1984 ਦੇ ਮਹਾਨ ਸ਼ਹੀਦਾਂ ਦੀ ਯਾਦ ’ਚ ਗੁਰਦੁਆਰਾ ਸਾਹਿਬ ਸੈਨਹੋਜ਼ੇ ਵਿਖੇ ਸ਼ਹੀਦੀ ਸਮਾਗਮ

1984 ਦੇ ਮਹਾਨ ਸ਼ਹੀਦਾਂ ਦੀ ਯਾਦ ’ਚ ਗੁਰਦੁਆਰਾ ਸਾਹਿਬ ਸੈਨਹੋਜ਼ੇ ਵਿਖੇ ਸ਼ਹੀਦੀ ਸਮਾਗਮ

ਸੈਨਹੋਜੇ/ਕੈਲੀਫੋਰਨੀਆ : 1984 ਦੇ ਮਹਾਨ ਸ਼ਹੀਦਾਂ ਦੀ ਯਾਦ ’ਚ ਗੁਰਦੁਆਰਾ ਸਾਹਿਬ ਸੈਨਹੋਜ਼ੇ ਵਿਖੇ ਸ਼ਹੀਦੀ ਸਮਾਗਮ ਸ਼ਰਧਾ ਅਤਟ ਸੇਵਾ ਨਾਲ ਮਨਾਇਆ ਗਿਆ। ਜਿਨ੍ਹਾਂ ਨੇ ਕੌਮ ਦੀ ਅਣਖ ਗੈਰਤ ਅਤੇ ਅਜ਼ਾਦੀ ਆਪਣੀਆਂ ਜਾਨਾਂ ਹੱਸ ਹੱਸਕੇ ਵਾਰ ਦਿੱਤੀਆਂ।
ਗੁਰਦੁਆਰਾ ਸਾਹਿਬ ਸੈਨਹੋਜ਼ੇ ਵਿਖੇ ਕੌਮੀ ਪੀੜ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਕਰਵਾਏ ਗਏ ਮਹਾਨ ਸ਼ਹੀਦੀ ਦਿਹਾੜੇ ਸਮੇਂ ਧੁਰ ਕੀ ਬਾਣੀ ਦੇ ਪਾਠ ਦੇ ਭੋਗ ਪਾਏ ਗਏ। ਸੰਗਤਾਂ ਨੇ ਬੜੀ ਸ਼ਰਧਾ ਨਾਲ ਹਾਜ਼ਰੀਆਂ ਭਰੀਆਂ। ਗੁਰੂ ਅੱਗੇ ਨਤਮਸਤਕ ਹੋਏ ਸ਼ਹੀਦਾਂ ਨੂੰ ਯਾਦ ਕੀਤਾ।
ਸ਼ਹੀਦ ਪਰਿਵਾਰਾਂ ਵਿਚੋਂ ਨਵਕਿਰਨ ਕੌਰ ਖਾਲੜਾ, ਤਰਲੋਚਨ ਸਿੰਘ ਬੇਟਾ ਸ਼ਹੀਦ ਭਾਈ ਅਮਰੀਕ ਸਿੰਘ ਸਿੰਘ, ਗੁਰਮੀਤ ਸਿੰਘ ਆਕਲੀਆ ਪੁੱਤਰ ਸ਼ਹੀਦ ਦਰਸ਼ਨ ਸਿੰਘ ਆਕਲੀਆ, ਕਿਰਪਾਲ ਸਿੰਘ ਭਰਾਤਾ ਭਾਈ ਜਰਨੈਲ ਸਿੰਘ ਹਲਵਾਰਾ, ਰਣਵੀਰ ਸਿੰਘ ਮੂੰਡਖੇੜਾ ਪੁੱਤਰ ਸ਼ਹੀਦ ਭਾਈ ਸ਼ਮਸ਼ੇਰ ਸਿੰਘ ਮੂੰਡਖੇੜਾ, ਬਲਕਾਰ ਸਿੰਘ ਪੁੱਤਰ ਸ਼ਹੀਦ ਭਾਈ ਨਿਰਮਲ ਸਿੰਘ ਚੌਲ੍ਹਾ ਸਾਹਿਬ, ਅਮਰਜੀਤ ਸਿੰਘ ਪਿੰਡ ਬਾਲਾ ਭਰਾਤਾ, ਸ਼ਹੀਦ ਭਾਈ ਸੁਰਿੰਦਰ ਸਿੰਘ ਬਾਬਾ ਅਤੇ ਸ਼ਹੀਦ ਭਾਈ ਹਰਵਿੰਦਰ ਸਿੰਘ, ਨਕੋਦਰ ਗੋਲੀ ਕਾਂਡ ਵਿਚ ਸ਼ਹੀਦ ਰਵਿੰਦਰ ਸਿੰਘ ਲਿੱਤਰਾ ਅਤੇ ਪਿਤਾ ਜੀ ਸ੍ਰ. ਬਲਦੇਵ ਸਿੰਘ, ਸ਼ਹੀਦ ਗੋਪਾਲ ਸਿੰਘ ਹੋਰਾਂ ਨੂੰ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਅਤੇ ਜਥੇਬੰਦੀਆਂ ਵਲੋਂ ਸਨਮਾਨਿਤ ਕੀਤਾ ਗਿਆ। ਭਾਈ ਬਲਕਾਰ ਸਿੰਘ ਚੌਲ੍ਹਾ ਸਾਹਿਬ ਦੇ ਕਵੀਸ਼ਰੀ ਜਥੇ ਨੇ ਸ਼ਹੀਦੀ ਵਾਰਾਂ ਗਾ ਕੇ ਸ਼ਹੀਦਾਂ ਦੇ ਇਤਿਹਾਸ ਦੀ ਸਾਂਝ ਪਾਈ।
ਬੁਲਾਰਿਆਂ ਵਿਚ ਅਕਾਲੀ ਦਲ ਅੰਮ੍ਰਿਤਸਰ ਕੈਲੀਫੋਰਨੀਆ ਦੇ ਪ੍ਰਧਾਨ ਸ੍ਰ. ਤਰਸੇਮ ਸਿੰਘ, ਬੀਬੀ ਨਵਕਿਰਨ ਕੌਰ ਖਾਲੜਾ, ਭਾਈ ਤਰਲੋਚਨ ਸਿੰਘ, ਬਾਪੂ ਬਲਦੇਵ ਸਿੰਘ ਜੀ ਲਿੱਤਰਾਂ, ਭਾਈ ਗੁਰਮੀਤ ਸਿੰਘ ਜੀ ਖਾਲਸਾ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ। ਭਾਈ ਸੁਖਦੇਵ ਸਿੰਘ ਬੈਨੀਵਾਲ ਹੋਰਾਂ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ ਅਤੇ ਸ਼ਹੀਦੀ ਦਿਹਾੜੇ ’ਤੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗੁਰਦੁਆਰਾ ਸਾਹਿਬ ਨਾਲ ਮਿਲ ਕੇ ਸ਼ਹੀਦੀ ਪ੍ਰੋਗਰਾਮ ਉਲੀਕਣ ਅਤੇ ਨੇਪਰੇ ਚਾੜ੍ਹਨ ਲਈ ਪੰਥਕ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਸੰਗਤ ਬੇਏਰੀਆ ਅਤੇ ਸਿੱਖ ਇਨਫਰਮੇਸ਼ਨ ਸੈਂਟਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਗੁਰਦੁਆਰਾ ਸਾਹਿਬ ਆਸ ਕਰਦਾ ਹੈ ਕਿ ਉਪਰੋਕਤ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਹੋਰ ਵੀ ਕੌਮੀ ਦਿਹਾੜੇ ਮਨਾਉਣ ਦੇ ਉਪਰਾਲੇ ਕਰੇਗਾ ਅਤੇ ਕੌਮ ਦੀ ਅਣਖ ਗੈਰਤ ਅਤੇ ਅਜ਼ਾਦੀ ਲਈ ਮਰ ਮਿਟਣ ਵਾਲੇ ਪਰਿਵਾਰਾਂ ਦਾ ਸਮੂਹ ਪ੍ਰਬੰਧਕ ਕਮੇਟੀ ਆਰਗੇਨਾਈਜਰਾਂ ਵਲੋਂ ਸੰਗਤ ਸਨਮਾਨ ਕੀਤਾ ਗਿਆ।