ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਕੇਂਦਰ ਤੇ ਪੰਜਾਬ ਸਰਕਾਰ ਕਰੇ: ਰਾਕੇਸ਼ ਟਿਕੈਤ

ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਕੇਂਦਰ ਤੇ ਪੰਜਾਬ ਸਰਕਾਰ ਕਰੇ: ਰਾਕੇਸ਼ ਟਿਕੈਤ

ਕਿਸਾਨ ਆਗੂਆਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੌਰਾ; ਸਮਾਜ ਸੇਵੀਆਂ ਤੇ ਦਾਨੀ ਸੱਜਣਾਂ ਦੀ ਸ਼ਲਾਘਾ
ਦੇਵੀਗੜ੍ਹ- ‘ਜਿੰਨਾ ਨੁਕਸਾਨ ਇਸ ਵਾਰ ਹੜ੍ਹਾਂ ਦੇ ਪਾਣੀ ਨਾਲ ਹੋਇਆ ਐਨਾ ਨੁਕਸਾਨ ਕਦੇ ਵੀ ਨਹੀਂ ਹੋਇਆ। ਪੰਜਾਬ ਵਿੱਚ 90 ਫ਼ੀਸਦੀ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ। ਇਸ ਨੁਕਸਾਨ ਨੂੰ ਕਿਸਾਨ ਆਪ ਨਹੀਂ ਭਰ ਸਕਦਾ। ਇਸ ਨੁਕਸਾਨ ਦੀ ਭਰਪਾਈ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਕਰਨ।’ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਬੁਲਾਰੇ ਰਾਕੇਸ਼ ਟਿਕੈਤ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਅੱਜ ਦੇਵੀਗੜ੍ਹ ਦੇ ਹੜ੍ਹ ਪ੍ਰਭਾਵਿਤ ਇਲਾਕੇ ਪਿੰਡ ਦੁੱਧਨਾਂ ਗੁਜਰਾਂ, ਦੁੱਧਨਸਾਧਾਂ, ਲੇਹਲਾਂ ਜਗੀਰ, ਖੇੜੀ ਰਾਜੂ ਸਿੰਘ, ਸ਼ਾਦੀਪੁਰ ਵਿੱਚ ਕੀਤਾ।
ਰਾਕੇਸ਼ ਟਿਕੈਤ ਨੇ ਕਿਹਾ ਕਿ ਇਸ ਇਲਾਕੇ ਦੀਆਂ 70 ਫ਼ੀਸਦੀ ਸੜਕਾਂ ਟੁੱਟ ਗਈਆਂ ਹਨ। ਇਸ ਕਾਰਨ ਪਿੰਡਾਂ ਦੇ ਲੋਕਾਂ ਦਾ ਸੰਪਰਕ ਸ਼ਹਿਰਾਂ ਨਾਲੋਂ ਟੁੱਟ ਗਿਆ ਹੈ। ਪਿੰਡਾਂ ਦੇ ਲੋਕਾਂ ਨੂੰ ਦਾਨੀ ਸੱਜਣ ਪਿੰਡ ਪਿੰਡ ਟਰਾਲੀਆਂ ਅਤੇ ਕਿਸ਼ਤੀਆਂ ਰਾਹੀਂ ਜਾ ਕੇ ਰਾਸ਼ਨ ਅਤੇ ਸੁੱਕਾ ਚਾਰਾ ਪਹੁੰਚਾ ਰਹੇ ਹਨ। ਇਸ ਤੋਂ ਲਗਦਾ ਹੈ ਕਿ ਜਿੰਨਾ ਨੁਕਸਾਨ ਕਿਸਾਨ ਦਾ ਹੋਇਆ ਹੈ, ਉਸ ਦੀ ਭਰਪਾਈ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਬਿਨਾਂ ਹੋ ਹੀ ਨਹੀਂ ਸਕਦੀ । ਇਸ ਲਈ ਸਰਕਾਰ ਨੂੰ ਜਲਦੀ ਤੋਂ ਜਲਦੀ ਲੋਕਾਂ ਦੇ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਇਸ ਨੁਕਸਾਨ ਦੀ ਰਿਪੋਰਟ ਬਣਾ ਕੇ ਕੇਂਦਰ ਸਰਕਾਰ ਨੂੰ ਭੇਜੇਗਾ ਤਾਂ ਕਿ ਫਸਲਾਂ ਦਾ ਮੁਆਵਜ਼ਾ ਮਿਲ ਸਕੇ।
ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸਰਕਾਰਾਂ ਨੇ ਡੈਮਾਂ ਦਾ ਪਾਣੀ ਪਹਿਲਾਂ ਰੋਕ ਲਿਆ ਫਿਰ ਜਦੋਂ ਭਾਰੀ ਬਾਰਸ਼ ਪਈ ਤਾਂ ਗੋਟ ਖੋਲ੍ਹ ਦਿੱਤੇ। ਇਸ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ। ਇਸ ਲਈ ਸਰਕਾਰਾਂ ਹੀ ਇਸ ਲਈ ਜ਼ਿੰਮੇਵਾਰ ਹਨ। ਇਸ ਦੌਰਾਨ ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖਰਾਬ ਹੋਈ ਫਸਲ ਦਾ 30 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਜੇਕਰ ਸਰਕਾਰ ਨੇ ਫਸਲਾਂ ਦਾ ਖਰਾਬਾ ਨਾ ਦਿੱਤਾ ਤਾਂ ਸੰਯੁਕਤ ਕਿਸਾਨ ਮੋਰਚਾ ਸੰਘਰਸ਼ ਵਿੱਢੇਗਾ। ਇਸ ਮੌਕੇ ਜਸਬੀਰ ਸਿੰਘ ਖੇੜੀ ਰਾਜੂ ਜਿਲਾ ਪ੍ਰਧਾਨ ਯੂਨੀਅਨ ਲੱਖੋਵਾਲ, ਗੁਰਮੇਲ ਸਿੰਘ ਬੋਸਰ, ਬਲਿਹਾਰ ਸਿੰਘ, ਚਰਨਜੀਤ ਸਿੰਘ ਠਾਕਰਗੜ੍ਹ, ਗੁਰਦਿਆਲ ਸਿੰਘ, ਹਾਕਮ ਸਿੰਘ, ਰਣਜੀਤ ਸਿੰਘ, ਪਾਖਰ ਸਿੰਘ, ਸੁਖਚੈਨ ਸਿੰਘ ਹਾਜ਼ਰ ਸਨ।