ਹੱਸੋ ਅਤੇ ਤਣਾਅ ਦੂਰ ਭਜਾਓ

ਹੱਸੋ ਅਤੇ ਤਣਾਅ ਦੂਰ ਭਜਾਓ

ਇਸ ਤਣਾਅ ਭਰੇ ਯੁੱਗ ਵਿਚ ਹੱਸਣਾ ਇਕ ਅਨਮੋਲ ਕਲਾ ਹੈ। ਜੋ ਇਨਸਾਨ ਇਸ ਕਲਾ ਨੂੰ ਸਿੱਖ ਲੈਂਦਾ ਹੈ, ਉਹ ਜੀਵਨ ਦੀ ਅੱਧੀ ਜੰਗ ਤਾਂ ਉਂਝ ਹੀ ਜਿੱਤ ਲੈਂਦਾ ਹੈ। ਉਂਝ ਤਾਂ ਜ਼ਿਆਦਾਤਰ ਲੋਕਾਂ ਦਾ ਇਹੀ ਕਹਿਣਾ ਹੈ ਕਿ ਹਮੇਸ਼ਾ ਖ਼ੁਸ਼ ਰਹਿਣਾ ਸੌਖਾ ਨਹੀਂ ਹੈ ਪਰ ਕੋਸ਼ਿਸ਼ ਕਰਨਾ ਤਾਂ ਜ਼ਰੂਰੀ ਹੈ। ਕੁਝ ਸੁਝਾਵਾਂ ’ਤੇ ਅਮਲ ਕਰੋ ਤਾਂ ਖ਼ੁਸ਼ ਰਹਿ ਕੇ ਸਿਹਤਮੰਦ ਰਹਿ ਸਕਦੇ ਹੋ।
ਆਪਣਾ ਰਵੱਈਆ ਸਕਾਰਾਤਮਕ ਰੱਖੋ। ਜੇਕਰ ਅਸੀਂ ਹਮੇਸ਼ਾ ਚੰਗਾ ਸੋਚਾਂਗੇ ਤਾਂ ਸਭ ਚੰਗਾ ਹੀ ਹੋਵੇਗਾ। ਦੂਜਿਆਂ ਦੀਆਂ ਕਮੀਆਂ ਨੂੰ ਚਰਚਾ ਦਾ ਵਿਸ਼ਾ ਨਾ ਬਣਾਓ। ਉਨ੍ਹਾਂ ਦੀਆਂ ਚੰਗਿਆਈਆਂ ਲੱਭੋ ਅਤੇ ਉਨ੍ਹਾਂ ਨੂੰ ਜੀਵਨ ਵਿਚ ਲਾਗੂ ਕਰੋ। ਦੂਜਿਆਂ ਬਾਰੇ ਸਭ ਚੰਗਾ ਸੋਚੋ, ਬੁਰਾ ਨਾ ਸੋਚੋ। ਇਸ ਤਰ੍ਹਾਂ ਕਰਨ ’ਤੇ ਜੀਵਨ ਵਿਚ ਸਭ ਚੰਗਾ ਹੀ ਹੋਵੇਗਾ।
ਸਮੱਸਿਆਵਾਂ ਤਾਂ ਸਭ ਦੇ ਜੀਵਨ ਵਿਚ ਆਉਂਦੀਆਂ ਹਨ ਪਰ ਜੇਕਰ ਅਸੀਂ ਇਨ੍ਹਾਂ ਨੂੰ ਸਭ ਤੋਂ ਵੱਡਾ ਮੁੱਦਾ ਸਮਝਾਂਗੇ ਤਾਂ ਕਦੀ ਵੀ ਸਮੱਸਿਆਵਾਂ ਦਾ ਹੱਲ ਨਹੀਂ ਹੋਵੇਗਾ। ਸਮੱਸਿਆਵਾਂ ਨੂੰ ਲੈ ਕੇ ਚਿੰਤਤ ਰਹੋਗੇ ਤਾਂ ਹੱਲ ਕਰਨ ਦਾ ਰਸਤਾ ਨਹੀਂ ਮਿਲੇਗਾ। ਜਦੋਂ ਕਦੀ ਸਮੱਸਿਆਵਾਂ ਆਉਣ ਤਾਂ ਪਹਿਲਾਂ ਉਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੋ। ਹੱਲ ਨਹੀਂ ਲੱਭਦਾ ਤਾਂ ਉਸ ਨੂੰ ਭੁੱਲਣ ਦੀ ਕੋਸ਼ਿਸ਼ ਕਰੋ ਫਿਰ ਠੰਢੇ ਦਿਮਾਗ਼ ਅਤੇ ਸ਼ਾਂਤ ਮਨ ਨਾਲ ਉਸ ਸਮੱਸਿਆ ਦੇ ਹੱਲ ਨੂੰ ਲੱਭਣ ਦੀ ਕੋਸ਼ਿਸ਼ ਕਰੋ। ਸਫਲਤਾ ਜ਼ਰੂਰ ਮਿਲੇਗੀ।
ਆਪਣੇ ਅੰਦਰ ਸਾਕਾਰਾਤਮਕ ਬਦਲਾਅ ਲਿਆਉਣ ਲਈ ਚੰਗੇ ਸਾਹਿਤ ਨੂੰ ਆਪਣਾ ਦੋਸਤ ਬਣਾਓ। ਖਾਲੀ ਦਿਮਾਗ਼ ਸ਼ੈਤਾਨ ਦਾ ਘਰ ਹੁੰਦਾ ਹੈ, ਇਹ ਕਹਾਵਤ ਤਾਂ ਤੁਸੀਂ ਸੁਣੀ ਹੀ ਹੋਵੇਗੀ। ਖਾਲੀ ਸਮੇਂ ’ਚ ਪੁਸਤਕਾਂ ਪੜ੍ਹੋ ਅਤੇ ਆਪਣਾ ਆਤਮ-ਵਿਸ਼ਵਾਸ ਵਧਾਓ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਚਾਰੇ ਪਾਸੇ ਦਾ ਵਾਤਾਵਰਨ ਸਿਹਤਮੰਦ ਲੱਗੇਗਾ ਕਿਉਂਕਿ ਤੁਹਾਡੀ ਸੋਚ ਸਕਾਰਾਤਮਕ ਹੋ ਚੁੱਕੀ ਹੋਵੇਗੀ।
ਇਕ ਹੀ ਤਰ੍ਹਾਂ ਦੀ ਜੀਵਨਸ਼ੈਲੀ ਕਦੀ-ਕਦੀ ਜੀਵਨ ਵਿਚ ਬੋਰੀਅਤ ਭਰ ਦਿੰਦੀ ਹੈ। ਇਸ ਅਕਾਊ ਵਾਤਾਵਰਨ ਤੋਂ ਖ਼ੁਦ ਨੂੰ ਵੱਖਰਾ ਨਹੀਂ ਕਰੋਗੇ ਤਾਂ ਅਸੀਂ ਹੋਰ ਤਣਾਅਗ੍ਰਸਤ ਹੋ ਜਾਵੋਗੇ, ਇਸ ਲਈ ਜੀਵਨ ਵਿਚ ਬਦਲਾਅ ਲਿਾਉਣਾ ਜ਼ਰੂਰੀ ਹੈ। ਕਦੀ ਬੱਚਿਆਂ ਦੇ ਨਾਲ ਪਿਕਨਿਕ ਲਈ ਜਾ ਕੇ, ਕਦੀ ਮਾਲ, ਫ਼ਿਲਮ ਦੇਖਣ ਜਾਂ ਵਿੰਡੋ ਸ਼ਾਪਿੰਗ ਕਰਕੇ ਸਮਾਂ ਬਿਤਾਓ। ਬੱਚਿਆਂ ਦੇ ਨਾਲ ਖੇਡਣ ਨਾਲ ਵੀ ਤਣਾਅ ਘੱਟ ਹੁੰਦਾ ਹੈ। ਸਿਹਤਮੰਦ ਵਿਚਾਰ-ਚਰਚਾ ਕਰੋ, ਬੱਚਿਆਂ ਦੇ ਨਾਲ ਮਿਲ ਕੇ ਗਾਰਡਨਿੰਗ ਕਰੋ, ਕੁਕਿੰਗ ਕਰੋ। ਮਿੱਤਰਾਂ ਅਤੇ ਸੰਬੰਧੀਆਂ ਨਾਲ ਮਿਲਣ ਦਾ ਸਮਾਂ ਕੱਢੋ, ਉਨ੍ਹਾਂ ਆਪਣੇ ਘਰ ’ਤੇ ਡਿਨਰ ਜਾਂ ਲੰਚ ਲਈ ਸੱਦਾ ਦਿਓ। ਇਹ ਸਭ ਬਦਲਾਅ ਤੁਹਾਡੇ ਜੀਵਨ ਨੂੰ ਖ਼ੁਸ਼ੀਆਂ ਨਾਲ ਭਰ ਦੇਣਗੇ ਅਤੇ ਵਾਤਾਵਰਨ ਵੀ ਸਿਹਤਮੰਦ ਰਹੇਗਾ।
ਸਫਲਤਾ ਅਤੇ ਅਸਫਲਤਾ ਦੋਵੇਂ ਹੀ ਜੀਵਨ ਦੇ ਦੋ ਪਹਿਲੂ ਹਨ। ਜਦੋਂ ਕਦੀ ਅਸਫਲ ਹੋਵੋ ਤਾਂ ਦੁਖੀ ਨਾ ਹੋਵੋ। ਜ਼ਿਆਦਾ ਮਿਹਨਤ ਕਰ ਕੇ ਦੁਬਾਰਾ ਆਪਣੀ ਮੰਜ਼ਿਲ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰੋ। ਸਫਲਤਾ ਜ਼ਰੂਰ ਮਿਲੇਗੀ।
ਹੱਸਣਾ ਸਰੀਰਕ ਅਤੇ ਮਾਨਸਿਕ ਸਿਹਤ ਲਈ ਚੰਗੀ ਦਵਾਈ ਹੈ। ਹੱਸਣ ਨਾਲ ਫੇਫੜਿਆਂ ਨੂੰ ਭਰਪੂਰ ਆਕਸੀਜਨ ਮਿਲਦੀ ਹੈ। ਚਿਹਰੇ ਦੀਆਂ ਮਾਸਪੇਸ਼ੀਆਂ ਦੀ ਕਸਰਤ ਕੁਦਰਤੀ ਰੂਪ ਨਾਲ ਹੁੰਦੀ ਹੈ, ਸਰੀਰ ਸਿਹਤਮੰਦ ਰਹਿੰਦਾ ਹੈ, ਮਾਨਸਿਕ ਤਣਾਅ ਦੂਰ ਹੁੰਦਾ ਹੈ, ਇਸ ਲਈ ਖੁੱਲ੍ਹ ਕੇ ਹੱਸੋ ਅਤੇ ਸਿਹਤਮੰਦ ਰਹੋ।
ਪਿਆਰ ਅਤੇ ਖ਼ੁਸ਼ੀਆਂ ਵੰਡਣ ਨਾਲ ਵਧਦੀਆਂ ਹਨ। ਸਭ ਨਾਲ ਪਿਆਰ ਨਾਲ ਗੱਲ ਕਰੋ, ਨਾਰਾਜ਼ਗੀ ਬਹੁਤ ਸਮੇਂ ਤੱਕ ਕੋਲ ਨਾ ਰਹਿਣ ਦਿਓ। ਫਿਰ ਦੇਖੋ, ਜ਼ਿੰਦਗੀ ਕਿੰਨੀ ਖ਼ੂਬਸੂਰਤ ਹੈ ਅਤੇ ਖ਼ੁਸ਼ੀਆਂ ਨਾਲ ਭਰੀ ਹੈ। ਅੱਜ ਤੋਂ ਖ਼ੁਸ਼ ਰਹੋ ਅਤੇ ਆਪਣੀ ਸਿਹਤ ਦੀ ਦੇਖਭਾਲ ਕਰੋ।