ਹੜ੍ਹ ਪ੍ਰਭਾਵਿਤ ਖੇਤਰ ਹੀਰਾ ਬਾਗ ਵਿੱਚ ਪੇਚਸ਼ ਕਾਰਨ ਬੱਚੇ ਦੀ ਮੌਤ

ਹੜ੍ਹ ਪ੍ਰਭਾਵਿਤ ਖੇਤਰ ਹੀਰਾ ਬਾਗ ਵਿੱਚ ਪੇਚਸ਼ ਕਾਰਨ ਬੱਚੇ ਦੀ ਮੌਤ

ਪਟਿਆਲਾ- ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ ਤੇ ਹੋਰ ਸ਼ਹਿਰੀ ਖੇਤਰਾਂ ਵਿੱਚ ਹੜ੍ਹਾਂ ਦੀ ਮਾਰ ਝੱਲਣ ਵਾਲੇ ਲੋਕ ਹੁਣ ਪੀਣ ਲਈ ਸਾਫ਼ ਪਾਣੀ ਦੀ ਕਿੱਲਤ ਹੋਣ ਕਾਰਨ ਪੇਟ ਦੀਆਂ ਬਿਮਾਰੀਆਂ ਦੀ ਲਪੇਟ ਵਿੱਚ ਆਉਣ ਲੱਗ ਪਏ ਹਨ। ਸਥਾਨਕ ਹੀਰਾ ਬਾਗ ਵਿੱਚ ਅੱਜ ਪੇਚਸ਼ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਅਭਿਜੋਤ (9) ਵਜੋਂ ਹੋਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪੀਣ ਵਾਲੇ ਪਾਣੀ ਦੀ ਸੇਵਾ ਕਰਨ ਵਾਲੀਆਂ ਸਮੂਹ ਧਿਰਾਂ ਨੂੰ ਨਿਰਧਾਰਤ ਮਾਪਦੰਡਾਂ ਅਤੇ ਹਦਾਇਤਾਂ ਦੀ ਪਾਲਣਾਂ ਕਰਨ ਦੀ ਸਖ਼ਤ ਹਦਾਇਤ ਕੀਤੀ ਹੈ।
ਜ਼ਿਕਰਯੋਗ ਹੈ ਕਿ ਹੀਰਾਬਾਗ ਰਾਜਪੁਰਾ ਰੋਡ ਸਥਿਤ ਵੱਡੀ ਨਦੀ ਨੇੜੇ ਪੈਂਦਾ ਹੈ, ਜੋ ਹਾਲ ਹੀ ਵਿੱਚ ਆਏ ਹੜ੍ਹਾਂ ਦੌਰਾਨ ਪਾਣੀ ਦੀ ਮਾਰ ਵਿੱਚ ਰਿਹਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਸ਼ਨਿਚਰਵਾਰ ਨੂੰ ਅਭਿਜੋਤ ਨੂੰ ਪੇਚਸ਼ ਦੀ ਸਮੱਸਿਆ ਸ਼ੁਰੂ ਹੋਈ ਸੀ, ਜਿਸ ਮਗਰੋਂ ਉਸ ਨੂੰ ਸਰਹਿੰਦੀ ਗੇਟ ਸਥਿਤ ਇੱਕ ਪ੍ਰਾਈਵੇਟ ਹਸਪਤਾਲ ਤੋਂ ਦਵਾਈ ਦਿਵਾਈ ਗਈ ਸੀ। ਐਤਵਾਰ ਸਵੇਰੇ ਹਾਲਤ ਜ਼ਿਆਦਾ ਵਿਗੜਨ ਕਾਰਨ ਉਸ ਨੂੰ ਮੁੜ ਹਸਪਤਾਲ ਲਿਜਾਇਆ ਗਿਆ। ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ, ਡਾਕਟਰਾਂ ਨੇ ਅਭਿਜੋਤ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਪਰ ਰਾਜਿੰਦਰਾ ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੇ ਦੀ ਮੌਤ ਬਾਰੇ ਖ਼ਬਰ ਮਿਲਣ ਮਗਰੋਂ ਸਿਵਲ ਸਰਜਨ ਡਾ. ਰਮਿੰਦਰ ਕੌਰ, ਮਹਾਂਮਾਰੀ ਮਾਹਰ ਡਾ. ਸੁਮੀਤ ਸਿੰਘ, ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਜੀਵਨਜੋਤ ਕੌਰ ਤੇ ਡੀਐੱਸਪੀ ਜਸਵਿੰਦਰ ਟਿਵਾਣਾ ਤੇ ਥਾਣਾ ਅਰਬਨ ਅਸਟੇਟ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਹੈ। ਸਿਵਲ ਸਰਜਨ ਡਾ. ਰਵਿੰਦਰ ਕੌਰ ਨੇ ਪਾਣੀ ਦੇ ਟੈਂਕਾਂ ’ਚ ਸੈਂਪਲ ਭਰ ਕੇ ਜਾਂਚ ਲਈ ਭੇਜ ਦਿੱਤੇ ਹਨ।