ਹੜ੍ਹਾਂ ਨਾਲ ਹੋਏ ਖਰਾਬੇ ਦੇ ਮੁਆਵਜ਼ੇ ਲਈ ਕਿਸਾਨਾਂ ਵੱੱਲੋਂ ਧਰਨੇ

ਹੜ੍ਹਾਂ ਨਾਲ ਹੋਏ ਖਰਾਬੇ ਦੇ ਮੁਆਵਜ਼ੇ ਲਈ ਕਿਸਾਨਾਂ ਵੱੱਲੋਂ ਧਰਨੇ

ਪਟਿਆਲਾ- ਹੜ੍ਹਾਂ ਨਾਲ਼ ਹੋਏ ਫਸਲਾਂ ਅਤੇ ਹੋਰ ਖਰਾਬੇ ਦੇ ਮੁਆਵਜ਼ੇ ਲਈ ‘ਸੰਯੁਕਤ ਕਿਸਾਨ ਮੋਰਚੇ’ ਦੇ ਸੱਦੇ ’ਤੇ ਕਿਸਾਨਾਂ ਵੱੱਲੋਂ ਆਪਸੀ ਸਹਿਮਤੀ ਤਹਿਤ ਡੀ.ਸੀ ਦਫਤਰ ਦੇ ਦੋਵੇਂ ਮੁੱਖ ਗੇਟਾਂ ਦੇ ਬਾਹਰ ਧਰਨੇ ਦਿੱਤੇ ਗਏ। ਇੱਕ ਗੇਟ ਦੇ ਨਜ਼ਦੀਕ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਧਰਨਾ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਦੀ ਅਗਵਾਈ ਹੇੇਠਲੇ ਇਸ ਧਰਨੇ ਨੂੰ ਮਾਸਟਰ ਬਲਰਾਜ ਜੋਸ਼ੀ ਤੇ ਹੋਰਨਾ ਨੇ ਵੀ ਸੰਬੋਧਨ ਕੀਤਾ। ਡੀਐੱਸਪੀ ਜਸਵਿੰਦਰ ਟਿਵਾਣਾ ਦੀ ਅਗਵਾਈ ਹੇਠ ਪੁਲੀਸ ਫੋਰਸ ਤਾਇਨਾਤ ਰਹੀ।

ਇਸੇ ਤਰ੍ਹਾਂ ਜੇਲ੍ਹ ਰੋਡ ਵਾਲ਼ੇ ਪਾਸੇ ਸਥਿਤ ਮਿਨੀ ਸਕੱਤਰੇਤ ਦੇ ਮੁੱਖ ਗੇਟ ਨੇੜੇ ਦਿੱਤੇ ਗਏ ਇੱਕ ਹੋਰ ਧਰਨੇ ’ਚ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਸ਼ਾਦੀਪੁਰ) ਦੇ ਕੌਮੀ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ, ਕ੍ਰਾਂਤਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਦਿੱਤੂਪੁਰ, ਅਵਤਾਰ ਕੌਰਜੀਵਾਲਾ ਤੇ ਸੁਖਵਿੰਦਰ ਤੁੱਲੇਵਾਲ ਸਮੇਤ ਹੋਰਾਂ ਨੇ ਸੰਬੋਧਨ ਕੀਤਾ। ਉਨ੍ਹਾ ਤੋਂ ਮੰਗ ਪੱਤਰ ਏਡੀਸੀ ਅਨੁਪ੍ਰਿਤਾ ਜੌਹਲ ਤੇ ਡੀਐੱਸਪੀ ਜਸਵਿੰਦਰ ਟਿਵਾਣਾ ਨੇ ਪ੍ਰਾਪਤ ਕੀਤਾ ਜਿਸ ਮਗਰੋਂ ਉਨ੍ਹਾ ਨੇ ਧਰਨਾ ਸਮਾਪਤ ਕਰ ਦਿੱਤਾ।

ਸਕੱਤਰੇਤ ਦੇ ਦੂਜੇ ਗੇਟ ’ਤੇ ਧਰਨਾ ਮਾਰ ਕੇ ਬੈਠੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਦਾ ਕਹਿਣਾ ਸੀ ਕਿ ਉਹ ਸਿਰਫ਼ ਡੀ.ਸੀ ਨੂੰ ਹੀ ਮੰਗ ਪੱਤਰ ਦੇਣਗੇ ਪਰ ਡੀ.ਸੀ ਵਿੱਤ ਮੰਤਰੀ ਹਰਪਾਲ ਚੀਮਾ ਦੀ ਆਮਦ ਕਰਕੇ ਕਿਸਾਨ ਮੇਲੇ ਅਤੇ ਹੋਰ ਸਮਾਗਮਾਂ ’ਚ ਰੁੱਝੇ ਹੋਏ ਸਨ। ਇਸ ਕਰਕੇ ਉਗਰਾਹਾਂ ਗਰੁੱਪ ਨੇ ਇੱਥੋਂ ਇੱਕ ਕਿਲੋਮੀਟਰ ਖੰਡਾ ਚੌਕ ਵਿੱਚ ਜਾ ਕੇ ਆਵਾਜਾਈ ਠੱਪ ਕਰ ਦਿੱਤੀ।

ਉਧਰ ਦੇਰ ਸ਼ਾਮੀ ਸਮਾਗਮਾਂ ਵਿਚੋਂ ਵਿਹਲੇ ਹੋਏ ਡਿਪਟੀ ਕਮਿਸ਼ਨਰ ਸ਼ਾਕਸੀ ਸਾਹਨੀ ਵੱਲੋਂ ਮੰਗ ਪੱਤਰ ਹਾਸਲ ਕਰਨ ’ਤੇ ਉਗਰਾਹਾਂ ਗਰੁੱਪ ਨੇ ਵੀ ਧਰਨਾ ਸਮਾਪਤ ਕਰ ਦਿੱਤਾ।