ਹੱਸਦਿਆਂ ਦੀ ਰਾਤ ਲੰਘੇ ਪਤਾ ਨਹੀਂ ਸਵੇਰ ਦਾ

ਹੱਸਦਿਆਂ ਦੀ ਰਾਤ ਲੰਘੇ ਪਤਾ ਨਹੀਂ ਸਵੇਰ ਦਾ

ਤੁਰਕੀ ਤੇ ਸੀਰੀਆ ’ਚ ਭੂਚਾਲ ਕਾਰਨ ਮਰਨ ਵਾਲਿਆਂ ਗਿਣਤੀ 11 ਹਜ਼ਾਰ ਤੋਂ ਵੱਧ ਹੋਈ
ਸੈਂਕੜੇ ਵਿਅਕਤੀਆਂ ਦੇ ਮਲਬੇ ਹੇਠਾਂ ਦੱਬੇ ਹੋਣ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ
ਹਜ਼ਾਰਾਂ ਇਮਾਰਤਾਂ ਢਹਿ-ਢੇਰੀ ਰਾਹਤ ਕਾਰਜਾਂ ਤੇ ਮਦਦ ਲਈ ਭਾਰਤ ਸਮੇਤ ਕਈ ਦੇਸ ਆਏ ਅੱਗੇ

ਅੰਕਾਰਾ : ਤੁਰਕੀ ਅਤੇ ਸੀਰੀਆ ਵਿੱਚ ਆਏ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 11000 ਤੋਂ ਵੱਧ ਹੋ ਗਈ ਹੈ। ਦੇਸ਼ ਦੇ ਉਪ ਰਾਸਟਰਪਤੀ ਨੇ ਕਿਹਾ ਕਿ ਦੇਸ਼ ਵਿੱਚ ਘੱਟੋ-ਘੱਟ 34,810 ਵਿਅਕਤੀ ਜਖਮੀ ਹੋਏ ਹਨ, ਜਦੋਂ ਕਿ ਸੀਰੀਆ ਵਿੱਚ ਕੁੱਲ 4,654 ਜਖਮੀ ਹੋਏ ਹਨ। ਜਦਕਿ ਅਜੇ ਵੀ ਮਲਬੇ ਹੇਠ ਕਈ ਲਾਸਾਂ ਦੱਬੀਆਂ ਹੋਈਆਂ ਹਨ। ਤੁਰਕੀ ਦੇ ਸਹਿਰ ਅੰਕਾਰਾ, ਗਾਜੀਅਨਟੇਪ, ਕਹਿਰਾਮਨਮਾਰਸ, ਦੀਯਾਰਬਾਕੀਰ, ਮਾਲਟਿਆ, ਨੂਰਦਗੀ ਸਮੇਤ 10 ਸ਼ਹਿਰਾਂ ’ਚ ਭਾਰੀ ਤਬਾਹੀ ਹੋਈ ਹੈ। ਇਥੇ 2 ਹਜ਼ਾਰ ਦੇ ਕਰੀਬ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਤੁਰਕੀ ਦੇ 10 ਸੂਬਿਆਂ ’ਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਭੁਚਾਲ ਕਾਰਨ ਮਲਬੇ ’ਚ ਤਬਦੀਲ ਹੋਈਆਂ ਇਮਾਰਤਾਂ ਹੇਠ ਫਸੇ ਲੋਕਾਂ ਨੂੰ ਕੱਢਣ ਲਈ ਰਾਹਤ ਕਾਰਜ ਜਾਰੀ ਹਨ। ਹਾਲਾਂਕਿ ਠੰਢ ਦੇ ਮੌਸਮ ਨੇ ਰਾਹਤ ਕਾਰਜਾਂ ਤੇ ਐਮਰਜੈਂਸੀ ਸੇਵਾਵਾਂ ਨੂੰ ਪ੍ਰਭਾਵਿਤ ਕੀਤਾ ਹੈ। ਕੁਦਰਤ ਦੀ ਮਾਰ ਝੱਲ ਰਹੇ ਤੁਰਕੀ ਵੱਲ ਭਾਰਤ ਸਮੇਤ ਦਰਜਨਾਂ ਦੇਸਾਂ ਨੇ ਮਦਦ ਦਾ ਹੱਥ ਵਧਾਇਆ ਹੈ। ਉਧਰ ਸੀਰੀਆ ਦੇ ਰਾਸਟਰੀ ਭੁਚਾਲ ਕੇਂਦਰ ਦੇ ਮੁਖੀ ਰਾਇਦ ਅਹਿਮਦ ਨੇ ਇਸ ਨੂੰ ਦੇਸ ਦੇ ਇਤਿਹਾਸ ਦਾ ਸਭ ਤੋਂ ਵੱਡਾ ਭੂਚਾਲ ਕਰਾਰ ਦਿੱਤਾ ਹੈ। ਤੁਰਕੀ ਕੋਲ ਸੀਰੀਆ ਨਾਲ ਲਗਦੇ ਸਰਹੱਦੀ ਖੇਤਰ ’ਚ ਤਾਇਨਾਤ ਫੌਜ ਨੂੰ ਬਚਾਅ ਕਾਰਜਾਂ ਦਾ ਕੰਮ ਸੌਂਪਿਆ ਗਿਆ ਹੈ, ਜਿਸ ’ਚ ਬੇਘਰੇ ਲੋਕਾਂ ਲਈ ਟੈਂਟ ਲਗਾਉਣ ਤੇ ਹਤਾਏ ਸੂਬੇ ’ਚ ਇਕ ਫੀਲਡ ਹਸਪਤਾਲ ਸਥਾਪਿਤ ਕਰਨਾ ਸਾਮਿਲ ਹੈ। ਰੱਖਿਆ ਮੰਤਰੀ ਹੁਲੁਸੀ ਅਕਾਰ ਨੇ ਕਿਹਾ ਕਿ ਅੰਕਾਰਾ ਸਥਿਤ ਮਨੁੱਖੀ ਸਹਾਇਤਾ ਬਿ੍ਰਗੇਡ ਤੇ 8 ਫੌਜੀ ਖੋਜ ਤੇ ਬਚਾਅ ਟੀਮਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਭੁਚਾਲ ਦੇ ਕੇਂਦਰ ਤੋਂ ਲਗਭਗ 33 ਕਿਲੋਮੀਟਰ ਦੂਰ ਸੂਬਾਈ ਰਾਜਧਾਨੀ ਤੁਰਕੀ ਦੇ ਸਹਿਰ ਗਾਜੀਅਨਟੇਪ ’ਚ ਲੋਕਾਂ ਨੇ ਸਾਪਿੰਗ ਮਾਲਾਂ, ਸਟੇਡੀਅਮਾਂ, ਮਸਜਿਦਾਂ ਤੇ ਕਮਿਊਨਿਟੀ ਸੈਂਟਰਾਂ ’ਚ ਸਰਨ ਲਈ ਹੋਈ ਹੈ। ਤੁਰਕੀ ਦੇ ਉਪ-ਰਾਸਟਰਪਤੀ ਫੁਆਤ ਓਕਤੇ ਨੇ ਕਿਹਾ ਕਿ ਦੇਸ ’ਚ ਮੌਤਾਂ ਦੀ ਕੁੱਲ ਗਿਣਤੀ 5400 ਤੋਂ ਪਾਰ ਹੋ ਗਈ ਹੈ, ਜਦਕਿ 31000 ਲੋਕ ਜਖਮੀ ਹੋਏ ਹਨ। ਸਿਹਤ ਮੰਤਰਾਲੇ ਅਨੁਸਾਰ ਸੀਰੀਆ ਦੇ ਸਰਕਾਰੀ ਕਬਜੇ ਵਾਲੇ ਖੇਤਰਾਂ ’ਚ ਮਰਨ ਵਾਲਿਆਂ ਦੀ ਗਿਣਤੀ 812 ਤੱਕ ਪਹੁੰਚ ਗਈ ਹੈ, ਜਦਕਿ ਲਗਭਗ 1450 ਲੋਕ ਜਖਮੀ ਹੋਏ ਹਨ। ਇਸ ਤੋਂ ਇਲਾਵਾ ਵਿਦਰੋਹੀਆਂ ਦੇ ਕਬਜੇ ਵਾਲੇ ਉੱਤਰ-ਪੱਛਮ ਸੀਰੀਆ ’ਚ ਬਚਾਅ ਕਾਰਜਾਂ ਦੀ ਅਗਵਾਈ ਕਰਨ ਵਾਲੇ ਪੈਰਾ ਮੈਡੀਕਲ ਸਮੂਹ ਨੇ ਕਿਹਾ ਕਿ ਇਥੇ ਘੱਟੋ-ਘੱਟ 1000 ਲੋਕ ਮਾਰੇ ਗਏ ਹਨ ਤੇ 2300 ਤੋਂ ਵੱਧ ਲੋਕ ਜਖਮੀ ਹੋਏ ਹਨ। ਕੌਮਾਂਤਰੀ ਮਦਦ ਵਜੋਂ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਨੇ ਕਿਹਾ ਹੈ ਕਿ ਉਹ ਖੋਜ ਤੇ ਬਚਾਅ ਟੀਮਾਂ ਦੇ ਨਾਲ-ਨਾਲ ਮੈਡੀਕਲ ਸਪਲਾਈ ਤੇ ਫੌਜ ਦੇ 50 ਜਵਾਨਾਂ ਨੂੰ ਭੇਜ ਰਹੇ ਹਨ। ਪਾਕਿਸਤਾਨ ਦੀ ਸਰਕਾਰ ਨੇ ਮੰਗਲਵਾਰ ਤੜਕੇ ਰਾਹਤ ਸਮੱਗਰੀ ਤੇ 50 ਮੈਂਬਰੀ ਖੋਜ ਤੇ ਬਚਾਅ ਟੀਮ ਨੂੰ ਲੈ ਕੇ ਇਕ ਉਡਾਣ ਭੇਜੀ ਤੇ ਕਿਹਾ ਕਿ ਬੁੱਧਵਾਰ ਤੋਂ ਸੀਰੀਆ ਤੇ ਤੁਰਕੀ ਲਈ ਰੋਜਾਨਾ ਸਹਾਇਤਾ ਉਡਾਣਾਂ ਹੋਣਗੀਆਂ। ਤੁਰਕੀ ਦੇ ਰਾਸਟਰਪਤੀ ਰੇਸੇਪ ਤਈਪ ਅਰਦੋਗਨ ਨੇ ਦੇਸ ’ਚ 7 ਦਿਨਾਂ ਰਾਸਟਰੀ ਸੋਗ ਦਾ ਐਲਾਨ ਕੀਤਾ ਹੈ।