਪ੍ਰਚਾਰ ਕਰਨ ਕਰਕੇ ਗਿਆਨੀ ਰਤਨ ਸਿੰਘ ਅੰਗਰੇਜ਼ਾਂ ਦੀਆਂ ਨਜ਼ਰਾਂ ’ਚ ਰੋੜਾਂ ਵਾਂਗ ਰੜਕਣ ਲੱਗੇ।

15 ਜੁਲਾਈ 1871 ਨੂੰ ਰਾਏਕੋਟ ਦੇ ਬੁੱਚੜਖਾਨੇ ’ਤੇ ਹਮਲਾ ਹੋ ਗਿਆ, ਜੋ ਕਿ ਟਾਹਲੀਆਣਾ ਗੁਰਦੁਆਰਾ ਸਾਹਿਬ ਦੇ ਕੋਲ ਅੰਗਰੇਜ਼ਾਂ ਨੇ ਖੁਲ੍ਹਵਾਇਆ ਹੋਇਆ ਸੀ। ਇਸ ਦੋਸ਼ ਵਿੱਚ ਗਵਾਹੀਆਂ ਦੇ ਆਧਾਰ ’ਤੇ ਪਿੱਥੋ ਪਿੰਡ ਦੇ ਨਾਮਧਾਰੀ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਘਟਨਾ ਨਾਲ ਕੋਈ ਸਬੰਧ ਨਾ ਹੋਣ ਦੇ ਬਾਵਜੂਦ ਵੀ ਵਾਅਦਾ ਮੁਆਫ਼ ਗਵਾਹ ਗੁਲਾਬ ਸਿੰਘ ਨੇ ਗਿਆਨੀ ਰਤਨ ਸਿੰਘ ’ਤੇ ਝੂਠਾ ਦੋਸ਼ ਲਾ ਦਿੱਤਾ। ਅੰਗਰੇਜ਼ ਸਰਕਾਰ ਇਹ ਮੌਕਾ ਭਾਲਦੀ ਸੀ ਅਤੇ ਸ਼ਹੀਦ ਗਿਆਨੀ ਰਤਨ ਸਿੰਘ ਅਤੇ ਉਨ੍ਹਾਂ ਦੇ ਸਾਥੀ ਰਤਨ ਸਿੰਘ ਨਾਈਵਾਲਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਰਾਏਕੋਟ ਘਟਨਾ ਨਾਲ ਸਬੰਧਤ ਨਾਮਧਾਰੀ ਸਿੰਘਾਂ ਨੂੰ 27 ਜੁਲਾਈ 1871 ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਅਤੇ ਗਿਆਨੀ ਰਤਨ ਸਿੰਘ ਅਤੇ ਰਤਨ ਸਿੰਘ ਨਾਈਵਾਲਾ ਨੂੰ 20 ਜੁਲਾਈ 1871 ਨੂੰ ਲੁਧਿਆਣਾ ਸੈਂਟਰਲ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਉਨ੍ਹਾਂ ’ਤੇ ਇਹ ਮੁਕੱਦਮਾ ਦਾਇਰ ਕੀਤਾ ਗਿਆ ਕਿ ਉਨ੍ਹਾਂ ਨੇ ਰਾਏਕੋਟ ਦੇ ਬੁੱਚੜਖਾਨੇ ’ਤੇ ਹਮਲਾ ਕਰਨ ਲਈ ਸਿੰਘਾਂ ਨੂੰ ਉਕਸਾਇਆ ਹੈ।

30 ਅਕਤੂਬਰ 1871 ਨੂੰ ਸੈਸ਼ਨ ਜੱਜ ਜੇ ਡਬਲਿਊ ਮੈਕਨਬ ਨੇ ਵਾਅਦਾਮੁਆਫ਼ ਸਰਕਾਰੀ ਗਵਾਹ ਗੁਲਾਬ ਸਿੰਘ, ਦਲ ਸਿੰਘ ਅਤੇ ਹੋਰ ਗਵਾਹੀਆਂ ਦੇ ਆਧਾਰ ’ਤੇ ਗਿਆਨੀ ਰਤਨ ਸਿੰਘ ਅਤੇ ਰਤਨ ਸਿੰਘ ਨਾਈਵਾਲਾ ਦੋਵਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਕੇ ਮਿਸਲ ਚੀਫ਼ ਕੋਰਟ ਨੂੰ ਭੇਜ ਦਿੱਤੀ। ਗਵਾਹੀਆਂ ਅਤੇ ਸਬੂਤਾਂ ਦੇ ਆਧਾਰ ’ਤੇ ਚੀਫ਼ ਕੋਰਟ ਦੇ ਜੱਜ ਸੀ. ਬੋਲੀਨੋਸ ਨੇ ਲਿਖਿਆ, ‘‘ਮੈਂ ਮਹਿਸੂਸ ਕਰਦਾ ਹਾਂ ਕਿ ਇਸ ਮੁਕੱਦਮੇ ਵਿੱਚ ਫਾਂਸੀ ਦੀ ਸਜ਼ਾ ਨਾ ਦਿੱਤੀ ਜਾਵੇ ਕਿਉਂਕਿ ਗਵਾਹੀਆਂ ਇਹ ਸਾਬਤ ਹੀ ਨਹੀਂ ਕਰਦੀਆਂ ਕਿ ਇਨ੍ਹਾਂ ਨੇ ਕਤਲਾਂ ਵਿੱਚ ਹਿੱਸਾ ਲਿਆ ਸੀ।’’ ਪਰ ਜੱਜ ਕੇ. ਐਸ. ਕੈਂਪਬੈਲ ਤੇ ਜੱਜ ਲਿੰਡਸੇ ਨੇ 23 ਨਵੰਬਰ 1871 ਨੂੰ ਸੈਸ਼ਨ ਜੱਜ ਦੇ ਫ਼ੈਸਲੇ ਨੂੰ ਬਹਾਲ ਰੱਖਦਿਆਂ ਦੋਹਾਂ ਸਿੰਘਾਂ ਨੂੰ ਫਾਂਸੀ ਦੀ ਸਜ਼ਾ ਦੀ ਪੁਸ਼ਟੀ ਕਰ ਦਿੱਤੀ।

26 ਨਵੰਬਰ 1871 ਨੂੰ ਦੋਵਾਂ ਸਿੰਘਾਂ ਨੂੰ ਲੁਧਿਆਣਾ ਸੈਂਟਰਲ ਜੇਲ੍ਹ ਦੇ ਅੱਗੇ ਫਾਂਸੀ ਦਿੱਤੀ ਜਾਣੀ ਸੀ, ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਆਮ ਲੋਕ ਵੀ ਦੇਖਣ ਆਏ। ਜਦੋਂ ਦੋਵੇਂ ਸਿੰਘ ਬੋਹੜ ਨਾਲ ਲਮਕਦੇ ਰੱਸਿਆਂ ਨੂੰ ਗਲ ਵਿੱਚ ਪਾਉਣ ਲਈ ਤਖ਼ਤੇ ’ਤੇ ਚੜ੍ਹੇ ਤਾਂ ਦੂਜੇ ਪਾਸੇ ਮੂੰਹ ਕਰੀ ਖੜ੍ਹੇ ਅੰਗਰੇਜ਼ ਅਫ਼ਸਰ ਨੂੰ ਲਲਕਾਰਿਆ। ਦੋਵਾਂ ਰਤਨ ਸਿੰਘਾਂ ਨੇ ਅਰਦਾਸ ਕੀਤੀ, ਜੈਕਾਰਾ ਲਗਾਇਆ ਅਤੇ ਆਪਣੇ ਗਲੇ ਵਿੱਚ ਆਪੇ ਫਾਂਸੀ ਦੇ ਰੱਸੇ ਪਾ ਕੇ ਹੇਠਾਂ ਰੱਖੇ ਮੇਜ਼ਾਂ ਨੂੰ ਆਪਣੇ ਪੈਰਾਂ ਨਾਲ ਧੱਕ ਕੇ ਦੇਸ਼ ਲਈ ਕੁਰਬਾਨ ਹੋ ਗਏ। ਦੋਵੇਂ ਸ਼ਹੀਦਾਂ ਦਾ ਸਸਕਾਰ ਬੁੱਢਾ ਦਰਿਆ ਕਿਨਾਰੇ ਕੀਤਾ ਗਿਆ। ਦੇਸ਼ ਲਈ ਮਰਨ ਮਿਟਨ ਵਾਲੇ ਇਸ ਮਹਾਨ ਸ਼ਹੀਦ ਸੂਬਾ ਗਿਆਨੀ ਰਤਨ ਸਿੰਘ ਮੰਡੀ ਕਲਾਂ ਨੂੰ ਸਮਰਪਿਤ ਜਿੱਥੇ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਵੱਡਾ ਹਾਲ ਅਤੇ ਸਟੇਡੀਅਮ ਬਣਿਆ ਹੋਇਆ ਹੈ ਉੱਥੇ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਸਤਿਗੁਰੂ ਉਦੈ ਸਿੰਘ ਦੀ ਅਗਵਾਈ ਹੇਠ ਲੁਧਿਆਣਾ ਵਿੱਚ ਸ਼ਹੀਦੀ ਸਮਾਰਕ ਦਾ ਨਿਰਮਾਣ ਚੱਲ ਰਿਹਾ ਹੈ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਸਤਿਗੁਰੂ ਉਦੈ ਸਿੰਘ ਦੀ ਹਾਜ਼ਰੀ ਵਿੱਚ 26 ਨਵੰਬਰ ਨੂੰ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ।