ਹੜ੍ਹ ਪੀੜਤਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵੇਗੀ ਸਰਕਾਰ: ਭਗਵੰਤ ਮਾਨ

ਹੜ੍ਹ ਪੀੜਤਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵੇਗੀ ਸਰਕਾਰ: ਭਗਵੰਤ ਮਾਨ

ਸਰਕਾਰ ਨੇ ਖੇਤ ਮਜ਼ਦੂਰਾਂ ਨੂੰ ਰਾਹਤ ਦੇਣ ਲਈ ਨੀਤੀ ਬਣਾਈ; ਰਵਾਇਤੀ ਪਾਰਟੀਆਂ ਦੇ ਭ੍ਰਿਸ਼ਟ ਆਗੂਆਂ ਤੋਂ ਇਕ-ਇਕ ਪੈਸਾ ਵਸੂਲਿਆ ਜਾਵੇਗਾ: ਮੁੱਖ ਮੰਤਰੀ
ਐੱਸ ਏ ਐੱਸ ਨਗਰ- ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ’ਤੇ ਚਿੰਤਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੇ ਇੱਕ-ਇੱਕ ਪੈਸੇ ਦੇ ਨੁਕਸਾਨ ਦਾ ਮੁਆਵਜ਼ਾ ਦੇਵੇਗੀ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਫ਼ਸਲਾਂ, ਘਰਾਂ, ਪਸ਼ੂਆਂ ਅਤੇ ਹੋਰ ਨੁਕਸਾਨ ਦਾ ਪਤਾ ਲਗਾਉਣ ਲਈ ਪਹਿਲਾਂ ਹੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਗਏ ਹਨ ਅਤੇ ਅਧਿਕਾਰੀਆਂ ਨੂੰ 15 ਅਗਸਤ ਤੱਕ ਸਰਵੇਖਣ ਦਾ ਕੰਮ ਮੁਕੰਮਲ ਕਰਨ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਖੇਤ ਮਜ਼ਦੂਰਾਂ ਨੂੰ ਰਾਹਤ ਦੇਣ ਲਈ ਵੀ ਨੀਤੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਫ਼ਸਲਾਂ ਦੇ ਨੁਕਸਾਨ ਦੀ ਭਰਪਾਈ ਲਈ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਰਾਹਤ ਰਾਸ਼ੀ ਜਾਰੀ ਕੀਤੀ ਜਾਂਦੀ ਹੈ। ਇਸ ਨੀਤੀ ਤਹਿਤ ਰਾਹਤ ਰਾਸ਼ੀ ਦਾ 10 ਫੀਸਦੀ ਸੂਬੇ ਦੇ ਬਜਟ ’ਚੋਂ ਪ੍ਰਦਾਨ ਕੀਤਾ ਜਾਵੇਗਾ ਤਾਂ ਜੋ ਖੇਤ ਮਜ਼ਦੂਰ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ। ਉਨ੍ਹਾਂ ਕਿਹਾ ਕਿ ਇਹ ਨੀਤੀ ਪਹਿਲੀ ਮਈ, 2023 ਤੋਂ ਲਾਗੂ ਹੋ ਗਈ ਹੈ ਅਤੇ ਸਾਰੇ ਖੇਤ ਮਜ਼ਦੂਰ ਪਰਿਵਾਰ ਜਿਨ੍ਹਾਂ ਕੋਲ ਕੋਈ ਜ਼ਮੀਨ ਨਹੀਂ ਹੈ (ਰਿਹਾਇਸ਼ੀ ਪਲਾਟ ਨੂੰ ਛੱਡ ਕੇ) ਜਾਂ ਜਿਨ੍ਹਾਂ ਕੋਲ ਇੱਕ ਏਕੜ ਤੋਂ ਘੱਟ ਜ਼ਮੀਨ (ਲੀਜ਼/ਠੇਕੇ/ਕਾਸ਼ਤ ਵਾਲੀ) ਹੈ, ਉਹ ਇਸ ਨੀਤੀ ਦਾ ਲਾਭ ਲੈ ਸਕਣਗੇ।

ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਬਿਆਨ ਬਾਰੇ ਪੁੱਛੇ ਜਾਣ ’ਤੇ ਭਗਵੰਤ ਮਾਨ ਨੇ ਭਾਜਪਾ ਆਗੂ ਨੂੰ ਇਹ ਯਾਦ ਦਿਵਾਇਆ ਕਿ ਅਦਾਕਾਰੀ ਉਨ੍ਹਾਂ ਦਾ ਪੇਸ਼ਾ ਹੈ, ਜਿਸ ਨੇ ਉਨ੍ਹਾਂ ਨੂੰ ਲੋਕਾਂ ਵਿੱਚ ਹਰਮਨ ਪਿਆਰਾ ਬਣਾਇਆ ਹੈ। ‘ਜਦੋਂ ਮੈਂ ਆਪਣੇ ਕਰੀਅਰ ਦੇ ਸਿਖਰ ਉੱਤੇ ਸੂਬੇ ਦੀ ਸੇਵਾ ਲਈ ਪੀਪੀਪੀ ਵਿੱਚ ਸ਼ਾਮਲ ਹੋਇਆ ਸੀ ਤਾਂ ਮਨਪ੍ਰੀਤ ਨੇ ਉਨ੍ਹਾਂ ਦੀ ਇੱਕ ‘ਮਹਾਨ ਸ਼ਖ਼ਸੀਅਤ’ ਵਜੋਂ ਪ੍ਰਸ਼ੰਸਾ ਕੀਤੀ ਸੀ। ਮਾਨ ਨੇ ਵਿਅੰਗ ਕਰਦਿਆਂ ਕਿਹਾ ਕਿ ਅੱਜ ਜਦੋਂ ਮਨਪ੍ਰੀਤ ਨੂੰ ਉਸ ਦੇ ਮੌਕਾਪ੍ਰਸਤ ਪੈਂਤੜਿਆਂ ਕਾਰਨ ਲੋਕਾਂ ਨੇ ਨਕਾਰ ਦਿੱਤਾ ਹੈ ਤਾਂ ਹੁਣ ਉਹ, ਉਨ੍ਹਾਂ ਵਿੱਚ ਨੁਕਸ ਕੱਢ ਰਹੇ ਹਨ। ਮੁੱਖ ਮੰਤਰੀ ਨੇ ਦੁਹਰਾਇਆ ਕਿ ਉਹ ਸਾਬਕਾ ਮੰਤਰੀ ਵੱਲੋਂ ਵਾਹਨ ਖ਼ੁਦ ਚਲਾਉਣ ਅਤੇ ਟੌਲ ਟੈਕਸ ਅਦਾ ਕਰਨ ਦੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਜਦਕਿ ਅਸਲ ਵਿੱਚ ਉਨ੍ਹਾਂ ਨੇ ਲੋਕਾਂ ਦੀ ਭਲਾਈ ਲਈ ਡੱਕਾ ਨਹੀਂ ਤੋੜਿਆ। ਉਨ੍ਹਾਂ ਐਲਾਨ ਕੀਤਾ ਕਿ ਸਰਕਾਰੀ ਖ਼ਜ਼ਾਨੇ ਨੂੰ ਅੰਨ੍ਹੇਵਾਹ ਲੁੱਟਣ ਵਾਲੇ ਰਵਾਇਤੀ ਪਾਰਟੀਆਂ ਦੇ ਆਗੂਆਂ ਤੋਂ ਇੱਕ-ਇੱਕ ਪੈਸਾ ਵਸੂਲਿਆ ਜਾਵੇਗਾ।