1984 ਸਿੱਖ ਵਿਰੋਧੀ ਦੰਗੇ: ਟਾਈਟਲਰ ਖ਼ਿਲਾਫ਼ ਚਾਰਜਸ਼ੀਟ ’ਤੇ 19 ਨੂੰ ਫ਼ੈਸਲਾ ਕਰੇਗੀ ਅਦਾਲਤ

1984 ਸਿੱਖ ਵਿਰੋਧੀ ਦੰਗੇ: ਟਾਈਟਲਰ ਖ਼ਿਲਾਫ਼ ਚਾਰਜਸ਼ੀਟ ’ਤੇ 19 ਨੂੰ ਫ਼ੈਸਲਾ ਕਰੇਗੀ ਅਦਾਲਤ

ਨਵੀਂ ਦਿੱਲੀ- ਇਥੋਂ ਦੀ ਅਦਾਲਤ 19 ਜੁਲਾਈ ਨੂੰ ਫੈਸਲਾ ਕਰੇਗੀ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਕਥਿਤ ਪੁਲ ਬੰਗਸ਼ ਕਤਲੇਆਮ ਨਾਲ ਸਬੰਧਤ ਮਾਮਲੇ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਚਾਰਜਸ਼ੀਟ ਦਾ ਨੋਟਿਸ ਲੈਣਾ ਹੈ ਜਾਂ ਨਹੀਂ। ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ (ਏਸੀਐੱਮਐੱਮ) ਵਿਧੀ ਗੁਪਤਾ ਆਨੰਦ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਨਾਲ-ਨਾਲ ਸ਼ਿਕਾਇਤਕਰਤਾ ਵੱਲੋਂ ਪੇਸ਼ ਹੋਏ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 7 ਜੁਲਾਈ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਜੱਜ ਨੇ ਅਦਾਲਤ ਦੇ ਕਰਮਚਾਰੀਆਂ ਨੂੰ ਇਹ ਵੀ ਦੇਖਣ ਲਈ ਕਿਹਾ ਕਿ ਕੀ ਪਹਿਲਾਂ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਅਦਾਲਤ ਤੋਂ ਪ੍ਰਾਪਤ ਕੇਸ ਰਿਕਾਰਡ ਪੂਰਾ ਹੈ ਜਾਂ ਨਹੀਂ। ਉਨ੍ਹਾਂ ਇਸ ਮਾਮਲੇ ਦੀ ਅਗਲੀ ਸੁਣਵਾਈ 19 ਜੁਲਾਈ ਤੱਕ ਰਿਪੋਰਟ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਜੱਜ ਨੇ ਕਿਹਾ ਕਿ ਕੜਕੜਡੂਮਾ ਵਿੱਚ ਅਦਾਲਤ ਦੇ ਕਰਮਚਾਰੀ ਵੱਲੋਂ ਦਾਇਰ ਦਸਤਾਵੇਜ਼ ਬਹੁਤ ਜ਼ਿਆਦਾ ਹਨ ਅਤੇ ਇਸ ਵਿੱਚ ਸੱਤ ਨਿਆਂਇਕ ਫਾਈਲਾਂ ਸਨ। ਉਨ੍ਹਾਂ ਨੇ ਸੀਬੀਆਈ ਨੂੰ ਟਾਈਟਲਰ ਦੀ ਆਵਾਜ਼ ਦੇ ਨਮੂਨਿਆਂ ਦੀ ਫੋਰੈਂਸਿਕ ਜਾਂਚ ਸਬੰਧੀ ਫੋਰੈਂਸਿਕ ਸਾਇੰਸ ਲੈਬਾਰਟਰੀ (ਐਫਐਸਐਲ) ਦੀ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਦਿੱਤੇ। ਸੀਬੀਆਈ ਨੇ ਇਸ ਮਾਮਲੇ ਵਿੱਚ ਟਾਈਟਲਰ ਖ਼ਿਲਾਫ਼ 20 ਮਈ ਨੂੰ ਚਾਰਜਸ਼ੀਟ ਦਾਖ਼ਲ ਕੀਤੀ ਸੀ।