1986 ਸਾਕਾ ਨਕੋਦਰ ਦੇ ਸ਼ਹੀਦਾਂ ਦਾ 37ਵਾਂ ਸ਼ਹੀਦੀ ਦਿਹਾੜਾ ਦੇਸ਼ਾਂ ਵਿਦੇਸ਼ਾਂ ’ਚ ਮਨਾਇਆ ਜਾਵੇਗਾ

1986 ਸਾਕਾ ਨਕੋਦਰ ਦੇ ਸ਼ਹੀਦਾਂ ਦਾ 37ਵਾਂ ਸ਼ਹੀਦੀ ਦਿਹਾੜਾ ਦੇਸ਼ਾਂ ਵਿਦੇਸ਼ਾਂ ’ਚ ਮਨਾਇਆ ਜਾਵੇਗਾ

ਸਾਕਾ ਨਕੋਦਰ ਦੇ ਸ਼ਹੀਦਾਂ ਦਾ 37ਵਾਂ ਸ਼ਹੀਦੀ ਦਿਹਾੜਾ 4 ਫ਼ਰਵਰੀ, ਦਿਨ ਵੀਰਵਾਰ ਨੂੰ ਸੰਸਾਰ ਭਰ ਦੇ ਗੁਰਦਵਾਰਾ ਸਹਿਬਾਨ ਵਿਖੇ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਥਿਤ ਗੁ: ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ 4 ਫ਼ਰਵਰੀ, ਦਿਨ ਸ਼ਨਿਚਰਵਾਰ ਸਵੇਰ 8:00 ਵਜੇ ਗੁਰੂ ਗਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਵਿਚ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਪੰਥ ਦੇ ਮਾਣ ਮੱਤੇ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ।
ਸ਼ਹੀਦਾਂ ਦੇ ਪਰਿਵਾਰਾਂ ਵਲੋਂ ਸਮੂਹ ਸਾਧ ਸੰਗਤ ਨੂੰ ਅਖੰਡ ਪਾਠ ਜੀ ਦੇ ਭੋਗ ਅਤੇ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣ ਦੇ ਬੇਨਤੀ ਹੈ।
ਸਾਕਾ ਨਕੋਦਰ ਨੂੰ ਵਾਪਰਿਆਂ 37 ਸਾਲ ਬੀਤ ਚੁੱਕੇ ਹਨ। 4 ਫਰਵਰੀ 1986 ਨੂੰ ਪੰਜਾਬ ਪੁਲਿਸ ਨੇ ਨਕੋਦਰ ਵਿੱਚ ਸਿੱਖਾਂ ਦੇ ਇੱਕ ਸਾਂਤਮਈ ਕਾਫਿਲੇ ਉੱਪਰ ਗੋਲੀਆਂ ਚਲਾ ਕੇ ਚਾਰ ਸਿੱਖ ਨੌਜਵਾਨਾਂ ਨੂੰ ਸਹੀਦ ਕਰ ਦਿੱਤਾ ਸੀ। ਸਿੱਖਾਂ ਦਾ ਇਹ ਕਾਫਿਲਾ ਦੋ ਦਿਨ ਪਹਿਲਾਂ (ਭਾਵ 2 ਫਰਵਰੀ 1986) ਨੂੰ ਗੁਰਦੁਆਰਾ ਗੁਰੂ ਅਰਜਨ ਜੀ, ਨਕੋਦਰ ਵਿਖੇ ਅਗਨ ਭੇਟ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੋਇੰਦਵਾਲ ਸਾਹਿਬ ਲਿਜਾਣ ਵਾਸਤੇ ਜਾ ਰਿਹਾ ਸੀ।
ਸਾਕਾ ਨਕੋਦਰ 1986 ਦੌਰਾਨ ਪੁਲੀਸ ਵੱਲੋਂ ਸਿੱਖ ਨੌਜਵਾਨਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਸੀ। ਪੁਲਿਸ ਨੇ ਇਹ ਸਾਕਾ ਵਰਤਾ ਦੇਣ ਤੋਂ ਬਾਅਦ ਸਹੀਦ ਹੋਏ ਸਿੱਖ ਨੌਜਵਾਨਾਂ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ, ਸ਼ਹੀਦ ਭਾਈ ਬਲਧੀਰ ਸਿੰਘ ਜੀ ਰਾਮਗੜ੍ਹ, ਸ਼ਹੀਦ ਭਾਈ ਝਿਲਮਣ ਸਿੰਘ ਜੀ ਗੋਰਸੀਆਂ ਅਤੇ ਸ਼ਹੀਦ ਭਾਈ ਹਰਮਿੰਦਰ ਸਿੰਘ ਜੀ ਚਲੂਪੁਰ ਦੀਆਂ ਮਿ੍ਰਤਕ ਦੇਹਾਂ ਵੀ ਪਰਿਵਾਰਾਂ ਨੂੰ ਨਹੀਂ ਸਨ ਦਿੱਤੀਆਂ ਅਤੇ ਆਪੇ ਹੀ ਇਨ੍ਹਾਂ ਦਾ ਬਿਨਾ ਮਰਿਆਦਾ ਦੇ ਤੇਲ ਪਾ ਕੇ ਸਸਕਾਰ ਕਰ ਦਿੱਤਾ ਸੀ।
ਇਨ੍ਹਾਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੇ ਅੱਜ ਵੀ ਇਨ੍ਹਾਂ ਸ਼ਹੀਦ ਸਿੰਘਾਂ ਅਤੇ ਇਸ ਸਾਕੇ ਦੀ ਯਾਦ ਨੂੰ ਸੰਭਾਲਿਆ ਹੋਇਆ ਹੈ ਅਤੇ ਉਨ੍ਹਾਂ ਕੋਲ ਦੋਸੀਆਂ ਨੂੰ ਇਨਸਾਫ ਦੇ ਕਟਿਹਰੇ ਵਿੱਚ ਖੜ੍ਹਾ ਕਰਨ ਲਈ ਸੰਘਰਸ ਕਰਨ ਵਾਸਤੇ ਲੋੜੀਂਦਾ ਸਿਰੜ ਵੀ ਹੈ।
ਭਾਵੇਂ ਕਿ ਲੱਗਭੱਗ ਚਾਰ ਦਹਾਕਿਆਂ ਦੇ ਅਰਸੇ ਦੌਰਾਨ ਤਿੰਨ ਸ਼ਹੀਦ ਸਿੰਘਾਂ ਦੇ ਮਾਤਾ ਪਿਤਾ ਜਹਾਨ ਤੋਂ ਚਲਾਣਾ ਕਰ ਗਏ ਹਨ ਪਰ ਹਾਲੇ ਵੀ ਉਨ੍ਹਾਂ ਦੇ ਪਰਿਵਾਰ ਅਤੇ ਪਿੱਛੇ ਬਚੇ ਸਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਮਾਤਾ-ਪਿਤਾ ਹਰ ਸਾਲ ਸਾਕਾ ਨਕੋਦਰ 1986 ਦੇ ਸ਼ਹੀਦਾਂ ਨੂੰ ਯਾਦ ਕਰਦੇ ਹਨ। ਉਹ ਇਸ ਸਾਕੇ ਦੇ ਦੋਸ਼ੀ ਪੁਲਿਸ ਵਾਲਿਆਂ ਅਤੇ ਅਫਸਰਾਂ ਨੂੰ ਕਟਹਿਰੇ ਵਿਚ ਖੜ੍ਹੇ ਕਰਨ ਲਈ ਯਤਨਸੀਲ ਰਹਿੰਦੇ ਹਨ।
ਬਾਪੂ ਬਲਦੇਵ ਸਿੰਘ ਜੀ ਵਲੋਂ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਵਿੱਚ ਪ੍ਰਮੁੱਖ ਵਕੀਲ ਹਰੀ ਚੰਦ ਅਰੋੜਾ ਰਾਹੀਂ ਕੀਤੇ ਕੇਸਾਂ ਦੀ ਅਗਲੀ ਸੁਣਵਾਈ 30 ਜਨਵਰੀ, ਦਿਨ ਸੋਮਵਾਰ ਨੂੰ ਨਿਸ਼ਚਤ ਹੈ। ਇੱਕ ਕੇਸ ਸਾਕੇ ਦੇ ਮੁੱਖ ਦੋਸ਼ੀਆਂ ਤੇ ਕਤਲ ਦੇ ਮੁਕੱਦਮੇ ਚਲਾ ਕੇ ਸਜ਼ਾ ਦਿਵਾਉਣ ਦਾ ਹੈ ਤੇ ਦੂਸਰਾ ਸਾਕਾ ਨਕੋਦਰ ਸਬੰਧੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਵਲੋਂ ਕੀਤੀ ਅਦਾਲਤੀ ਜਾਂਚ ਦੇ ਦੂਸਰਾ ਭਾਗ ਸਰਕਾਰੀ ਸੰਸਥਾਵਾਂ ਵਿੱਚੋ ਗੁੰਮ ਹੋਣ ਸਬੰਧੀ ਜਾਂਚ ਕਰਵਾਉਣ ਬਾਰੇ ਹੈ। ਪੰਜਾਬ ਸਰਕਾਰ ਵਲੋਂ ਇਨ੍ਹਾਂ ਕੇਸਾਂ ਵਿੱਚ ਸਿਟ ਬਨਾਉਣ ਬਾਰੇ ਹਾਈਕੋਰਟ ਵਿੱਚ ਜਵਾਬਦੇਹੀ ਦਿੱਤੀ ਜਾਵੇਗੀ, ਬਾਪੂ ਬਲਦੇਵ ਸਿੰਘ ਜੀ ਨੇ ਇਸ ਬਾਰੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਨਕੋਦਰ ਦੀ ਵਿਧਾਇਕਾ ਨੂੰ ਮਿਲਕੇ ਮੰਗ ਪੱਤਰ ਦਿੱਤੇ ਸਨ। ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ ਦੇ ਨੁਮਾਇੰਦਿਆਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਿਲਕੇ ਇਸ ਬਾਰੇ ਮੰਗ ਪੱਤਰ ਦਿੱਤਾ ਸੀ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੀ ਆਪ ਪਾਰਟੀ ਜੋ ਵਿਰੋਧੀ ਧਿਰ ਹੋਣ ਮੌਕੇ ਸਾਕਾ ਨਕੋਦਰ ਦੇ ਇਨਸਾਫ਼ ਲਈ ਵਿਧਾਨ ਸਭਾ ਵਿੱਚ ਲਗਾਤਾਰ ਮੰਗ ਕਰਦੀ ਰਹੀ ਹੈ ਤੇ ਪਿਛਲੇ ਮੁੱਖ ਮੰਤਰੀ ਤੇ ਸਰਕਾਰ ਨੂੰ ਚਿੱਠੀਆਂ ਲਿਖਦੀ ਰਹੀ ਹੈ ਹਾਈਕੋਰਟ ਵਿੱਚ 30 ਜਨਵਰੀ 2023 ਨੂੰ ਕੀ ਜਵਾਬ ਦੇਵੇਗੀ।
ਇਹ ਵੀ ਵਰਨਣਯੋਗ ਹੈ ਕਿ ਨਕੋਦਰ ਸਾਕੇ ਦੇ ਮੁੱਖ ਦੋਸ਼ੀਆਂ ਵਿੱਚੋਂ ਕੇਵਲ ਸੀ ਆਰ ਪੀ ਦਾ ਉਸ ਸਮੇਂ ਐੱਸ ਪੀ ਅਪਰੇਸ਼ਨ ਅਸ਼ਵਨੀ ਕੁਮਾਰ ਸ਼ਰਮਾ ਜਿਸ ਦੇ ਹੁਕਮਾਂ ਤੇ ਗੋਲੀ ਚੱਲੀ, ਉਸ ਸਮੇਂ ਦਾ ਐਕਟਿੰਗ ਜਿਲ੍ਹਾ ਮੈਜਿਸਟ੍ਰੇਟ ਏ ਡੀ ਸੀ ਦਰਬਾਰਾ ਸਿੰਘ ਗੁਰੂ ਜਿਸਦੇ ਹੁਕਮਾਂ ਤੇ ਸ਼ਹੀਦਾਂ ਦਾ ਰਾਤ ਦੇ ਹਨ੍ਹੇਰੇ ਵਿੱਚ ਪੋਸਟ ਮਾਰਟਿਮ ਕੀਤਾ ਅਤੇ ਅਗਲੀ ਸਵੇਰ ਮਿੱਟੀ ਦਾ ਤੇਲ ਪਾ ਸ਼ਹੀਦਾਂ ਦੇ ਸ਼ਹੀਦੀ ਸਰੂਪ ਸਾੜੇ ਗਏ ਅਤੇ ਸ਼ਹੀਦ ਭਾਈ ਹਰਮਿੰਦਰ ਸਿੰਘ ਜੀ ਦੇ ਮੂੰਹ ਵਿੱਚ ਆਪਣਾ ਸਰਵਿਸ ਰਿਵਾਲਵਰ ਪਾ ਕੇ ਕਤਲ ਕਰਨ ਵਾਲਾ ਉਸ ਸਮੇਂ ਦਾ ਪੁਲਿਸ ਇੰਸਪੈਕਟਰ ਜਸਕੀਰਤ ਸਿੰਘ ਚਾਹਲ ਹੀ ਜਿੰਦਾ ਹਨ। ਸਾਕੇ ਦੇ ਮੁੱਖ ਦੋਸ਼ੀਆਂ ਵਿੱਚੋਂ ਮੁਹੰਮਦ ਇਜ਼ਹਾਰ ਆਲਮ ਅਤੇ ਸਵਰਨ ਸਿੰਘ ਘੋਟਣਾ ਬਿਨ੍ਹਾਂ ਕਿਸੇ ਅਦਾਲਤ ਦਾ ਸਾਹਮਣਾ ਕੀਤੇ ਜਾਂ ਸਜ਼ਾ ਭੁਗਤੇ ਮਰ ਗਏ ਨੇ ਅਤੇ ਐੱਸ ਪੀ ਡੀ ਸੁਰਜੀਤ ਸਿੰਘ ਤੇ ਪੁਲਿਸ ਇੰਸਪੈਕਟਰ ਹਰਿੰਦਰਪਾਲ ਸਿੰਘ ਕੰਗ ਜਿਨ੍ਹਾਂ ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਜਲਾਈਆਂ ਜਿਓੰਦੇ ਨੇ ਜਾਂ ਮਾਰ ਗਏ ਸੰਬੰਧੀ ਕੋਈ ਪੁਖਤਾ ਜਾਣਕਾਰੀ ਨਹੀਂ ਹੈ।