15 ਨਵੰਬਰ, 1757 ਸ਼ਹੀਦੀ ਦਿਵਸ ’ਤੇ ਵਿਸ਼ੇਸ਼ – ਬਾਬਾ ਦੀਪ ਸਿੰਘ ਜੀ ਸ਼ਹੀਦ

15 ਨਵੰਬਰ, 1757 ਸ਼ਹੀਦੀ ਦਿਵਸ ’ਤੇ ਵਿਸ਼ੇਸ਼ – ਬਾਬਾ ਦੀਪ ਸਿੰਘ ਜੀ ਸ਼ਹੀਦ

ਪ੍ਰਮਿੰਦਰ ਸਿੰਘ ‘ਪ੍ਰਵਾਨਾ’
ਕੈਲੀਫੋਰਨੀਆ ਯੂ.ਐਸ.ਏ.)
(510) 415-9377

ਸਿੱਖ ਧਰਮ ਇਕ ਸਮਾਜ ਸੁਧਾਰ ਲਹਿਰ ਹੈ। ਮਾਨਵਵਾਦੀ ਸੋਚ ਹੈ ਕਿ ਸਿੱਖ ਧਰਮ ’ਤੇ ਚਲਦਿਆਂ ਆਪਣੀ ਸਵੈ ਰੱਖਿਆ ਅਤੇ ਸਵੈ-ਮਾਣ ਵਾਲਾ ਜੀਵਨ ਜਿਉਣ ਲਈ ਤਿਆਰ ਹੋਣ। ਸਿਆਸੀ ਤਾਕਤ ਜਨ-ਸਾਧਾਰਣ ਨੂੰ ਹਾਸਲ ਹੋਵੇ। ਇਸ ਲਈ ਦ੍ਰਿੜ੍ਹ ਨਿਸਚੈ ਵਾਲੀ ਅਗਵਾਈ ਦੀ ਜ਼ਰੂਰਤ ਸੀ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਗ੍ਰਹਿਸੱਥ ਨੂੰ ਰੂਹਾਨੀ ਵਿਸਥਾਰ ਮੰਨਿਆ। ਸਮਾਜ ਨੂੰ ਝੂਠੇ-ਕ੍ਰਮਕਾਂਡਾਂ ਵਿਚੋਂ ਕੱਢ ਕੇ ਸਾਵੀਂ ਪੱਧਰੀ ਜੀਵਨ ਜਾਚ ਸਿਖਾਈ। ਸਿੱਖ ਗੁਰੂ ਸਾਹਿਬਾਨ ਨੇ ਨਾਬਰਾਬਰੀ ਵਾਲੇ ਸਮਾਜ ਦੀ ਧਾਰਮਿਕ, ਸਮਾਜਿਕ ਤੇ ਸਿਆਸੀ ਦਸ਼ਾ ਨੂੰ ਬਦਲਿਆ। ਉਨ੍ਹਾਂ ਨੇ ਬੇਗਰਜ਼ ਸੇਵਾ ’ਤੇ ਜ਼ੋਰ ਦਿੱਤਾ। ਸਮਾਜ ਨੂੰਜਾਤ ਪਾਤ ਦੇ ਬੰਧਨਾਂ ਤੋਂ ਉਪਰ ਚੁੱਕ ਕੇ ਮਾਨਵਵਾਦੀ ਇਨਕਲਾਬ ਨਾਲ ਜੋੜ ਦਿੱਤਾ। ਸਮੇਂ ਦੀਆਂ ਮੁਗਲ ਹਕੂਮਤਾਂ ਨੇ ਸਿੱਖੀ ਨੂੰ ਖਤਮ ਕਰਨ ਲਈ ਹਰ ਅਣਮਨੁੱਖੀ ਹੀਲਾ ਵਰਤਿਆ। ਮੁਗ਼ਲ ਹਾਕਮਾਂ ਦੀ ਜਬਰੀ ਧਰਮੀ ਪ੍ਰੀਵਰਤਣ ਦੀ ਖੂਨੀ ਨੀਤੀ ਨੇ ਸਮਾਜਿਕ ਇਖਲਾਕ ਨੂੰ ਭਾਰੀ ਸੱਟ ਮਾਰੀ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਾਨਵੀ ਬਰਾਬਰੀ ਲਈ ਖਾਲਸਾ ਪੰਥ ਸਾਜਕੇ ਮੁਗਲ ਸਾਮਰਾਜ ਦੇ ਧਾਰਮਿਕ ਅਤੇ ਸਿਆਸੀ ਅਤਿਆਚਾਰ ਵਿਰੁੱਧ ਸੰਘਰਸ਼ ਕੀਤਾ। ਇਸ ਸਿਆਸੀ ਉਥਲ ਪੁੱਥਲ ਵਿਚ ਗੁਰੂ ਸਾਹਿਬ ਜੀ ਨੂੰ ਅਨੰਦਪੁਰ ਛੱਡਣਾÇ ਪਆ। ਉਪਰੰਤ ਚਮਕੌਰ ਅਤੇ ਮੁਕਤਸਰ ਦੇ ਜੰਗ ਹੋਏ। ਗੁਰੂ ਸਾਹਿਬ ਜੀ ਤੋਂ ਬਾਅਦ ਡੇਢ ਸਾਲ ਵਿਚ ਹੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਰਹਿੰਦ ਫਤਹਿ ਕਰ ਲਿਆ। ਜੂਨ 9, 1916 ਨੂੰ ਬਾਬਾ ਜੀ ਦੀ ਸ਼ਹੀਦੀ ਤੋਂ ਬਾਅਦ ਸਿੰਘ ਤੇ ਜ਼ੁਲਮ ਹੋਰ ਵੀ ਵੱਧ ਗਿਆ। ਪਰ ਖਾਲਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਨਿਸਚੈ ਰੱਖਿਆ। ਦ੍ਰਿੜ੍ਹ ਇਰਾਦੇ ਅਤੇ ਬਹਾਦਰੀ ਨਾਲ ਸਿੱਖ ਸੰਘ ਸੰਗਠਿਤ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਜੀ ਨੇ 12 ਮਿਸਲਾਂ ਨੂੰ ਇਕੱਠਾ ਕਰਕੇ ਵਿਸ਼ਾਲ ਖਾਲਸਾ ਰਾਜ ਸਥਾਪਤ ਕਰ ਲਿਆ।
ਮਿਸਲ ਸ਼ਹੀਦਾਂ ਦੇ ਬਾਨੀ ਬਾਬਾਦੀਪ ਸਿੰਘ ਜੀ ਸਨ। ਇਸ ਮਿਸਲ ਦੇ ਕੋਲ ਸ਼ਾਹਜਾਦਪੁਰ, ਕੇਸਮੀ, ਰਨਖੰਡੀ, ਬੜਥਾ, ਜਮਾਈ-ਸਹਾਰਨਪੁਰ ਦੇ ਇਲਾਕੇ ਸਨ। ਆਪ ਜੀ ਦਾ ਜਨਮ 26 ਜਨਵਰੀ 1682 ਈ. ਪਿੰਡ ਪਹੂਵਿੰਡ ਜ਼ਿਲ੍ਹਾ ਤਰਨਤਾਰਨ ਦੇ ਸਾਧਾਰਣ ਪਰਿਵਾਰ ਭਾਈ ਭਗਤੂ ਅਤੇ ਮਾਤਾ ਜਿਉਣੀ ਦੇ ਘਰ ਹੋਇਆ। ਆਪ ਜੀ ਦਾ ਨਾਉਂ ਦੀਪਾ ਰੱਖਿਆ ਗਿਆ। ਜਦੋਂ 18 ਸਾਲ ਦੇ ਸਨ ਤਾਂ ਉਹ ਆਪਣੇ ਮਾਤਾ ਪਿਤਾ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਲਈ ਅਨੰਦਪੁਰ ਗਏ ਸਨ। ਕੁਝ ਦਿਨ ਬਾਅਦ ਉਨ੍ਹਾਂ ਦੇ ਮਾਪੇ ਤਾਂ ਪਿੰਡ ਪਰਤ ਗਏ, ਪਰ ਗੁਰੂ ਸਾਹਿਬ ਜੀ ਨੇ ਦੀਪੇ ਨੂੰ ਆਪਣੇ ਕੋਲ ਹੀ ਰੱਖ ਲਿਆ। ਨੌਜਵਾਨ ਦੀਪੇ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ ਤੇ ਨਾਉਂ ਦੀਪ ਸਿੰਘ ਹੋ ਗਿਆ।
ਉਨ੍ਹਾਂ ਨੇ ਸ਼ਾਸਤਰ ਅਤੇ ਸ਼ਸਤਰ ਵਿਦਿਆ ਵਿਚ ਮਾਨਤਾ ਪ੍ਰਾਪਤ ਕਰ ਲਈ। ਤਦ 22 ਸਾਲ ਦੀ ਉਮਰ ਵਿਚ ਵਿਦਵਾਨ ਭਾਈ ਮਨੀ ਸਿੰਘ ਜੀ ਪਾਸੋਂ ਗੁਰਬਾਣੀ ਦਾ ਗਿਆਨ ਪ੍ਰਾਪਤ ਕੀਤਾ। ਆਪ ਇਕ ਅਭਿਆਸੀ ਸੰਤ ਸਿਪਾਹੀ ਸਨ। ਰਾਠੀਲਾ ਸਰੀਰ, ਮਜਬੂਤ ਇਰਾਦਾ, ਸੂਰਮੇ ਜਿਹਾ ਜਲਾਲ ਅਤੇ ਨਿਪੁੰਨ ਯੋਧੇ, ਵਿਦਵਾਨ ਲਿਖਾਰੀ ਅਤੇ ਕੀਰਤਨੀਏ ਬਣ ਗਏ ਸਨ। ਕੁਝ ਸਮੇਂ ਲਈ ਪਿੰਡ ਪਰਤ ਗਏ ਸਨ। ਉਥੇ ਉਨ੍ਹਾਂ ਆਪਣੇ ਇਲਾਕੇ ਵਿਚ ਸਿੱਖ ਧਰਮ ਦਾ ਬੜਾ ਪ੍ਰਚਾਰ ਕੀਤਾ। ਸੰਗਤਾਂ ਵਿਚ ਆਪਜੀ ਦਾ ਬੜਾ ਪ੍ਰਭਾਵ ਬਣ ਗਿਆ ਸੀ।
ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰ ਪਿਤਾ ਤੇਰਾ ਬਹਾਦਰ ਸਾਹਿਬ ਜੀ ਦੀ ਬਾਣੀ ਗ੍ਰੰਥ ਸਾਹਿਬ ਜੀ ਵਿਚ ਦਰਜ ਕੀਤੀ ਤਾਂ ਬਾਬਾ ਜੀ ਨੇ ਭਾਈ ਮਨੀ ਸਿੰਘ ਜੀ ਨਾਲ ਸਹਿਯੋਗ ਕੀਤਾ। ਆਪ ਜੀ ਨੇ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਚਾਰ ਤਖਤਾਂ ਨੂੰ ਭੇਜੇ ਸਨ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੱਖਣ ਵਲ ਵਧਣਾ ਸੀ, ਤਾਂ ਦਮਦਮਾ ਸਾਹਿਬ ਦੀ ਜ਼ਿੰਮੇਵਾਰੀ ਬਾਬਾ ਜੀ ਨੂੰ ਸੌਂਪ ਦਿੱਤੀ ਸੀ।
ਜੰਗੀ ਜੀਵਨ ਵਿਚ ਬਾਬਾ ਜੀ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਜੰਗਾਂ ਵਿਚ ਹਿੱਸਾ ਲਿਆ ਅਤੇ ਭਰਪੂਰ ਸਾਥ ਦਿੱਤਾ। ਬਾਬਾ ਜੀ ਦੀ ਬਹਾਦਰੀ ਤੋਂ ਦੁਸ਼ਮਣ ਡਰਕੇ ਦੌੜ ਜਾਂਦੇ ਸਨ। ਆਪ ਜੀ ਦਾ ਜਥਾ ‘ਸ਼ਹੀਦੀ ਜਥਾ’ ਵਜੋਂ ਮਸ਼ਹੂਰ ਹੋਇਆ। ਸੰਨ 1738 ਵਿਚ ਜਕਰੀਆ ਖਾਨ ਨੇ ਅੰਮ੍ਰਿਤਸਰ ਦੇ ਸਾਰੇ ਰਸਤੇ ਬੰਦ ਕਰ ਦਿੱਤੇ। ਸਿੰਘ ਮਾਲਵੇ ਵਲ ਵੱਧ ਗਏ। ਇਸ ਤੋਂ ਬਾਅਦ ਹੋਈਆਂ ਝੜਪਾਂ ਵਿਚ ਲੱਖਪਤ ਰਾਏ ਦਾ ਭਤੀਜਾ ਦੁਨੀ ਚੰਦ ਮਾਰਿਆ ਗਿਆ। ਜ਼ਕਰੀਆ ਖਾਨ ਖ਼ੁਦ ਮੈਦਾਨ ਵਿਚ ਉਤਰ ਆਇਆ। ਸੈਂਕੜੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ। ਭਾਈ ਮਨੀਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਅਗਸਤ 11, 1740 ਨੂੰ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਨੇ ਮੱਸੇ ਰੰਗੜ ਜੋ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਬੇਅਦਬੀ ਦਾ ਦੋਸ਼ੀ ਸੀ, ਨੂੰ ਸਬਕ ਸਿਖਾਉਣ ਲਈ ਬੀਕਾਨੇਰ ਤੋਂ ਤੁਰੇ ਤਾਂ ਉਹ ਰਸਤੇ ਵਿਚ ਬਾਬਾ ਜੀ ਕੋਲ ਦਮਦਮਾ ਸਾਹਿਬ ਠਹਿਰੇ ਤੇ ਮੱਸੇ ਰੰਗੜ ਦਾ ਸਿਰ ਨੇਜ਼ੇ ’ਤੇ ਟੰਗ ਕੇ ਵਾਪਸੀ ’ਤੇ ਵੀ ਦਮਦਮਾ ਸਾਹਿਬ ਠਹਿਰੇ ਸਨ।
ਅਹਿਮਦ ਸ਼ਾਹ ਅਬਦਾਲੀ ਨੇ 1755-56 ਵਿਚ ਚੌਥੀ ਵਾਰ ਭਾਰਤ ’ਤੇ ਹਮਲਾ ਕੀਤਾ। ਉਸਦੇ ਸੈਨਿਕ ਸੋਨਾ ਚਾਂਦੀ ਤੇ ਹੋਰ ਕੀਮਤੀ ਸਮਾਨ ਅਤੇ ਹਜ਼ਾਰਾਂ ਔਰਤਾਂ ਵੀ ਲੈ ਤੁਰੇ। ਬਾਬਾ ਜੀ ਦਾ ਜਥਾ ਮਾਰਕੰਡਾ ਨਹੀਂ ’ਤੇ ਤਾਇਨਾਤ ਸੀ। ਸਿੰਘਾਂ ਨੇ ਅਬਦਾਲੀ ਦੇ ਸਿਪਾਹੀਆਂ ’ਤੇ ਹਮਲਾ ਕਰ ਦਿੱਤਾ। ਸਾਰਾ ਸਮਾਨ ਲੁੱਟ ਲਿਆ ਤੇ ਔਰਤਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ।
ਅਬਦਾਲੀ ਨੇ 1757 ਵਿਚ ਜਹਾਨ ਖਾਂ ਨੂੰ ਅੰਮ੍ਰਿਤਸਰ ਦਾ ਹਾਕਮ ਨਿਯੁਕਤ ਕੀਤਾ। ਉਸਨੇ ਮਈ 1757 ਵਿਚ ਅੰਮ੍ਰਿਤਸਰ ਨੂੰ ਲੁੱਟਿਆ। ਅੰਮ੍ਰਿਤਸਰ ਦੇ ਮੁਖੀ ਜਮਾਲ ਖਾਂ ਨੇ ਦਰਬਾਰ ਸਾਹਿਬ ਦੀ ਬੇਅਦਬੀ ਅਤੇ ਪਵਿੱਤਰ ਸਰੋਵਰ ਨੂੰ ਵੀ ਪੂਰ ਦਿੱਤਾ। ਉਸਨੇ ਰਾਮਰੋਣੀ ਦੇ ਕਿਲ੍ਹੇ ਨੂੰ ਵੀ ਢਾਹ ਦਿੱਤਾ। ਇਸ ਬੇਪੱਤੀ ਦੀ ਖ਼ਬਰ ਬਾਬਾ ਜੀ ਨੂੰ ਜਥੇਦਾਰ ਭਾਗ ਸਿੰਘ ਜੀ ਤੋਂ ਤਲਵੰਡੀ ਸਾਬੋ ਮਿਲੀ ਤਾਂ ਬਾਬਾ ਜੀ ਨੇ ਰੋਹ ਵਿਚ ਆ ਕੇ ਪਵਿੱਤਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਸਿੰਘਾਂ ਨੂੰ ਕਿਹਾ ਚਲੋ ਹੁਣ ਬੰਦੀ ਛੋੜ ਦਿਵਸ ਅੰਮ੍ਰਿਤਸਰ ਹੀ ਮਨਾਇਆ ਜਾਵੇਗਾ। ਅਣਗਿਣਤ ਸਿੰਘ ਬਾਬਾ ਜੀ ਦੀ ਅਗਵਾਈ ਹੇਠ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਰੱਖਿਆ ਲਈ ਇਕੱਠੇ ਹੋ ਗਏ। ਉਹ ਜਥਾ ਅੰਮ੍ਰਿਤਸਰ ਵਲ ਵੱਧ ਗਿਆ।ਰਸਤੇ ਵਿਚ ਜਦੋਂ ਤਰਨ ਤਾਰਨ ਪਹੁੰਚੇ ਤਾਂ ਸਿੰਘਾਂ ਦੀ ਗਿਣਤੀ 5,000 ਹੋ ਗਈ। ਬਾਬਾ ਜੀ ਨੇ ਵੰਗਾਰਿਆ ਕਿ ਇਸ ਧਰਮ ਯੁੱਧ ਵਿਚ ਜੋ ਮਰ ਮਿਟਣ ਤੇ ਸ਼ਹੀਦ ਹੋਣਲ ਲਈ ਤਿਆਰ ਹਨ ਉਹ ਹੀ ਸਾਡੇ ਨਾਲ ਤੁਰਨ। ਸਾਰੇ ਸਿੰਘ ਬਾਬਾ ਜੀ ਨਾਲ ਤੁਰ ਪਏ।
ਜਹਾਨ ਖਾਂ ਨੇ ਵੀ 20,000 ਦੀ ਫੌਜ ਲੈ ਕੇ ਤਰਨਤਾਰਨ ਵੱਲ ਵਧਣਾ ਸ਼ੁਰੂ ਕਰ ਦਿੱਤਾ। ਅੰਮ੍ਰਿਤਸਰ ਤੋਂ ਪੰਜ ਮੀਲ ਦੂਰ ਪਿੰਡ ਗੌਹਲਵਾਲ ਜਾ ਕੇ ਬਾਬਾ ਜੀ ਨੇ ਦੁਸ਼ਮਣ ਦੀ ਫੌਜ ਨੂੰ ਲਲਕਾਰਿਆ ਜਿਥੇ ਗੁਰਦੁਆਰਾ ‘ਲਲਕਾਰ ਸਾਹਿਬ’ ਸਥਿਤ ਹੈ। ਜਹਾਨ ਖਾਨ ਨੇ ਵੀ ਅਤਾਈ ਖਾਨ ਨੂੰ ਹਮਲਾ ਕਰਨ ਦਾ ਹੁਕਮ ਦੇ ਦਿੱਤਾ। ਜਹਾਨ ਖਾਨ ਆਪ ਵੀ ਘੋੜ ਸਵਾਰ ਫੌਜ ਲੈ ਕੇ ਗੌਹਲਵਾਲ ਪਹੁੰਚ ਗਿਆ। ਸਿੰਘਾਂ ਅਤੇ ਅਫਗਾਨਾ ਵਿਚ ਲਹੂ ਡੌਲਵੀ ਜੰਗ ਹੋਈ। ਅਫਗਾਨ ਫੌਜ ਸਿੰਘਾਂ ਦਾ ਸਾਹਮਣਾ ਨਾ ਕਰ ਸਕੀ। ਗਹਿਗੱਚ ਜੰਗ ਹੋਈ। ਸਿੰਘ ਇਕ ਇਕ ਕਰਕੇ ਸ਼ਹੀਦ ਹੋਣ ਲੱਗੇ। ਜੰਗ ਹੁਣ ਚਰਮਸੀਮਾ ’ਤੇ ਆ ਕੇ ਹੋਰ ਵੀ ਭਿਅੰਕਰ ਹੋ ਗਈ। ਦੂਰ ਦੂਰ ਤੱਕ ਲਾਸ਼ਾਂ ਦੇ ਢੇਰ ਸਨ। ਇਸ ਸਮੇਂ ਤੱਕ ਯਾਕੂਬ ਖਾਂ ਅਤੇ ਸਾਬਕ ਅਲੀ ਖਾਂ ਵੀ ਮੁਕਾਬਲੇ ’ਤੇ ਆ ਗਏ। ਸਿੰਘ ਏਨੀ ਬਹਾਦਰੀ ਨਾਲ ਲੜੇ ਕਿ ਦੁਸ਼ਮਣ ਦੀਆਂ ਫੌਜਾਂ ਚਾਰੇ ਪਾਸਿਆਂ ਤੋਂ ਭੱਜਣ ਲੱਗੀਆਂ। ਸਿੰਘ ਅੰਮ੍ਰਿਤਸਰ ਵੱਲ ਵਧਦੇ ਗਏ। ਬਾਬਾ ਜੀ ਆਪਣਾ 18 ਸੇਰ ਦਾ ਖੰਡਾ (ਦੋਧਾਰੀ ਤਲਵਾਰ) ਖੜਖਾਉਂਦੇ ਰਾਮਸਰ ਕੋਲ ਪਹੁੰਚ ਗਏ। ਉਹ ਵੈਰੀਆਂ ਨੂੰ ਮੁਕਾਉਂਦੇ ਜਾ ਰਹੇ ਸਨ।
ਯਾਕੂਬ ਖਾਂ ਅਤੇ ਬਾਬਾ ਜੀ ਵਿਚਕਾਰ ਫਸਵੀਂ ਟੱਕਰ ਹੋਈ। ਬਾਬਾ ਜੀ ਦੇ ਵਾਰ ਨਾਲ ਯਾਕੂਬ ਖਾਂ ਢੇਰੀ ਹੋ ਗਿਆ। ਤਦ ਅਸਮਾਨ ਖਾਂ ਜੰਗ ਦੇ ਮੈਦਾਨ ਵਿਚਆ ਗਿਆ। ਬਾਬਾ ਜੀ ਦੀ ਉਸ ਨਾਲ ਆਮੋ-ਸਾਹਮਣੇ ਦੀ ਟੱਕਰ ਹੋ ਗਈ। ਇਕ ਸਾਂਝੇ ਵਾਰ ਵਿਚ ਅਸਮਾਨ ਖਾਂ ਮਾਰਿਆ ਗਿਆ। ਬਾਬਾ ਜੀ ਦੀ ਗਰਦਨ ’ਤੇ ਡੂੰਘਾ ਫੱਟ ਲੱਗਾ। ਉਨ੍ਹਾਂ ਦੀ ਗਰਦਨ ਲਗਭਗ ਵੱਖ ਹੋਣ ’ਤੇ ਸੀ। ਬਾਬਾ ਜੀ ਨੇ ਖੱਬੇ ਹੱਥ ਦੀ ਟਿਕ ਨਾਲ ਸੀਸ ਨੂੰ ਸੰਭਾਲਿਆ ਅਤੇ ਸੱਜੇ ਹੱਥ ਨਾਲ ਖੰਡਾ ਖੜਖਾਉਂਦੇ ਲੜਦੇ ਗਏ। ਦੁਸ਼ਮਣਾਂ ਦੇ ਆਹੂਲਾਹੁੰਦੇ ਗਏ। ਸੱਚਖੰਡ ਹਰਿਮੰਦਰ ਸਾਹਿਬ ਜੀ ਦੀ ਪ੍ਰਕਰਮਾ ਤੱਕ ਜਾ ਪਹੁੰਚੇ। ਬਾਬਾ ਜੀ 15 ਨਵੰਬਰ 1757 ਨੂੰ ਸੱਚਖੰਡ ਹਰਿਮੰਦਰ ਸਾਹਿਬਜੀ ਦੀ ਪ੍ਰਕਰਮਾ ਵਿਚ ਸ਼ਹੀਦੀ ਪਾ ਗਏ।
ਬਾਬਾ ਜੀ ਇਕ ਸੰਜਮੀ ਯੋਧੇ ਸਨ। ਦੁਸ਼ਮਣ ਉਨ੍ਹਾਂ ਦੀ ਬਹਾਦਰੀ ਤੋਂ ਥਰ ਥਰ ਕੰਬਦੇ ਸਨ। ਉਨ੍ਹਾਂ ਨੂੰ ਆਪਣੀ ਬਹਾਦਰੀ ਦਾ ਹੰਕਾਰ ਨਹੀਂ ਸੀ। ਉਹ ਆਪਣੇ ਸਾਥੀ ਸਿੰਘਾਂ ਨਾਲ ਹਰਿਮੰਦਰ ਸਾਹਿਬ ਜੀ ਦੀ ਮਰਯਾਦਾ ਨੂੰ ਬਹਾਲ ਰੱਖਣ ਲਏ ਸ਼ਹੀਦ ਹੋਏ। ਉਹ ਬਹਾਦਰ ਅਤੇ ਦਲੇਰ ਸ਼ਹੀਦ ਵਜੋਂ ਯਾਦ ਕੀਤੇ ਜਾਂਦੇ ਹਨ। ਉਨ੍ਹਾਂ ਨੇ ਕੌਮ ਨੂੰ ਜ਼ੁਲਮ ਦੇ ਵਿਰੁੱਧ ਲੜਦੇ ਰਹਿਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਦੀ ਯਾਦ ਵਿਚ ਹਰਿਮੰਦਰ ਸਾਹਿਬ ਜੀ ਦੀ ਪ੍ਰਕਰਮਾ ਵਾਲੀ ਛੱਤ ਤੇ ਜਿਥੇ ਉਨ੍ਹਾਂ ਨੂੰ ਆਪਣਾ ਸੀਸ ਭੇਂਟ ਕੀਤਾ ਗੁਰਦੁਆਰਾ ਹੈ। ਦੂਜਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਸ਼ਹੀਦ ਗੁਰਦੁਆਰਾ ਰਾਮਸਰ ਦੇ ਨੇੜੇ ਜਿਥੇ ਦੇਹ ਸਸਕਾਰ ਹੋਇਆ ਸੁਸ਼ੋਭਿਤ ਹੈ। ਬਾਬਾ ਜੀ ਦਾ ਦੋਧਾਰੀ ਖੰਡਾ ਅਕਾਲ ਤਖਤ ਸਾਹਿਬ ਜੀ ਦੇ ਸ਼ਸਤਰਾਂ ਵਿਚ ਸੰਭਾਲਿਆ ਪਿਆ ਹੈ। ਹਰ ਰੋਜ਼ ਸ਼ਾਮ ਨੂੰ ਸ਼ਸਤਰਾਂ ਦੇ ਦਰਸ਼ਨ ਬੜੀ ਸ਼ਰਘਾ ਭਾਵਨਾ ਨਾਲ ਸੰਗਤਾਂ ਨੂੰ ਕਰਵਾਏ ਜਾਂਦੇ ਸਨ।
ਅੰਤਿਕਾ : ਹੇ ਭਾਈ ਜੇ ਤੈਨੂੰ ਪ੍ਰਭੂ ਪ੍ਰੇਮ ਦੀ ਖੇਡ ਖੇਡਣ ਦਾ ਸ਼ੌਕ ਹੈ, ਤਾਂ ਆਪਣਾ ਸਿਰ ਤਲੀ ਉਤੇ ਰੱਖ ਕੇ ਮੇਰੀ ਗਲੀ ਵਿਚ ਆ। ਲੋਕ-ਲਾਜ਼ ਨੂੰ ਛੱਡ ਕੇ, ਹਊਮੇ ਦੂਰ ਕਰਕੇ ਆ। ਪ੍ਰਭੂ – ਪ੍ਰੀਤ ਦੇ ਇਸ ਰਸਤੇ ਉਤੇ ਤਦੋਂ ਹੀ ਪੈਰ ਧਰਿਆ ਜਾ ਸਕਦਾ ਹੈ, ਜਦੋਂ ਸਿਰ ਭੇਂਟ ਕੀਤਾ ਜਾਵੇ। ਪਰ ਕੋਈ ਝਿਜਕ ਨਾਹ ਕੀਤੀ ਜਾਵੇ। ਜਦੋਂ ਬਿਨਾਂ ਝਿਜਕ ਦੇ ਲੋਕ ਲਾਜ਼ ਅਤੇ ਹਊਮੇ ਛੱਡੀ ਜਾਵੇ। -ਅੰਗ 1412