10 ਸਾਲਾ ਬੱਚੀ ਨਾਲ ਕੁੱਟਮਾਰ ਕਰਨ ਤੇ ਪਾਇਲਟ ਅਤੇ ਉਸ ਦੇ ਪਤੀ ਨੂੰ ਭੀੜ ਨੇ ਕੁੱਟਿਆ

10 ਸਾਲਾ ਬੱਚੀ ਨਾਲ ਕੁੱਟਮਾਰ ਕਰਨ ਤੇ ਪਾਇਲਟ ਅਤੇ ਉਸ ਦੇ ਪਤੀ ਨੂੰ ਭੀੜ ਨੇ ਕੁੱਟਿਆ

ਨਵੀਂ ਦਿੱਲੀ : ਦੱਖਣੀ-ਪੱਛਮੀ ਦਿੱਲੀ ਦੇ ਦਵਾਰਕਾ ’ਚ ਇਕ ਮਹਿਲਾ ਪਾਇਲਟ ਅਤੇ ਉਸ ਦੇ ਪਤੀ ਵਲੋਂ ਇਕ 10 ਸਾਲਾ ਘਰੇਲੂ ਸਹਾਇਕਾ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ, ਜਿਸ ਕਾਰਨ ਗੁੱਸੇ ਵਿਚ ਆਈ ਭੀੜ ਨੇ ਜੋੜੇ ਦੀ ਕੁੱਟਮਾਰ ਕਰ ਦਿੱਤੀ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬੱਚੀ ਦੀ ਕੁੱਟਮਾਰ ਕਰਨ ਦੀ ਘਟਨਾ ਦੇ ਸਬੰਧ ’ਚ ਮੁਲਜ਼ਮ ਕੌਸ਼ਿਕ ਬਾਗਚੀ (36) ਅਤੇ ਪੂਰਨਿਮਾ ਬਾਗਚੀ (33) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਔਰਤ ਇਕ ਪ੍ਰਾਈਵੇਟ ਏਅਰਲਾਈਨ ’ਚ ਪਾਇਲਟ ਦੇ ਤੌਰ ’ਤੇ ਕੰਮ ਕਰ ਰਹੀ ਹੈ, ਜਦਕਿ ਉਸ ਦਾ ਪਤੀ ਇਕ ਹੋਰ ਪ੍ਰਾਈਵੇਟ ਏਅਰਲਾਈਨ ਦਾ ਕਰਮਚਾਰੀ ਹੈ। ਪੁਲਸ ਅਨੁਸਾਰ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪੀੜਤਾ ਦੇ ਰਿਸ਼ਤੇਦਾਰਾਂ ਅਤੇ ਹੋਰਾਂ ਨੇ ਜੋੜੇ ਨੂੰ ਘੇਰ ਲਿਆ ਅਤੇ ਕੁੱਟਮਾਰ ਕੀਤੀ। ਨਾਬਾਲਗ ਕੁੜੀ ਨੂੰ ਉਸ ਦੀ ਕਿਸੇ ਰਿਸ਼ਤੇਦਾਰ ਰਾਹੀਂ ਜੋੜੇ ਦੇ ਘਰ ਕੰਮ ਲਈ ਰੱਖਿਆ ਗਿਆ ਸੀ। ਕੁੜੀ ਦੀ ਰਿਸ਼ਤੇਦਾਰ ਵੀ ਨੇੜਲੇ ਘਰ ਵਿਚ ਕੰਮ ਕਰਦੀ ਸੀ। ਇਕ ਵੀਡੀਓ ’ਚ ਭੀੜ ’ਚ ਮੌਜੂਦ ਲੋਕਾਂ ਨੂੰ ਮੁਲਜ਼ਮ ਜੋੜੇ ਨਾਲ ਕੁੱਟਮਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ’ਚ ਕੁਝ ਔਰਤਾਂ ਨੂੰ ਕਥਿਤ ਤੌਰ ’ਤੇ ਮੁਲਜ਼ਮ ਮਹਿਲਾ ਪਾਇਲਟ ਨੂੰ ਥੱਪੜ ਮਾਰਦੇ ਹੋਏ ਅਤੇ ਉਸ ਦੇ ਵਾਲ ਖਿੱਚਦੇ ਹੋਏ ਦੇਖਿਆ ਜਾ ਸਕਦਾ ਹੈ, ਜੋ ਆਪਣੀ ਵਰਦੀ ’ਚ ਸੀ। ਵੀਡੀਓ ’ਚ ਪੂਰਨਿਮਾ ਨੂੰ ਮੁਆਫ਼ੀ ਮੰਗਦੇ ਸੁਣਿਆ ਜਾ ਸਕਦਾ ਹੈ ਜਦਕਿ ਕੌਸ਼ਿਕ ਨੂੰ ਭੀੜ ਤੋਂ ਆਪਣਾ ਬਚਾਅ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ’ਚ ਕੌਸ਼ਿਕ ਭੀੜ ’ਚ ਸ਼ਾਮਲ ਲੋਕਾਂ ਨੂੰ ਕਹਿ ਰਿਹਾ ਹੈ, ‘‘ਉਹ ਮਰ ਜਾਵੇਗੀ…ਉਸ ਨੂੰ ਛੱਡ ਦਿਓ…।’’
ਇਸ ਤੋਂ ਬਾਅਦ ਇਕ ਬਜ਼ੁਰਗ ਨੇ ਦਖ਼ਲਅੰਦਾਜੀ ਕੀਤੀ, ਉਦੋਂ ਜਾ ਕੇ ਭੀੜ ਸ਼ਾਂਤ ਹੋਈ। ਪੁਲਸ ਡਿਪਟੀ ਕਮਿਸ਼ਨਰ ਐੱਮ. ਹਰਸ਼ਵਰਧਨ ਨੇ ਦੱਸਿਆ ਕਿ ਸਵੇਰੇ ਕਰੀਬ 9 ਵਜੇ ਦਵਾਰਕਾ ਦੱਖਣ ਥਾਣੇ ’ਚ ਘਰੇਲੂ ਸਹਾਇਕ ਵਜੋਂ ਕੰਮ ਕਰਨ ਵਾਲੀ ਇਕ ਨਾਬਾਲਗ ਕੁੜੀ ਨਾਲ ਦੁਰਵਿਵਹਾਰ ਹੋਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਪਤਾ ਲੱਗਾ ਕਿ 10 ਸਾਲ ਦੀ ਬੱਚੀ ਪਿਛਲੇ 2 ਮਹੀਨਿਆਂ ਤੋਂ ਜੋੜੇ ਦੇ ਘਰ ਕੰਮ ਕਰ ਰਹੀ ਹੈ ਅਤੇ ਦੋਹਾਂ ਨੇ ਬੁੱਧਵਾਰ ਨੂੰ ਨਾਬਾਲਗ ਕੁੜੀ ਦੀ ਕੁੱਟਮਾਰ ਕਰ ਦਿੱਤੀ। ਪੁਲਸ ਅਨੁਸਾਰ ਬੱਚੀ ਦੀ ਰਿਸ਼ਤੇਦਾਰ ਔਰਤ ਨੇ ਵੀ ਇਹ ਦੇਖਿਆ। ਮਾਮਲੇ ਦੀ ਖ਼ਬਰ ਫੈਲਣ ’ਤੇ ਜੋੜੇ ਦੇ ਘਰ ਦੇ ਬਾਹਰ ਭੀੜ ਇਕੱਠੀ ਹੋ ਗਈ ਅਤੇ ਉਸ ਨੇ ਉਨ੍ਹਾਂ ਨਾਲ ਧੱਕਾਮੁਕੀ ਕੀਤੀ। ਪੁਲਸ ਨੇ ਦੱਸਿਆ ਕਿ ਪੀੜਤ ਕੁੜੀ ਦੀਆਂ ਅੱਖਾਂ ’ਤੇ ਸੱਟ ਲੱਗੀ ਹੈ ਅਤੇ ਉਸ ਦੇ ਸਰੀਰ ’ਤੇ ਵੀ ਸੱਟ ਦੇ ਨਿਸ਼ਾਨ ਹਨ। ਪੁਲਸ ਨੇ ਕਿਹਾ ਕਿ ਕੁੜੀ ਨੇ ਜਿਨਸੀ ਸ਼ੋਸ਼ਣ ਦਾ ਕੋਈ ਦੋਸ਼ ਨਹੀਂ ਲਗਾਇਆ ਹੈ। ਕੀ ਜੋੜੇ ਨਾਲ ਕੁੱਟਮਾਰ ਕਰਨ ਵਾਲਿਆਂ ਖ਼?ਲਾਫ਼ ਵੀ ਕਾਰਵਾਈ ਕੀਤੀ ਜਾਵੇਗੀ? ਇਸ ਦੇ ਜਵਾਬ ’ਚ ਅਧਿਕਾਰੀ ਨੇ ਕਿਹਾ ਕਿ ਸ਼ਿਕਾਇਤ ਦੇ ਅਨੁਰੂਪ ਕਾਰਵਾਈ ਕੀਤੀ ਜਾਵੇਗੀ।