1984 ਦੇ ਸ਼ਹੀਦਾਂ ਨੂੰ ਸਮਰਪਤਿ ਮੋਮਬੱਤੀ ਮਾਰਚ

1984 ਦੇ ਸ਼ਹੀਦਾਂ ਨੂੰ ਸਮਰਪਤਿ ਮੋਮਬੱਤੀ ਮਾਰਚ

ਨਵੀਂ ਦਿੱਲੀ : ਇੱਥੋਂ ਦੇ ਗੁਰਦੁਆਰਾ ਰਕਾਬਗੰਜ ਵਿੱਚ ਕੱਲ੍ਹ ਦੇਰ ਸ਼ਾਮ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮੋਮਬੱਤੀ ਮਾਰਚ ਕੀਤਾ ਗਿਆ। ਇਸ ਮੌਕੇ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਲੱਖਾਂ ਰੁਪਏ ਤੱਕ ਦੇ ਬਜਿਲੀ ਬਿੱਲਾਂ ਦੇ ਬਕਾਏ ਭਰਨ ਲਈ ਕਿਹਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਮੁੜ ਵਸੇਬੇ ਲਈ ਅਲਾਟ ਹੋਏ ਫਲੈਟਾਂ ਦੇ ਹੋਮ ਲੋਨ ਦੀ ਅਦਾਇਗੀ ਲਈ ਨੋਟਿਸ ਵੀ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਦਿੱਲੀ ਅਤੇ ਕੇਂਦਰ ਦੀਆਂ ਸਰਕਾਰਾਂ ਨਾਲ ਬਕਾਇਆ ਬਜਿਲੀ ਬਿੱਲਾਂ ਦੀ ਮੁਆਫ਼ੀ ਅਤੇ ਸਾਰੇ ਦੰਗਾ ਪੀੜਤਾਂ ਦੇ ਹੋਮ ਲੋਨ ਦੀ ਵਿਆਜ ਮੁਆਫ਼ੀ ਲਈ ਗੱਲਬਾਤ ਕਰ ਰਹੇ ਹਨ। ਸ੍ਰੀ ਸਾਹਨੀ ਨੇ ਕਿਹਾ ਕਿ ਇਹ ਮੁੱਦਾ ਸੰਸਦ ਵਿੱਚ ਵੀ ਉਠਾਇਆ ਸੀ ਅਤੇ ਉਹ ਇਹ ਵਾਰ ਵਾਰ ਕਹਿੰਦੇ ਰਹੇ ਹਨ ਹੈ ਕਿ 1984 ਦੇ ਦੰਗਿਆਂ ਬਾਰੇ ਆਈਬੀ, ਐੱਸਆਈਬੀ ਤੇ ਰਾਅ ਦੀਆਂ ਸਾਰੀਆਂ ਰਿਪੋਰਟਾਂ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਸ ਘਿਣਾਉਣੀ ਘਟਨਾ ਪਿਛਲੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਕਤਲੇਆਮ ਵਿਚ 30,000 ਤੋਂ ਵੱਧ ਜਾਨਾਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੀੜਤਾਂ ਨੂੰ ਪੰਜ ਲੱਖ ਰੁਪਏ ਮੁਆਵਜ਼ੇ ਵਜੋਂ ਦਿੱਤੇ ਹਨ ਪਰ ਇਹ ਮਨੁੱਖੀ ਜਾਨ ਦੀ ਕੀਮਤ ਨਹੀਂ ਹੋ ਸਕਦੀ।