2024 ਦੀਆਂ ਲੋਕ ਸਭਾ ਚੋਣਾਂ ਮੋਦੀ ਦੀ ਅਗਵਾਈ ’ਚ ਲੜਣਗੀਆਂ ਰਾਜਗ ਦੀਆਂ ਭਾਈਵਾਲ ਪਾਰਟੀਆਂ

2024 ਦੀਆਂ ਲੋਕ ਸਭਾ ਚੋਣਾਂ ਮੋਦੀ ਦੀ ਅਗਵਾਈ ’ਚ ਲੜਣਗੀਆਂ ਰਾਜਗ ਦੀਆਂ ਭਾਈਵਾਲ ਪਾਰਟੀਆਂ

ਨਵੀਂ ਦਿੱਲੀ – ਰਾਸ਼ਟਰੀ ਜਨਤੰਤਰਿਕ ਗਠਜੋੜ (ਐੱਨ. ਡੀ. ਏ.) ਦੀਆਂ ਸਾਰੀਆਂ 39 ਭਾਈਵਾਲ ਪਾਰਟੀਆਂ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਭਰੋਸਾ ਪ੍ਰਗਟਾਇਆ ਅਤੇ ਉਨ੍ਹਾਂ ਦੀ ਅਗਵਾਈ ’ਚ 2024 ਦੀਆਂ ਲੋਕ ਸਭਾ ਚੋਣਾਂ ਇਕਜੁੱਟ ਹੋ ਕੇ ਲੜਨ ਦਾ ਸੰਕਲਪ ਲਿਆ।

ਭਾਰਤੀ ਜਨਤਾ ਪਾਰਟੀ ਵੱਲੋਂ ਸੱਦੀ ਗਈ ਬੈਠਕ ’ਚ ਪਾਸ ਇਕ ਸੰਕਲਪ ’ਚ ਰਾਜਗ (ਐੱਨ. ਡੀ. ਏ.) ਦੇ ਭਾਈਵਾਲਾਂ ਨੇ ਵੀ ਆਉਂਦੀਆਂ ਆਮ ਚੋਣਾਂ ’ਚ ਜੇਤੂ ਹੋਣ ਅਤੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਕੇਂਦਰ ’ਚ ਸਰਕਾਰ ਬਣਾਉਣ ਦਾ ਭਰੋਸਾ ਪ੍ਰਗਟਾਇਆ। ਰਾਜਗ ਦੇ ਸੰਕਲਪ ’ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਨਵੀਂ ਦਿੱਲੀ ’ਚ ਰਾਸ਼ਟਰੀ ਜਨਤੰਤਰਿਕ ਗਠਜੋੜ ਦੀ ਬੈਠਕ ਹੋਈ। ਰਾਜਗ ਦੀਆਂ ਕੁੱਲ 39 ਭਾਈਵਾਲ ਪਾਰਟੀਆਂ ਨੇ ਇਸ ’ਚ ਭਾਗ ਲਿਆ। ਇਹ ਬੈਠਕ ਰਾਜਗ ਦੀ ਸਥਾਪਨਾ ਦੇ ਸਫਲ 25 ਸਾਲ ਪੂਰੇ ਹੋਣ ਦੇ ਮੌਕੇ ਬੁਲਾਈ ਗਈ।

ਰਾਜਗ ਨੇ ਕਿਹਾ ਕਿ ਮੋਦੀ ਦੀ ਅਗਵਾਈ ’ਚ 2014 ਦੀਆਂ ਲੋਕ ਸਭਾ ਚੋਣਾਂ ’ਚ ਗਠਜੋੜ ਨੂੰ ਲੋਕਾਂ ਤੋਂ ਜੋ ਆਸ਼ੀਰਵਾਦ ਮਿਲਿਆ, ਉਹ 2019 ਦੀਆਂ ਚੋਣਾਂ ’ਚ ਕਈ ਗੁਣਾ ਵਧ ਗਿਆ। ਭਾਜਪਾ ਦੀ ਅਗਵਾਈ ਵਾਲੇ ਗਠਜੋੜ ਨੇ ਕਿਹਾ, ‘‘ਦੇਸ਼ ਵਿਰੋਧੀ ਪਾਰਟੀਆਂ ਦੇ ਝੂਠ, ਅਫਵਾਹਾਂ ਅਤੇ ਬੇਬੁਨਿਆਦ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਰਾਜਗ ਗਠਜੋੜ ਦੀ ਅਗਵਾਈ ’ਚ ਵਿਸ਼ਵਾਸ ਪ੍ਰਗਟਾ ਰਿਹਾ ਹੈ।’’

ਇਸ ਤੋਂ ਪਹਿਲਾਂ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਅਗਲੇ ਕਾਰਜਕਾਲ ’ਚ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਅਸੀਂ ਇਸ ਟੀਚੇ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਗਠਜੋੜ ਭਾਈਵਾਲ ਈਮਾਨਦਾਰੀ ਅਤੇ ਸਮਰਪਿਤ ਰੂਪ ’ਚ ਕੰਮ ਕਰ ਰਹੇ ਹਨ, ਜਿਸ ਨਾਲ ਮੈਨੂੰ ਵਿਸ਼ਵਾਸ ਹੈ ਕਿ ਅਸੀਂ 2024 ’ਚ 50 ਫ਼ੀਸਦੀ ਤੋਂ ਵੱਧ ਵੋਟ ਸ਼ੇਅਰ ਹਾਸਲ ਕਰਾਂਗੇ।