2024 ਦੀਆਂ ਲੋਕ ਸਭਾ ਚੋਣਾਂ ਲਈ ਚੜ੍ਹਨ ਲੱਗਾ ਸਿਆਸੀ ਪਾਰਾ

2024 ਦੀਆਂ ਲੋਕ ਸਭਾ ਚੋਣਾਂ ਲਈ ਚੜ੍ਹਨ ਲੱਗਾ ਸਿਆਸੀ ਪਾਰਾ

ਭਾਜਪਾ ਨੂੰ ਮੋਦੀ ‘ਤੇ ਭਰੋਸਾ, ਵਿਰੋਧੀ ਧਿਰ ਦਾ ਇਕਜੁੱਟ ਹੋਣਾ ਅਜੇ ਬਾਕੀ

ਕਲਿਆਣੀ ਸ਼ੰਕਰ

ਭਾਰਤ ‘ਚ ਰਾਜਨੀਤਕ ਪਾਰਟੀਆਂ ਨੇ ਹੁਣ ਤੋਂ ਹੀ 2024 ਦੀਆਂ ਲੋਕ ਸਭਾ ਚੋਣਾਂ ਲਈ ਅਗਾਮੀ ਯੋਜਨਾਵਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸੱਤਾਧਾਰੀ ਕੌਮੀ ਜਮਹੂਰੀ ਗੱਠਜੋੜ (ਐਨ.ਡੀ.ਏ.) ਅਤੇ ਵਿਰੋਧੀ ਧਿਰ ਆਪੋ-ਆਪਣੀਆਂ ਤਿਆਰੀਆਂ ਨਾਲ ਇਕ-ਦੂਜੇ ਨੂੰ ਪਛਾੜਨ ਦੀ ਦੌੜ ‘ਚ ਲੱਗੀਆਂ ਹਨ। ਉਹ ਮੌਜੂਦਾ ਰਾਜਨੀਤਕ ਮਾਹੌਲ ਅਨੁਸਾਰ ਆਪੋ-ਆਪਣੀ ਰਣਨੀਤੀ ਬਣਾ ਰਹੇ ਹਨ। 2024 ‘ਚ ਭਾਰਤ ਦੀਆਂ ਅਗਲੀਆਂ ਆਮ ਚੋਣਾਂ ਲਈ ਮੰਚ ਤਿਆਰ ਹੈ।
ਸਮਾਂਤਰ ਆਧਾਰ ‘ਤੇ ਖੇਤਰੀ ਦਲ ਭਾਜਪਾ ਲਈ ਖ਼ਤਰਾ ਪੈਦਾ ਕਰ ਸਕਦੇ ਹਨ। ਸੱਤਾਧਾਰੀ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ‘ਹੈਟ੍ਰਿਕ’ ਲਗਾਉਣ (ਤੀਸਰੀ ਵਾਰ ਜਿਤਾਉਣ) ਦੀ ਯੋਜਨਾ ਬਣਾ ਰਹੀ ਹੈ, ਜਦੋਂ ਕਿ ਵਿਰੋਧੀ ਧਿਰ ਉਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ 2024 ‘ਚ 350 ਤੋਂ ਵੱਧ ਸੀਟਾਂ ਜਿੱਤਣ ਦੇ ਟੀਚੇ ਦੀ ਗੱਲ ਕਰ ਰਹੀ ਹੈ, ਜਦੋਂ ਕਿ ਨਿਤਿਸ਼ ਕੁਮਾਰ ਅਤੇ ਮਮਤਾ ਸਾਰੇ ਵਿਰੋਧੀ ਦਲਾਂ ਨੂੰ ਇਕਜੁੱਟ ਕਰਕੇ ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਹਰਾਉਣ ਲਈ ਆਸਵੰਦ ਹਨ।
ਵਿਰੋਧੀ ਧਿਰ ਏਕਤਾ ਦੇ ਸੁਪਨਾ ਤਾਂ ਦੇਖਦੀ ਹੈ ਪਰ ਉਸ ਨੂੰ ਇਕ ਫ਼ੈਸਲਾਕੁੰਨ ਨੁਕਸਾਨ ਹੁੰਦਾ ਹੈ ਕਿਉਂਕਿ ਉਹ ਅਜੇ ਵੀ ਮੋਦੀ ਨੂੰ ਚੁਣੌਤੀ ਦੇਣ ਵਾਲੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨੇਤਾ ਦੀ ਭਾਲ ‘ਚ ਹੈ। ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੀ ਇਹ ਕਮੀ ਵਿਰੋਧੀ ਦਲ ਨੂੰ ਪ੍ਰੇਸ਼ਾਨ ਕਰ ਸਕਦੀ ਹੈ, ਜਦੋਂ ਕਿ ਭਾਜਪਾ ਮੋਦੀ ਬਨਾਮ ਕੌਣ ਦੇ ਸਵਾਲ ‘ਤੇ ਸਿਆਸੀ ਖੇਡ, ਖੇਡ ਸਕਦੀ ਹੈ।
ਪੱਛਮੀ ਬੰਗਾਲ ‘ਚ ਮਮਤਾ ਬੈਨਰਜੀ, ਬਿਹਾਰ ‘ਚ ਨਿਤਿਸ਼ ਕੁਮਾਰ, ਦੱਖਣ ‘ਚ ਕੇ. ਚੰਦਰਸ਼ੇਖਰ ਰਾਓ, ਐਮ.ਕੇ. ਸਟਾਲਿਨ ਅਤੇ ਉੱਤਰ ‘ਚ ਅਰਵਿੰਦ ਕੇਜਰੀਵਾਲ ਦੇ ਨਾਲ, ਭਾਜਪਾ ਨੂੰ ਕਈ ਖੇਤਰਾਂ ‘ਚੋਂ ਦੁਵੱਲੇ ਮੁਕਾਬਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਰੋਧੀਆਂ ਦੇ ਗੜ੍ਹ ‘ਚ 200 ਤੋਂ ਵੱਧ ਸੀਟਾਂ ਹਨ। ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ‘ਚ ਇਸ ਸਾਲ ਦੇ ਅਖੀਰ ‘ਚ ਚੋਣ ਹੋਵੇਗੀ ਅਤੇ ਅਗਲੇ ਸਾਲ ਛੇ ਪ੍ਰਮੁੱਖ ਰਾਜਾਂ ਕਰਨਾਟਕਾ, ਤ੍ਰਿਪੁਰਾ, ਤੇਲੰਗਾਨਾ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਖੇ ਵੋਟਾਂ ਪੈਣਗੀਆਂ।
ਭਾਜਪਾ ਨੇ ਹੁਣ ਦੱਖਣੀ ਰਾਜਾਂ, ਜਿੱਥੇ ਲੋਕ ਸਭਾ ਦੀਆਂ ਕੁੱਲ 129 ਸੀਟਾਂ ਹਨ, ‘ਤੇ ਜਿੱਤ ਹਾਸਲ ਕਰਨੀ ਹੈ। ਜਿੱਥੇ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ ‘ਤੇ ਲੈਂਦੇ ਹਨ, ਉੱਥੇ ਹੋਰ ਦੂਜੇ ਆਗੂ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ ‘ਤੇ ਭਾਜਪਾ ਨੂੰ ਘੇਰਨ ਦੀ ਯੋਜਨਾ ਬਣਾ ਰਹੇ ਹਨ।
ਦੂਜਾ, ਸਹੀ ਜਾਂ ਗ਼ਲਤ, ਭਾਜਪਾ ਆਪਣੀ ਵਿਚਾਰਧਾਰਾ ਬਾਰੇ ਸਪੱਸ਼ਟ ਹੈ, ਇਕ ਮੰਤਰ ਮੁਗਧ ਕਥਾ ਅਤੇ ਚੋਣ ਦੀ ਤਿਆਰੀ ਦੇ ਨਾਲ ਅਤੇ ਉਸ ਕੋਲ ਸਰਗਰਮ ਕਾਰਕੁੰਨ ਵੀ ਹਨ ਅਤੇ ਚੋਣ ਲੜਨ ਲਈ ਕਾਫੀ ਧਨ ਵੀ। ਮੋਦੀ ਕੋਲ ਸਰਕਾਰੀ ਮਸ਼ੀਨਰੀ ਹੈ ਅਤੇ ਦਿਖਾਉਣ ਲਈ ਲੋਕ ਭਲਾਈ ਯੋਜਨਾਵਾਂ ਵੀ ਹਨ। ਪਰ ਉੱਥੇ ਹੀ ਖੇਤਰੀ ਆਗੂ ਆਪਣੇ ਰਾਜਾਂ ‘ਚ ਕਾਫੀ ਮਜ਼ਬੂਤ ਹਨ।
ਮੋਦੀ ਨੇ ਨਾ ਸਿਰਫ਼ ਆਪਣੇ ਗੱਠਜੋੜ ਨੂੰ ਇਕੱਠਾ ਰੱਖਿਆ ਹੈ, ਸਗੋਂ ਆਲੋਚਨਾਵਾਂ ਦੇ ਬਾਵਜੂਦ, ਹੋਰ ਕਈ ਦਲਾਂ ਨੂੰ ਵੀ ਤੋੜ ਦਿੱਤਾ ਹੈ ਅਤੇ ਉਨ੍ਹਾਂ ਦੇ ਨੇਤਾਵਾਂ ਨੂੰ ਭਾਜਪਾ ‘ਚ ਸ਼ਾਮਿਲ ਵੀ ਕਰ ਲਿਆ ਹੈ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਨੇ ਰਾਮ ਮੰਦਰ, ਕਸ਼ਮੀਰ ‘ਚ ਧਾਰਾ 370 ਨੂੰ ਹਟਾਉਣ ਅਤੇ ਤਿੰਨ ਤਲਾਕ ਜਿਹੇ ਸੰਘ ਪਰਿਵਾਰ ਦੇ ਮੁੱਖ ਏਜੰਡੇ ਨੂੰ ਵੀ ਪੂਰਾ ਕੀਤਾ ਹੈ। ਉਹ ਜਲਦ ਹੀ ਸਮਾਨ ਨਾਗਰਿਕ ਜ਼ਾਬਤਾ ਦਾ ਮੁੱਦਾ ਵੀ ਉਠਾ ਸਕਦੇ ਹਨ। ਇਸ ਸਭ ਨਾਲ ਉਹ ਆਪਣੇ ਵਚਨਬੱਧ ਵੋਟਰਾਂ ਨੂੰ ਆਪਣੇ ਨਾਲ ਜੋੜੀ ਰੱਖਣਗੇ।
ਹਾਲਾਂਕਿ, ਥੋੜ੍ਹਾ ਚਿਰ ਪਹਿਲਾਂ ਹੀ ਭਾਜਪਾ ਸੰਸਦੀ ਬੋਰਡ ‘ਚ ਫੇਰਬਦਲ ਅਤੇ ਪਿਛਲੇ ਮਹੀਨੇ ਬਿਹਾਰ ‘ਚ ਜਨਤਾ ਦਲ (ਯੂ.) ਦੇ ਐਨ.ਡੀ.ਏ. ਗੱਠਜੋੜ ‘ਚੋਂ ਬਾਹਰ ਨਿਕਲਣ ਨਾਲ ਭਾਜਪਾ ਦੇ ਅੰਦਰ ਕੁਝ ਅਸ਼ਾਂਤੀ ਪੈਦਾ ਹੋ ਗਈ ਹੈ। ਫਿਰ ਵੀ, ਨੇਤਾ ਸੰਕਟ ‘ਚ ਜ਼ਰੂਰੀ ਸੁਧਾਰ ਕਰਨ ਦੀ ਭਾਜਪਾ ਦੀ ਸਮਰੱਥਾ ‘ਤੇ ਭਰੋਸਾ ਕਰਦੇ ਹਨ। ਭਾਜਪਾ ਨੂੰ ਕੁਝ ਹੋਰ ਸਹਿਯੋਗੀ ਦਲਾਂ ਦੀ ਵੀ ਜ਼ਰੂਰਤ ਹੈ।
ਪਾਰਟੀ ਨੇ ਆਮ ਚੋਣਾਂ ਲਈ ਹਮਲਾਵਰ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਨੇ ਹਾਲ ਹੀ ‘ਚ ਦਿੱਲੀ ‘ਚ 144 ਲੋਕ ਸਭਾ ਚੋਣ ਹਲਕਿਆਂ ਜਿੱਥੇ ਭਾਜਪਾ ਕਮਜ਼ੋਰ ਹੈ, ‘ਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਇਕ ਖਾਕਾ ਤਿਆਰ ਕਰਨ ਲਈ ਇਕ ਬੈਠਕ ਕੀਤੀ। ਪਾਰਟੀ ਨੇ ਉਨ੍ਹਾਂ 70 ਲੋਕ ਸਭਾ ਸੀਟਾਂ ‘ਤੇ ਵੀ ਧਿਆਨ ਰੱਖਣ ਦਾ ਪ੍ਰਸਤਾਵ ਰੱਖਿਆ ਹੈ, ਜੋ ਉਸ ਨੇ ਕਦੇ ਨਹੀਂ ਜਿੱਤੀਆਂ।
ਦੂਜੇ ਪਾਸੇ, ਵਿਰੋਧੀ ਦਲਾਂ ‘ਚ ਤਾਲਮੇਲ ਨਹੀਂ ਹੈ ਅਤੇ ਵੱਖ-ਵੱਖ ਵਿਚਾਰਧਾਰਾਵਾਂ ਦਾ ਮਿਸ਼ਰਣ ਹੈ। ਉਨ੍ਹਾਂ ਸਾਰਿਆਂ ਨੂੰ ਇਕ-ਦੂਜੇ ਨੂੰ ਲਾਭ ਦੇਣ ਅਤੇ ਇਕ-ਦੂਜੇ ਤੋਂ ਲਾਭ ਲੈਣ ਦੀ ਮੁਦਰਾ ਅਪਣਾਉਣੀ ਚਾਹੀਦੀ ਹੈ। ਜਿੱਥੇ ਖੇਤਰੀ ਨੇਤਾਵਾਂ ਨੇ ਆਪਣੇ-ਆਪਣੇ ਰਾਜਾਂ ‘ਚ ਚੰਗਾ ਪ੍ਰਦਰਸ਼ਨ ਕੀਤਾ ਹੈ, ਉੱਥੇ ਬਿਨਾਂ ਜ਼ਰੂਰਤ ਹੀ ਸਾਰਿਆਂ ਨੂੰ ਭਾਗੀਦਾਰਾਂ ਲਈ ਜ਼ਰੂਰੀ ਘੱਟੋ ਘੱਟ ਸਾਂਝਾ ਪ੍ਰੋਗਰਾਮ ਤਿਆਰ ਕਰਨਾ ਚਾਹੀਦਾ ਹੈ।
ਦੇਵੇਗੌੜਾ, ਲਾਲੂ ਯਾਦਵ, ਨਿਤਿਸ਼ ਕੁਮਾਰ, ਅਖਿਲੇਸ਼ ਯਾਦਵ ਅਤੇ ਓਮ ਪ੍ਰਕਾਸ਼ ਚੌਟਾਲਾ ਸਾਬਕਾ ਜਨਤਾ ਦਲ ਨੂੰ ਇਕਜੁੱਟ ਕਰਨ ਲਈ ਸਹਿਯੋਗ ਕਰ ਸਕਦੇ ਹਨ। ਕਾਂਗਰਸ ਦੇ ਨਾਲ, ਉਹ ਹਰਿਆਣਾ, ਕਰਨਾਟਕ, ਬਿਹਾਰ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਵਰਗੇ ਬਹੁਦਲੀ ਰਾਜਾਂ ‘ਚ ਮਜ਼ਬੂਤ ਹੋ ਸਕਦੇ ਹਨ। ਮਤਲਬ ਕਰੀਬ 200 ਲੋਕ ਸਭਾ ਸੀਟਾਂ ‘ਤੇ। ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਜੇਕਰ ਹਲਚਲ ਕਰਦੀ ਹੈ ਤਾਂ ਇਸ ਨਾਲ ਕਾਂਗਰਸ ਨੂੰ ਮਦਦ ਮਿਲ ਸਕਦੀ ਹੈ।
ਉੱਤਰ ਪ੍ਰਦੇਸ਼ ‘ਚ ਇਕ ਠੋਸ ਖੇਤਰੀ ਪਾਰਟੀ ਸਮਾਜਵਾਦੀ ਪਾਰਟੀ ਆਪਣੇ ਸੰਗਠਨਾਤਮਿਕ ਢਾਂਚੇ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਪਾਰਟੀ ਮੁਖੀ ਅਖਿਲੇਸ਼ ਯਾਦਵ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਕਾਂਗਰਸ ਜਾਂ ਬਸਪਾ ਨਾਲ ਗੱਠਜੋੜ ਕਰਨ ਦੀ ਯੋਜਨਾ ਨਹੀਂ ਬਣਾ ਰਹੇ, ਸਗੋਂ ਰਾਸ਼ਟਰੀ ਲੋਕ ਦਲ ਜਿਹੇ ਛੋਟੇ ਦਲਾਂ ਦੇ ਨਾਲ ਬਣੇ ਰਹਿਣਗੇ। ਉੱਥੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਭਾਜਪਾ ਲਈ 80 ‘ਚੋਂ 75 ਸੀਟਾਂ ਜਿੱਤਣ ਦਾ ਟੀਚਾ ਮਿੱਥਿਆ ਹੈ।
ਬਸਪਾ ਨੇ ਪਹਿਲੇ ਪੜਾਅ ਦੇ ਰੂਪ ‘ਚ ਹਰ ਵਿਧਾਨ ਸਭਾ ਖੇਤਰ ‘ਚ 75000 ਮੈਂਬਰ ਬਣਾਉਣ ਦੇ ਟੀਚੇ ਨਾਲ ਇਕ ਵੱਡੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਹੈ। ਬਸਪਾ ਮੁਖੀ ਮਾਇਆਵਤੀ ਪਿਛਲੇ ਇਕ ਦਹਾਕੇ ਤੋਂ ਹਾਰ ਤੋਂ ਬਾਅਦ ਹਾਰ ਦਾ ਸਾਹਮਣਾ ਕਰ ਰਹੀ ਹੈ, ਪਰ ਉਸ ਕੋਲ ਅਜੇ ਵੀ ਮਜ਼ਬੂਤ ਦਲਿਤ ਵੋਟ ਬੈਂਕ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐਸ. ਜਗਨ ਮੋਹਨ ਰੈੱਡੀ ਨੇ ਆਪਣੇ ਵਿਧਾਇਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜਾਂ ਤਾਂ ਕੰਮ ਕਰੋ ਜਾਂ ਰਾਜਨੀਤਿਕ ਜੀਵਨ ਤੋਂ ਸੰਨਿਆਸ ਲੈ ਲਓ। ਉਨ੍ਹਾਂ ਆਪਣੇ ਵਿਧਾਇਕਾਂ ਦੇ ਨਾਲ ਲੋਕਾਂ ਦੇ ਘਰ-ਘਰ ਦੌਰਾ ਵੀ ਸ਼ੁਰੂ ਕਰ ਦਿੱਤਾ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਭਾਰਤ ਰਾਸ਼ਟਰ ਸਮਤੀ ਨਾਂਅ ਦੀ ਇਕ ਨਵੀਂ ਕੌਮੀ ਪਾਰਟੀ ਬਣਾਈ ਹੈ ਅਤੇ ਉਹ ਕੌਮੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਮੋਦੀ ਦੇ ਪਿੱਛੇ ਦਸ ਸਾਲਾਂ ਦੀ ਸੱਤਾ ਵਿਰੋਧੀ ਲਹਿਰ ਹੋਵੇਗੀ, ਪਰ ਭਾਜਪਾ ਮੋਦੀ ਦੇ ਜਾਦੂ ‘ਤੇ ਨਿਰਭਰ ਹੈ। ਪਰ ਕਈ ਸਵਾਲ ਹਨ, ਜਿਵੇਂ ਕੀ ਮੋਦੀ ਹੈਟ੍ਰਿਕ ਲਗਾਉਣਗੇ? ਕੀ ਵਿਰੋਧੀ ਧਿਰ ਇਕਜੁੱਟ ਹੋਵੇਗੀ? ਕੀ ਰਾਹੁਲ ਇਕ ਸਫਲ ਚੁਣੌਤੀ ਦੇਣ ਵਾਲੇ ਨੇਤਾ ਬਣ ਕੇ ਉਭਰਨਗੇ? ਪਹਿਲੀ ਵਾਰ ਵੋਟਰ ਬਣੇ ਨੌਜਵਾਨ ਕਿਸ ਨੂੰ ਪਸੰਦ ਕਰਨਗੇ? ਰਾਜਨੀਤੀ ‘ਚ ਇਕ ਹਫਤਾ ਵੀ ਲੰਬਾ ਦੱਸਿਆ ਜਾਂਦਾ ਹੈ। 2024 ਦੀਆਂ ਚੋਣਾਂ ਤੋਂ ਪਹਿਲਾਂ ਸਾਡੇ ਕੋਲ 18 ਮਹੀਨੇ ਹਨ। ਚੋਣਾਂ ਕੋਲ ਆਂਉਦਿਆਂ ਹੀ ਤਸਵੀਰ ਸਾਫ਼ ਹੋ ਜਾਵੇਗੀ। ਤਦ ਤੱਕ ਰਾਜਨੀਤੀ ਪੰਡਿਤ ਹਨ੍ਹੇਰੇ ‘ਚ ਸੀਟੀ ਵਜਾ ਰਹੇ ਹਨ।