16 ਨਵੰਬਰ 1915 ਸ਼ਹੀਦੀ ਦਿਵਸ ’ਤੇ ਵਿਸ਼ੇਸ਼ – ਗ਼ਦਰ ਲਹਿਰ ਦਾ ਬਾਗ਼ੀ ਨਾਇਕ ਕਰਤਾਰ ਸਿੰਘ ਸਰਾਭਾ

16 ਨਵੰਬਰ 1915 ਸ਼ਹੀਦੀ ਦਿਵਸ ’ਤੇ ਵਿਸ਼ੇਸ਼ – ਗ਼ਦਰ ਲਹਿਰ ਦਾ ਬਾਗ਼ੀ ਨਾਇਕ ਕਰਤਾਰ ਸਿੰਘ ਸਰਾਭਾ

ਪ੍ਰਮਿੰਦਰ ਸਿੰਘ ‘ਪ੍ਰਵਾਨਾ’
ਕੈਲੀਫੋਰਨੀਆ ਯੂ.ਐਸ.ਏ.)
(510) 415-9377

ਗ਼ਦਰ ਲਹਿਰ ਆਜ਼ਾਦੀ ਤੇ ਬਰਾਬਰੀ ਦਾ ਰਾਹ ਦਿਖਾਉਣ ਵਾਲੀ ਪਹਿਲੀ ਲਹਿਰ ਹੈ। ਇਸ ਦਾ ਅਰੰਭ 25 ਜੂਨ, 1013 ਵਿਚ ਅਮਰੀਕਾ ਵਿਚ ਹੋਇਆ। ਜਿਸ ਵਿਚ ਹਿੰਦੀ ਮਿਹਨਤਕਸ਼, ਜਲਾਵਤਨ ਦੇਸ਼ ਭਗਤ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਅਜ਼ਾਦੀ ਦੀ ਲੜਾਈ ਵਿਚ ਜੇਲ੍ਹਾਂ ਅਤੇ ਫਾਂਸੀਆਂ ਇਸੇ ਲਹਿਰ ਹੇਠ ਹੋਈਆਂ। ਜਿਸਨੇ ਹਿੰਦੀਆਂ ਦੇ ਖੂਨ ਵਿਚ ਅਜ਼ਾਦੀ ਲਈ ਮਰ-ਮਿੱਟਣ ਵਾ ਜੋਸ਼ ਭਰਿਆ। ਇਸੇ ਲਹਿਰ ਦੇ ਮਹਾਨ ਨਾਇਕ ਕਰਤਾਰ ਸਿੰਘ ਸਰਾਭਾ ਦਾ ਨਾਉਂ ਇਤਿਹਾਸ ਵਿਚ ਬੜੇ ਮਾਣ ਨਾਲ ਲਿਆ ਜਾਂਦਾ ਹੈ। ਉਸਦੇ ਕਾਰਨਾਮੇ ਬੇਮਿਸਾਲ ਸਨ। ਉਹ ਸੰਜੀਦਗੀ ਅਤੇ ਜੋਸ਼ ਦਾ ਇਕਸਾਰ ਸੁਮੇਲ ਸੀ।
ਸਰਾਭਾ ਦਾ ਜਨਮ ਲੁਧਿਆਣਾ ਪੱਛਮੀ ਦੇ ਪਿੰਡ ਸਰਾਭਾ, ਪੁਰਾਤਨ ਨਾਉਂ ਸਿਰਹਾਬ ਮਤਲਬ ਹਰੀ ਭਰੀ ਜਗ੍ਹਾ। ਮਾਤਾ ਸਾਹਿਬ ਕੌਰ, ਪਿਤਾ ਮੰਗਲ ਸਿੰਘ ਦੇ ਗ੍ਰਹਿ 24 ਮਈ, 1896 ਵਿਚ ਹੋਇਆ। ਛੋਟੀ ਉਮਰ ਵਿਚ ਹੀ ਉਸਦੇ ਮਾਪੇ ਅਕਾਲ ਚਲਾਣਾ ਕਰ ਗਏ ਸਨ। ਉਸ ਦਾ ਪਾਲਣ ਪੋਸ਼ਣ ਉਸਦੇ ਦਾਦਾ ਬਚਨ ਸਿੰਘ ਨੇ ਕੀਤਾ। ਮੁਢਲੀ ਵਿਦਿਆ ਪਿੰਡ ਦੇ ਸਕੂਲ ਵਿਚ ਪ੍ਰਾਪਤ ਕੀਤੀ। ਨੌਵੀਂ ਜਮਾਤ ਤੱਕ ਪੜ੍ਹਾਈ ਮਾਲਵਾ ਹਾਈ ਸਕੂਲ ਲੁਧਿਆਣਾ ਵਿਖੇ ਕੀਤੀ। ਉਹ 5’-8’’ ਦਾ ਸੋਹਣਾ ਤੰਦਰੁਸਤ ਗੱਭਰੂ ਸੀ। ਬੜਾ ਹੱਸ ਮੁੱਖ, ਮਖੌਲੀਆ ਅਤੇ ਸ਼ਰਾਰਤੀ ਸੀ। ਉਸ ਵਿਚ ਇਕ ਆਗੂ ਵਾਲੇ ਸਭ ਗੁਣ ਸਨ। ਉਹ ਹਰ ਇਕ ਕੰਮ ਅੱਗੇ ਹੋ ਕੇ ਕਰਦਾ। ਆਪਣੇ ਇਸ ਆਚਰਣ ਕਰਕੇ ਹਰਮਨ ਪਿਆਰਾ ਸੀ। ਦਸਵੀਂ ਦੀ ਪੜ੍ਹਾਈ ਆਪਣੇ ਚਾਚਾ ਕੋਲ ਰਹਿ ਕੇ ਰਵੇਨਸ਼ਰ ਯੂਨੀਵਰਸਿਟੀ ਕਟਕ ਉੜੀਸਾ ਤੋਂ ਪ੍ਰਾਪਤ 1912 ਵਿਚ ਕੀਤੀ। ਉਸਨੂੰ ਅੰਗਰੇਜ਼ੀ ਸਾਹਿਤ ਪੜ੍ਹਨ ਦਾ ਬੜਾ ਸ਼ੌਕ ਸੀ। ਬੰਗਾਲ ਉੜੀਸਾ ਦੀ ਅਜ਼ਾਦੀ ਲਹਿਰ ਨੇ ਉਸ ਨੂੰ ਬਹੁਤ ਪ੍ਰਭਾਵਤ ਕੀਤਾ।
ਜਨਵਰੀ 1912 ਨੂੰ ਸਾਨਫਰਾਂਸਿਸਕੋ ਅਮਰੀਕਾ ਪਹੁੰਚ ਗਿਆ। ਪਹੁੰਚਦਿਆਂ ਹੀ ਉਸਨੇ ਵੇਖਿਆ ਕਿ ਆਵਾਜਾਈ ਮਹਿਕਮਾ ’ਚ ਭਾਰਤੀਆਂ ਦੀ ਬੜੀ ਸਖ਼ਤ ਪੁੱਛ-ਪੜ੍ਹਾਲ ਕਰ ਰਿਹਾ ਸੀ। ਇਕ ਸਾਥੀ ਕੋਲੋਂ ਉਸਨੂੰ ਮਾਲੂਮ ਹੋਇਆ ਕਿ ਦੁਨੀਆ ਦੇ ਦੇਸ਼ ਭਾਰਤ ਇਕ ਗੁਲਾਮ ਦੇਸ਼ ਹੋਣ ਕਰਕੇ ਉਥੋਂ ਦੇ ਵਾਸੀਆਂ ਨੂੰ ਸ਼ੱਕ ਅਤੇ ਭੈੜੀ ਨਜ਼ਰ ਨਾਲ ਵੇਖਦੇ ਹਨ। ਇਸ ਵਤੀਰੇ ਦਾ ਸਰਾਭਾ ਦੇ ਦਿਲ ਨੂੰ ਬੜਾ ਸਦਮਾ ਲੱਗਿਆ। ਉਸਨੇ ਦੇਖਿਆ ਕਿ ਅਮਰੀਕਾ ਵਿਚ ਨਸਲਵਾਦ ਜ਼ੋਰਾਂ ’ਤੇ ਹੈ। ਉਸਨੂੰ ਭਾਰਤੀਆਂ ਨਾਲ ਵਿਤਕਰੇ ਅਤੇ ਦੁਰਦਸ਼ਾ ਦਾ ਪਤਾ ਲੱਗਾ। ਉਹ ਘੱਟ ਉਜਰਤ ’ਤੇ ਕੰਮ ਕਰਦੇ ਸਨ। ਕਈ ਥਾਈਂ ਰੁਜ਼ਗਾਰ ਵੀ ਖੁੱਸ ਜਾਂਦੇ ਸਨ। ਇਥੋਂ ਤੱਕ ਕਿ ਮਾਰ-ਕਟਾਈ ਵੀ ਹੋ ਜਾਂਦੀ ਸੀ। ਅਜ਼ਾਦ ਦੇਸ਼ ਵਿਚ ਵਿਚਰਦਿਆਂ ਉਸਨੂੰ ਭਾਰਤੀ ਗੁਲਾਮੀ ਦਾ ਫਰਕ ਨਜ਼ਰ ਆਇਆ। ਜੇ ਅਸੀਂ ਗੁਲਾਮ ਨਾ ਹੁੰਦੇ ਤਾਂ ਵਿਦੇਸ਼ਾਂ ਵਿਚ ਸਾਡੀ ਬੇਇੱਜ਼ਤੀ ਨਾ ਹੁੰਦੀ। ਸਰਾਭਾ ਨੇ ਕੈਲੀਫੋਰਨੀਆ ਦੀ ਯੂਨੀਵਰਸਿਟੀ ਬਰਕਲੇ ਵਿਚ ਰਸਾਇਣ ਵਿਗਿਆਨ ਦੀ ਪੜ੍ਹਾਈ ਵਿਚ ਦਾਖਲਾ ਲਿਆ।
ਭਾਰਤ ਦੀ ਗੁਲਾਮੀ ਤੋਂ ਚਿੰਤਾਤੁਰ ਹੋ ਕੇ ਉਸਨੇ ਜੋਸ਼ ਵਿਚ ਕਿਹਾ ਕਿ ਮੇਰੀ ਜ਼ਿੰਦਗੀ ਹੁਣ ਕੌਮ ਅਤੇ ਦੇਸ਼ ਦੀ ਅਮਾਨਤ ਹੈ। ਉਸਨੂੰ ਦੇਸ਼ ਸੇਵਾ ਦੀ ਲਗਨ ਲੱਗ ਗਈ। ਉਸ ਨੇ ਜਾਣ ਲਿਆ ਕਿ ਭਾਰਤੀਆਂ ਦੇ ਦਿਲਾਂ ਵਿਚ ਇਥੇ ਰਹਿੰਦੇ ਵੀ ਦਿਲ ਵਿਚ ਭਾਰਤ ਦੀ ਗੁਲਾਮੀ ਦਾ ਰੋਸ ਹੈ। ਉਸਨੇ ਸਾਥੀਆਂ ਵਿਚ ਰਾਜਨੀਤਕ ਜਾਗ੍ਰਿਤੀ ਦਾ ਕੰਮ ਆਰੰਭ ਦਿੱਤਾ। ਮਈ 1912 ਵਿਚ ਹੋਈ ਇਕੱਤਰਤਾ ਵਿਚ ਬੜੇ ਉਘੇ ਲੋਕ ਹਾਜ਼ਰ ਹੋਏ ਕਿ ਸਾਨੁੰ ਭਾਰਤ ਵਿਚੋਂ ਗੁਲਾਮੀ ਦੀ ਲਾਹਨਤ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਭਾਰਤ ਦੀ ਅਜ਼ਾਦੀ ਲਈ ਵਿਉਂਤਬੰਦੀ ਕੀਤੀ ਜਾਵੇ। ਇਸ ਵਿਉਂਤ ਵਿਚ ਇਕ ਅਖ਼ਬਾਰ ਕੱਢਣ ਦੀ ਤਜਵੀਜ਼ ਦਾ ਮਤਾ ਪਾਸ ਹੋਇਆ। ਉਸ ਵੇਲੇ ਗ਼ਦਰ ਪਾਰਟੀ ਦਾ ਮੁੱਢ ਬੱਝ ਰਿਹਾ ਸੀ। ਸਰਾਭਾ ਨੂੰ ਪ੍ਰਧਾਨ ਸੋਹਣ ਸਿੰਘ ਭਕਨਾ ਤੇ ਸਕੱਤਰ ਲਾਲਾ ਹਰਦਿਆਲ ਨਾਲ ਬੜੇ ਨੇੜੇ ਹੋ ਕੇ ਗ਼ਦਰ ਲਈ ਕੰਮ ਕਰਨ ਦਾ ਮੌਕਾ ਮਿਲਿਆ। ਜਿਸ ਨਾਲ ਉਹ ਪਾਰਟੀ ਵਿਚ ਜਲਦੀ ਹੀ ਹਰਮਨ ਪਿਆਰਾ ਹੋ ਗਿਆ। ਪਾਰਟੀ ਦੇ ਕੇਂਦਰੀ ਸਨਫਰਾਂਸਿਸਕੋ ਤੋਂ ਦੇਸ਼ ਦੀ ਅਜ਼ਾਦੀ ਦੀ ਲੜਾਈ ਦੇ ਪ੍ਰਚਾਰ ਹਿਤ ‘ਗ਼ਦਰ’ ਨਾਉਂ ਦਾ ਅਖ਼ਬਾਰ ਉਰਦੂ ਅਤੇ ਪੰਜਾਬੀ ਵਿਚ ਜਾਰੀ ਕੀਤਾ। ਸਰਾਭਾ ਨੇ ਅਖ਼ਬਾਰ ਦੇ ਕੰਮ ਦੀ ਪੂਰੀ ਜ਼ਿੰਮੇਵਾੀਰ ਸੰਭਾਲੀ। ਅਖਬਾਰ ਵਿਚ ਅੰਗਰੇਜ਼ਾਂ ਦੇ ਜ਼ੁਲਮ ਅਤੇ ਚਲਾਕੀਆਂ ਦਾ ਭੇਦ ਖੋਲ੍ਹਿਆ ਜਾਂਦਾ। ਅੰਗਰੇਜ਼ਾਂ ਵਿਰੁੱਧ ਬਗਾਵਤ ਕਰਨ ਦੀ ਵਿਉਂਤ, ਅਸਲਾ ਸੰਭਾਲਣ ਤੇ ਵਰਤਣ ਦੇ ਨਾਲ ਹੀ ਬੰਬ ਬਣਾਉਣ ਦੇ ਤਰੀਕੇ ਦੱਸੇ ਜਾਂਦੇ ਸਨ। ਅਖ਼ਬਾਰ ਡਾਕ ਰਾਹੀਂ ਜਿਥੇ ਕਿੱਤੇ ਵੀ ਭਾਰਤੀ ਵੱਸਦੇ ਸਨ, ਸੰਸਾਰ ਪੱਧਰ ’ਤੇ ਮੁਫ਼ਤ ਭੇਜਿਆ ਜਾਂਦਾ ਸੀ। ਅਖ਼ਬਾਰ ਦਾ ਖਰਚਾ ਮੈਂਬਰਾਂ ਦੇ ਚੰਦੇ ਅਤੇ ਸਹਿਯੋਗ ਨਾਲ ਚੱਲਣ ਲੱਗਾ। ਸਰਾਭਾ ਦਾ ਮੁੱਖ ਮੰਤਵ ਲਿਖਤਾਂ ਰਾਹੀਂ ਲੋਕਾਂ ਨੂੰ ਅਜ਼ਾਦੀ ਦੀ ਲੜਾਈ ਲਈ ਤਿਆਰ ਕਰਨਾ ਸੀ।
ਅਖ਼ਬਾਰ ਜਲਦੀ ਹੀ ਇਤਨਾ ਮਸ਼ਹੂਰ ਹੋ ਗਿਆ ਕਿ ਗ਼ਦਰ ਦੇ ਨਾਹਰੇ ਲੱਗਣ ਲੱਗੇ। ਲੋਕਾਂ ਵਿਚ ਬੜਾ ਜੋਸ਼ ਤੇ ਉਤਸ਼ਾਹ ਆਇਆ। ਲੋਕਾਂ ਵਿਚ ਕੁਰਬਾਨੀ ਦਾ ਜਜ਼ਬਾ ਜਾਗ ਪਿਆ। ਉਹ ਦੇਸ਼ ਦੀ ਆਨ, ਸ਼ਾਨ ਵਾਸਤੇ ਤਨ, ਮਨ ਤੇ ਧੰਨ ਵਾਰਨ ਲਈ ਤਿਆਰ ਹੋ ਗਏ। ਸਰਾਭਾ ਨੇ ਪੱਕੇ ਤੌਰ ’ਤੇ ਗ਼ਦਰ ਦਾ ਬਾਗੀ ਸਿਪਾਹੀ ਬਣਨ ਲਈ ਉਸਨੇ ਬੰਬ ਬਣਾਉਣਾ ਪਿਸਤੌਲ ਚਲਾਉਣ, ਜਹਾਜ਼ ਬਣਾਉਣਾ, ਮੁਰੰਮਤ ਕਰਨਾ ਅਤੇ ਉਡਾਣਾ ਇਕ ਜਹਾਜ਼ਾਂ ਦੀ ਕੰਪਨੀ ਨਿਊਯਾਰਕ ਤੋਂ ਸਿੱਖਿਆ। ਸਰਗਰਮ ਹੋਏ ਸਰਾਭਾ ਨੇ ਪਾਰਟੀ ਦੇ ਪ੍ਰੋਗਰਾਮਾਂ ਵਿਚ ਗਾਉਣਾ ਸ਼ੁਰੂ ਕਰ ਦਿੱਤਾ। ‘‘ਚਲੋ ਚੱਲੀਏ ਦੇਸ਼ ਨੂੰ ਯੁੱਧ ਕਰਨ, ਇਹੋ ਆਖਰੀ ਵਚਨਤੇ ਫੁਰਮਾਨ ਹੋ ਗਏ।’ ਸਰਾਭਾ ਦੀਆਂ ਅਜ਼ਾਦੀ ਪ੍ਰਤੀ ਸਰਗਰਮੀਆਂ ਨੂੰ ਵੇਖਦਿਆਂ ਗ਼ਦਰ ਪਾਰਟੀ ਨੇ ਇਕ ਵਿਸ਼ੇਸ਼ ਇਕੱਤਰਤਾ ਵਿਚ ਉਸ ਨੂੰ ਪ੍ਰਬੰਧਕੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ। ਉਸ ਨੇ ਬੜੀ ਮਿਹਨਤ ਤੇ ਲਗਨ ਨਾਲ ਅੰਗਰੇਜ਼ਾਂ ਦੀ ਗੁਲਾਮੀ ਦਾ ਜੁਲਾ ਲਾਉਣ ਲਈ ਅਮਰੀਕਾ ਤੇ ਕੈਨੇਡਾ ਵਿਚ ਭਾਰਤੀਆਂ ਨੂੰ ਸੰਗਠਤ ਕਰਨ ਦਾ ਕੰਮ ਕੀਤਾ।
1914 ਵਿਚ ਪਹਿਲੀ ਸੰਸਾਰ ਜੰਗ ਵਿਚ ਇੰਗਲੈਂਡ ਉਲਝ ਗਿਆ। ਗ਼ਦਰ ਪਾਰਟੀ ਲਈ ਭਾਰਤ ਨੂੰ ਅਜ਼ਾਦ ਕਰਵਾਉਣ ਦਾ ਸੁਨਹਿਰੀ ਮੌਕਾ ਸੀ। ‘ਗ਼ਦਰ’ ਅਖ਼ਬਾਰ ਨੇ ਆਪਣੇ 5 ਅਗਸਤ 1914 ਦੇਅੰਕ ਵਿਚ ਅੰਗਰੇਜ਼ੀ ਸ਼ਾਸਨ ਦੇ ਵਿਰੁੱਧ ਹਥਿਆਰਬੰਦ ਜੰਗ ਦਾ ਐਲਾਨ ਕਰ ਦਿੱਤਾ। ਅਖ਼ਬਾਰ ਦੀਆਂ ਹਜ਼ਾਰਾਂ ਕਾਪੀਆਂ ਪਿੰਡਾਂ ਸ਼ਹਿਰਾਂ, ਕਸਬਿਆਂ ਅਤੇ ਫੌਜੀ ਛਾਉਣੀਆਂ ਵਿਚ ਭੇਜੀਆਂ ਗਈਆਂ। ਸਤੰਬਰ 15, 1914 ਨੂੰ ਕਰਤਾਰ ਸਿੰਘ ਸਰਾਭਾ, ਸਤਿਅਮ ਸੇਨ ਤੇ ਵਿਸ਼ਣੂੰ ਗਣੇਸ਼ ਪਿੰਗਲੇ ਅਨੇਕਾਂ ਸਾਥੀਆਂ ਸਮੇਤ ਸਮੁੰਦਰੀ ਰਸਤੇ ਕਲਕੱਤਾ ਪਹੁੰਚ ਗਏ। ਵੱਖ-ਵੱਖ ਰਸਤਿਆਂ ਰਾਹੀਂ ਸੈਂਕੜੇ ਗ਼ਦਰੀ ਭਾਰਤ ਪਹੁੰਚ ਗਏ। ਸਰਾਭਾ ਅਤੇ ਪਿੰਗਲੇ ਯੁੰਗਾਂਤਰ ਪਾਰਟੀ ਦੇ ਨੇਤਾ ਹਾਸ ਬਿਹਾਰੀ ਬੋਸ ਨੂੰ ਬਨਾਰਸ ਜਾ ਮਿਲੇ। ਉਨ੍ਹਾਂ ਦਾ ਨਿਸ਼ਾਨਾ ਸੀ ਕਿ ਜਿਵੇਂ ਕਿਵੇਂ ਵੀ ਅੰਗਰੇਜ਼ੀ ਰਾਜ ਨੂੰ ਹਿੰਦੁਸਤਾਨ ਵਿਚੋਂ ਕੱਢਕੇ ਕ੍ਰਿਤੀ-ਰਾਜ ਸਥਾਪਤ ਕੀਤਾ ਜਾਵੇ। ਸਰਾਭਾ ਨੇ ਦੱਸਿਆ ਕਿ 20,000 ਹੋਰ ਗ਼ਦਰੀ ਜਲਦੀ ਹੀ ਭਾਰਤ ਪਹੁੰਚ ਜਾਣਗੇ। ਪਰ ਅਮਰੀਕਨ ਖੁਫ਼ੀਆ ਵਿਭਾਗ ਵਲੋਂ ਖ਼ਬਰਾਂ ਦੇ ਆਧਾਰ ’ਤੇ ਅਨੇਕਾਂ ਗ਼ਦਰੀਆਂ ਨੂੰ ਬੰਦਰਗਾਹਾਂ ’ਤੇ ਗ੍ਰਿਫ਼ਤਾਰ ਕਰ ਲਿਆ।
ਸਰਾਭਾ ਨੇ ਅੰਗਰੇਜ਼ਾਂ ਵਿਰੁੱਧ ਪ੍ਰਚਾਰ ਕਰਨ ਲਈ ਅਖਬਾਰ, ਪਰਚੇ ਅਤੇ ਇਸ਼ਤਿਹਾਰ ਨੌਜਵਾਨਾਂ ਵਿਚ ਵੰਡੇ। ਜਦੋਂ ਦਸੰਬਰ 1914 ਵਿਚ ਭਾਈ ਪਰਮਾਨੰਦ ਭਾਰਤ ਪੁੱਜੇ, ਉਦੋਂ ਤੱਕ ਸਰਾਭਾ ਲੁਧਿਆਣਾ ਵਿਚ ਸਥਾਪਤ ਹੋ ਚੁੱਕਾ ਸੀ। ਉਸਦਾ ਇਲਾਕੇ ਵਿਚ ਪੂਰਾ ਪ੍ਰਭਾਵ ਸੀ। ਉਹ ਹਥਿਆਰ ਲੈਣ ਲਈ ਬੰਗਾਲ ਗਏ। ਸਰਾਭਾ ਨੇ ਮੇਰਠ, ਆਗਰਾ, ਬਨਾਰਸ, ਅਲਾਹਾਬਾਦ, ਅੰਬਾਲਾ, ਲਾਹੌਰ ਅਤੇ ਰਾਵਲਪਿੰਡੀ ਦੀਆਂ ਫੌਜੀ ਛਾਉਣੀਆਂ ਵਿਚ ਫੌਜੀਆਂ ਨੂੰ ਵਿਦਰੋਹ ਲਈ ਉਕਸਾਇਆ। ਸਰਾਭਾ ਅਤੇ ਉਸਦੇ ਸਾਥੀ ਲੁਧਿਆਣਾ ਜ਼ਿਲ੍ਹੇ ਵਿਚ ਝਾਬੋਵਾਲ ਅਤੇ ਲੋਹਟਬੱਧੀ ਵਿਖੇ ਬੰਬ ਬਣਾਉਣ ਵਿਚ ਸਫ਼ਲ ਹੋ ਗਏ।
ਵਿਦਰੋਹ ਦੀ ਤਿਆਰੀ ਵਿਚ 25, ਜਨਵਰੀ 1915 ਨੂੰ ਹਾਸ ਬਿਹਾਰੀ ਬੌਸ ਅੰਮ੍ਰਿਤਸਰ ਪਹੁੰਚ ਗਿਆ। ਸੰਨ 1857 ਦੇ ਹਥਿਆਰਬੰਦ ਇਨਕਲਾਬ ਤੋਂ ਬਾਅਦ ਗ਼ਦਰੀਆਂ ਨੇ ਦੂਸਰਾ ਹਥਿਆਰਬੰਦ ਹਮਲਾ ਅੰਗਰੇਜ਼ੀ ਸਰਕਾਰੀ ਵਿਰੁੱਧ ਕਰਨਾ ਸੀ। ਸਰਾਭਾ ਅਤੇ ਸਾਥੀਆਂ ਨਾਲ 12 ਫਰਵਰੀ, 1915 ਨੂੰ ਹੋਈ ਇਕੱਤਰਤਾ ਵਿਚ ਫੈਸਲਾ ਕੀਤਾ ਕਿ 21 ਫਰਵਰੀ 1915 ਨੂੰ ਬਗਾਵਤ ਕੀਤੀ ਜਾਵੇ। ਜਿਸ ਵਿਚ ਫਿਰੋਜ਼ਪੁਰ ਅਤੇ ਮੀਆਂਮੀਰ ਛਾਉਣੀਆਂ ’ਤੇ ਕਬਜ਼ਾ ਕਰਨ ਤੋਂ ਬਾਅਦ ਦਿੱਲੀ ਅਤੇ ਅੰਬਾਲਾ ਦੀਆਂ ਛਾਉਣੀਆਂ ਵਿਚ ਬਗਾਵਤ ਕੀਤੀ ਜਾਵੇ। ਸਰਾਭਾ ਨੂੰ ਕਿਰਪਾਲ ਸਿੰਘ ਤੇ ਸ਼ੱਕ ਹੋ ਗਿਆ ਕਿ ਉਹ ਮੁਖਬਰ ਹੈ। ਸਰਾਭਾ ਨੇ ਰਾਸ ਬਿਹਾਰੀ ਬੋਸ ਨਾਲ ਸਲਾਹ ਕਰਕੇ ਗ਼ਦਰ ਦੀ ਤਾਰੀਖ 19 ਫਰਵਰੀ 1915 ਕਰ ਦਿੱਤੀ।
ਪਰ ਫੇਰ ਵੀ ਕਿਰਪਾਲ ਸਿੰਘ ਨੇ ਇਹ ਭੇਦ ਵੀ ਅੰਗਰੇਜ਼ੀ ਸਰਕਾਰ ਨੂੰ ਦੇ ਦਿੱਤਾ। ਸਰਾਭਾ ਮਿਥੇ ਸਮੇਂ ’ਤੇ 50-60 ਸਾਥੀਆਂ ਸਮੇਤ ਫਿਰੋਜ਼ਪੁਰ ਛਾਉਣੀ ਪਹੁੰਚ ਗਿਆ। ਪਰ 19 ਫਰਵਰੀ, 1915 ਤੋਂ ਪਹਿਲਾਂ ਹੀ ਅਨੇਕਾਂ ਗ਼ਦਰੀ ਗ੍ਰਿਫ਼ਤਾਰ ਹੋ ਗਏ ਸਨ। ਫੌਜੀਆਂ ਕੋਲੋਂ ਹਥਿਆਰ ਵੀ ਸੁਟਵਾ ਲਏ ਸਨ। ਇਸ ਲਈ ਫੌਜ ਬਗਾਵਤ ਨਾ ਕਰ ਸਕੀ। ਜਿਹੜੇ ਗ਼ਦਰੀ ਬਚ ਗਏ ਸਨ, ਉਨ੍ਹਾਂ ਨੂੰ ਹਿੰਦੋਸਤਾਨ ਛੱਡ ਜਾਣਦਾ ਗ਼ਦਰ ਪਾਰਟੀ ਨੇ ਹੁਕਮ ਦੇ ਦਿੱਤਾ। ਸਰਾਭਾ, ਜਗਤ ਸਿੰਘ ਤੇ ਹਰਨਾਮ ਸਿੰਘ ਟੁੰਡੀਲਾਟ ਅਫਗਾਨਿਤਸਾਨ ਵੱਲ ਚਲ ਪਏ। ਪਰ ਤਿੰਨੇ ਹੀ ਮੁਹਿੰਮ ਨੂੰ ਜਾਰੀ ਰੱਖਣ ਲਈ ਪੰਜਾਬ ਪਰਤ ਰਹੇ ਸਨ ਕਿ ਪੁਲਿਸ ਨੇ 2 ਮਾਰਚ, 1915 ਨੂੰ ਸ਼ਾਹਪੁਰ ਜ਼ਿਲ੍ਹੇ ਵਿਚ ਵਿਲਸਨਪੁਰ ਵਿਖੇ ਘੋੜ ਸਵਾਰ ਫੌਜ -22 ਨੂੰ ਵਰਗਲਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਸੀ।
13 ਸਤੰਬਰ 1915 ਨੂੰ ਮੁਕੱਦਮਾ ਚਲਿਆ ਤਾਂ ਸਰਾਭਾ ਨੇ ਸਾਰੇ ਦੋਸ਼ਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਜੱਜ ਵੀ ਉਸਦੀ ਦ੍ਰਿੜ੍ਹ ਵਿਦਵਤਾ ਤੋਂ ਪ੍ਰਭਾਵਿਤ ਹੋਇਆ ਕਿ ਉਮਰ ਵਿਚ ਸਭ ਤੋਂ ਛੋਟਾ ਗ਼ਦਰੀ ਇੰਨੀ ਨਿਡਰਤਾ ਨਾਲ ਬਿਆਨ ਦਿੰਦਾ ਹੈ। ਸਰਾਭਾ ਨੇ ਕਿਹਾ ਕਿ ਮੈਨੂੰ ਆਪਣੇ ਦੇਸ਼ ਲਈ ਕੀਤੀ ਸੇਵਾ ’ਤੇ ਮਾਣ ਹੈ।
ਸੈਂਟਰਲ ਜੇਲ੍ਹ ਲਾਹੌਰ ਵਿਚ ਬੈਠੀ ਵਿਸ਼ੇਸ਼ ਅਦਾਲਤ ਨੇ 63 ਗ਼ਦਰੀਆਂ ਵਿਰੁੱਧ ਫੈਸਲਾ ਸੁਣਾਇਆ। ਸਰਾਭਾ ਸਾਢੇ ਉਨ੍ਹੀਂ ਸਾਲ ਦਾ ਸਭ ਤੋਂ ਛੋਟਾ ਸੀ। ਸਰਾਭਾ ਸਮੇਤ 24 ਗ਼ਦਰੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ। ਗ਼ਦਰੀਆਂ ਵਲੋਂ ਕੇਸ ਦੀ ਪੈਰਵਈ ਕਰ ਰਹੇ ਵਕੀਲ ਰਘੂਵਰ ਸਹਾਏ ਨੇ ਉਨ੍ਹਾਂ ਦੀ ਫਾਂਸੀ ਦਾ ਮੁੱਦਾ ਵਾਇਸਰਾਏ ਕੌਂਸਲ ਕੋਲ ਰੱਖਿਆ। ਕੌਂਸਲ ਦੇ ਮੈਂਬਰ ਸਰ ਅਲੀ ਇਮਾਮ ਨੇ 24 ਗ਼ਦਰੀਆਂ ਵਿਚੋਂ 17 ਦੀ ਫਾਂਸੀ ਦੀ ਸਜ਼ਾ ਤੋਂ ਸਜ਼ਾ-ਏ-ਕਾਲੇ ਪਾਣੀ ਕਰਾ ਦਿੱਤੀ। ਸਰਾਭਾ ਦੀ ਫਾਂਸੀ ਵੀ ਤੁੜਵਾਉਣ ਦੀ ਕੋਸ਼ਿਸ਼ ਕੀਤੀ। ਪਰ ਵਾਇਸਰਾਏ ਨੇ ਅਪੀਲ ਖਾਰਜ ਕਰ ਦਿੱਤੀ।
ਸਰਾਭਾ ਬਾਰੇ ਫੈਸਲਾ ਲਿਖਿਆ ਕਿ ਸਾਰੇ ਗ਼ਦਰੀਆਂ ਵਿਚੋਂ ਸਰਾਭਾ ਸਭ ਤੋਂ ਜ਼ਿਆਦਾ ਖਤਰਨਾਕ ਹੈ ਕਿ ਅਮਰੀਕਾ ਤੋਂ ਭਾਰਤ ਤੱਕ ਕੋਈ ਵੀ ਅਜਿਹੀ ਘਟਨਾ ਨਹੀਂ ਜਿਸ ਵਿਚ ਸਰਾਭਾ ਸ਼ਾਮਲ ਨਾ ਹੋਵੇ। ਇਹ ਰਹਿਮ ਦੇ ਕਾਬਿਲ ਨਹੀਂ। ਸਰਾਭਾ ਨੇ ਕਿਹਾ ਕਿ ਤੁਸੀਂ ਮੈਨੂੰ ਵੱਧ ਤੋਂ ਵੱਧ ਫਾਂਸੀ ਲਗਾ ਸਕਦੇ ਹੋ। ਜਿੰਨੀ ਜਲਦੀ ਮੈਨੂੰ ਫਾਂਸੀ ਲੱਗੇਗੀ, ਉਨੀ ਜਲਦੀ ਮੈਂ ਦੁਬਾਰਾ ਜਨਮ ਲੈ ਕੇ ਦੇਸ਼ ਦੀ ਸੇਵਾ ਲਈ ਵਾਪਸ ਆਵਾਂਗਾ। ਇਹੀ ਜਜ਼ਬਾ ਅੱਗੇ ਜਾ ਕੇ ਕ੍ਰਾਂਤੀਕਾਰਾਂ ਭਗਤ ਸਿੰਘ ਅਤੇ ਊਧਮ ਸਿੰਘ ਦੇ ਸੰਘਰਸ਼ ਦਾ ਮਾਰਗ ਦਰਸ਼ਨ ਬਣਿਆ। ਮੁਕੱਦਮੇ ਤੋਂ ਬਾਅਦ ਸਰਾਭਾ ਚੜ੍ਹਦੀ ਕਲਾ ਵਿਚ ਰਿਹਾ। ਉਸਦੀ ਕਵਿਤਾ ਦੇ ਬੋਲ ਹਨ :
ਖਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ।
ਸਾਨੂੰ ਦੇਖ ਕੇ ਨਹੀਂ ਘਬਰਾ ਜਾਣਾ।
ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ
ਦਿਲੀ ਵਤਨ ਦਾ ਇਸ਼ਕ ਜਗ੍ਹਾ ਜਾਣਾ।
ਅਖ਼ੀਰ 16 ਨਵੰਬਰ 1915 ਨੂੰ ਸਾਢੇ ਉਨ੍ਹੀਂ ਸਾਲ ਦੀ ਉਮਰ ਵਿਚ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਛੇ ਸਾਥੀਆਂ ਬਖਸ਼ੀਸ਼ ਸਿੰਘ, ਜ਼ਿਲ੍ਹਾ ਅੰਮ੍ਰਿਤਸਰ, ਜਗਤ ਸਿੰਘ ਜ਼ਿਲ੍ਹਾ ਲਾਹੌਰ, ਸੁਰੈਣ ਸਿੰਘ-1 ਅਤੇ ਸੁਰੈਣ ਸਿੰਘ-2 ਦੋਵੇਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿਸ਼ਣੂੰ ਗਣੇਸ਼ ਪਿੰਗਲੇ ਜ਼ਿਲ੍ਹਾ ਪੂਨਾ (ਮਹਾਂਰਾਸ਼ਟਰ) ਦੇ ਨਾਲ ਸੈਂਟਰਲ ਜੇਲ੍ਹ ਲਾਹੌਰ, ਵਿਚ ਫਾਂਸੀ ਦੇ ਦਿੱਤੀ ਗਈ। ਸਰਾਭਾ ਦੀ ਆਖਰੀ ਖਾਹਿਸ਼ ਸੀ ਕਿ ਮੇਰੇ ਨਾਮ ਨਾਲ ‘ਬਾਗੀ’ ਲਗਾਇਆ ਜਾਵੇ। ਬਾਗੀ ਸਰਾਭਾ ਨੇ ਜੇਲਰ ਨੂੰ ਆਖਿਆ ਕਿ ਜੇਲਰ ਸਾਬ੍ਹ ਯੇ ਮਤ ਸੋਚਨਾ ਕਿ ਬਾਗੀ ਕਰਤਾਰ ਸਿੰਘ ਮਰ ਜਾਏਗਾ, ਮੇਰੇ ਖੂਨ ਕੇ ਜਿਤਨੇ ਕਤਰੇਂ ਹੈਂ, ਉਤਨੇ ਕਰਤਾਰ ਸਿੰਘ ਔਰ ਪੈਦਾ ਹੋਂਗੇ। ਔਰ ਦੇਸ਼ ਕੀ ਅਜ਼ਾਦੀ ਕੇ ਲੀਏ ਕਾਮ ਕਰੇਂਗੇ। ਸਰਾਭਾ ਦੀ ਯਾਦ ਵਿਚ ਉਸਦੇ ਪਿੰਡ ਵਿਖੇ ਦੋ ਏਕੜ ਜਗ੍ਹਾ ਵਿਚ ਉਸਦਾ ਬੁੱਤ, ਲਾਇਬ੍ਰੇਰੀ ਅਤੇ ਪਾਰਕ ਹੈ।
ਅੰਤਿਕ :
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ,
ਜਿਨ੍ਹਾਂ ਦੇਸ਼ ਦੀ ਸੇਵਾ ਵਿਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।
-ਕਰਤਾਰ ਸਿੰਘ ਸਰਾਭਾ