ਹੜ੍ਹਾਂ ਦਾ ਪਾਣੀ ਉਤਰਿਆ ਪਰ ਮੁਸੀਬਤਾਂ ਬਰਕਰਾਰ

ਹੜ੍ਹਾਂ ਦਾ ਪਾਣੀ ਉਤਰਿਆ ਪਰ ਮੁਸੀਬਤਾਂ ਬਰਕਰਾਰ

ਪੀਣ ਵਾਲੇ ਪਾਣੀ ਦੀ ਕਿੱਲਤ ਜਾਰੀ; ਛੇ ਦਿਨਾਂ ਮਗਰੋਂ ਹਜ਼ਾਰਾਂ ਏਕੜ ਫ਼ਸਲ ਡੁੱਬੀ
ਪਟਿਆਲਾ- ਪਟਿਆਲਾ ਜ਼ਿਲ੍ਹੇ ਵਿਚੋਂ ਲੰਘਦੇ ਘੱਗਰ ਅਤੇ ਹੋਰ ਨਦੀਆਂ ਨਾਲਿਆਂ ਵਿੱਚ ਵਧੇ ਪਾਣੀ ਦੇ ਪੱਧਰ ਭਾਵੇਂ ਉਤਰ ਗਿਆ ਹੈ ਪਰ ਲੋਕਾਂ ਦੀਆਂ ਮੁਸੀਬਤਾਂ ਬਰਕਰਾਰ ਹਨ। ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ, ਚਿਨਾਰ ਬਾਗ ਤੇ ਰਿਸ਼ੀ ਕਲੋਨੀ ਸਮੇਤ ਹੋਰਨਾ ਖੇਤਰਾਂ ਵਿਚਲੇ ਘਰਾਂ ਵਿੱਚੋਂ ਪਾਣੀ ਉਤਰਨ ਮਗਰੋਂ ਲੋਕਾਂ ਨੇ ਸਾਫ਼-ਸਫਾਈ ਦੀ ਮੁਹਿੰਮ ਵਿੱਢੀ ਹੋਈ ਹੈ। ਨਗਰ ਨਿਗਮ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੀ ਆਪੋ ਆਪਣੇ ਅਧਿਕਾਰ ਖੇਤਰ ਵਾਲੇ ਕਾਰਜਾਂ ’ਚ ਮਸਰੂਫ ਹਨ। ਕਿਉਂਕਿ ਸਿਹਤ ਵਿਭਾਗ ਨੇ ਅਜੇ ਕੁਝ ਦਿਨ ਸਪਲਾਈ ਲਾਈਨ ਵਾਲਾ ਪਾਣੀ ਨਾ ਪੀਣ ਲਈ ਆਖਿਆ ਹੈ। ਜਿਸ ਕਰ ਕੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਨਾਲ ਅਜੇ ਵੀ ਜੂਝਣਾ ਪੈ ਰਿਹਾ ਹੈ।
ਛੇ ਦਿਨਾਂ ਤੱਕ ਪਾਣੀ ’ਚ ਡੁੱਬੀ ਰਹੀ ਝੋਨੇ ਦੀ ਫ਼ਸਲ ਭਾਵੇਂ ਕਿ ਪਾਣੀ ਵਿੱਚੋਂ ਬਾਹਰ ਨਜ਼ਰ ਆਉਣ ਲੱਗੀ ਹੈ ਪਰ ਜ਼ਿਲ੍ਹੇ ਅੰਦਰ ਅਜੇ ਵੀ ਹਜ਼ਾਰਾਂ ਏਕੜ ਫ਼ਸਲ ਡੁੱਬੀ ਹੋਈ ਹੈ। ਇਸ ਤੋਂ ਇਲਾਵਾ ਅੱਜ ਵੀ ਜ਼ਿਲ੍ਹੇ ਦੇ ਕਈ ਪਿੰਡ ਹੜ੍ਹਾਂ ਦੇ ਪਾਣੀ ਨਾਲ ਘਿਰੇ ਰਹੇ। ਜਦਕਿ ਕਈ ਪਿੰਡਾਂ ਦਾ ਅਜੇ ਵੀ ਸੰਪਰਕ ਟੁੱਟਿਆ ਹੋਇਆ ਹੈ। ਇਸ ਕਾਰਨ ਫੌਜ, ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਵਿੱਢੀ ਗਈ ਰਾਹਤ ਕਾਰਜਾਂ ਦੀ ਮੁਹਿੰਮ ਅਜੇ ਵੀ ਜਾਰੀ ਹੈ। ਫੌਜ ਵੱਲੋਂ ਅਜੇ ਵੀ ਕਿਸ਼ਤੀਆਂ ਰਾਹੀਂ ਹੜ੍ਹਾਂ ’ਚ ਫਸੇ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਸਮੇਤ ਅਜਿਹੇ ਲੋਕਾ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦਾ ਕਾਰਜ ਅੱੱਜ ਵੀ ਜਾਰੀ ਰਿਹਾ। ਸਿਆਸੀ ਪਾਰਟੀਆਂ ਦੇ ਆਗੂ ਅਤੇ ਲੋਕ ਵੀ ਇਸ ਮੁਹਿੰਮ ’ਚ ਡਟੇ ਹੋਏ ਹਨ। ਇਸੇ ਦੌਰਾਨ ਘੱਗਰ ਸਮੇਤ ਭਾਵੇਂ ਹੋਰ ਨਦੀਆਂ ਨਾਲਿ ਲ਼ਿਆਂ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨਾ ਤੋਂ ਕਾਫ਼ੀ ਨੀਂਵਾਂ ਆ ਗਿਆ ਹੈ। ਪਰ ਜ਼ਿਲ੍ਹੇ ਵਿਚੋਂ ਲੰਘਦੀ ਟਾਂਗਰੀ ਨਦੀ ਅਜੇ ਵੀ ਖਤਰੇ ਦੇ ਨਿਸ਼ਾਨ (12 ਫੁੱਟ) ਤੋਂ ਤਿੰਨ ਫੁੱਟ ਉਪਰ ਹੈ। ਮਾਰਕੰਡਾ,ਜਿਸ ਵਿੱਚ ਖਤਰੇ ਦਾ ਨਿਸ਼ਾਨ 20 ਫੁੱਟ ਹੈ, ਵਿੱਚ ਅੱਜ ਦੇਰ ਸ਼ਾਮ ਤੱਕ ਉਪਰ 22 ਫੁੱਟ ਪਾਣੀ ਵਹਿ ਰਿਹਾ ਸੀ। ਉਧਰ ਘੱਗਰ ਵਿੱਚ ਸਰਾਲਾ ਹੈੱਡ ’ਤੇ ਵੀਹ ਫੁੱਟ ਤੱਕ ਪਾਣੀ ਚੱਲਦਾ ਰਿਹਾ ਹੈ, ਹੁਣ 14 ਫੁੱਟ ’ਤੇ ਹੈ। ਉਂਝ ਇਥੇ ਖਤਰੇ ਦਾ ਨਿਸ਼ਾਨ 16 ਫੱਟ ’ਤੇ ਹੈ। ਕਈ ਖੇਤਰਾਂ ਲਈ ਮਾਰ ਦਾ ਕਾਰਨ ਬਣੀ ਰਹੀ ਪਟਿਆਲਾ ਨਦੀ ਵਿੱਚ ਵੀ ਅੱਜ ਪਾਣੀ ਛੇ ਕੁ ਫੁੱਟ ਹੈ। ਉਂਝ 12 ਫੁੱਟ ਦੇ ਖਤਰੇ ਦੇ ਨਿਸ਼ਾਨ ਵਾਲੀ ਇਸ ਨਦੀ ’ਚ 17 ਫੁੱਟ ਤੱਕ ਪਾਣੀ ਵਹਿੰਦਾ ਰਿਹਾ ਹੈ।
ਪੰਝੀਦਰਾ ਵੀ ਸ਼ੁੱਕਰਵਾਰ ਨੂੰ 3 ਫੁੱਟ ’ਤੇ ਸੀ। ਇਥੇ ਖਤਰੇ ਦਾ ਨਿਸ਼ਾਨ 12 ਫੁੱਟ ਹੈ। 10 ਫੁੱਟ ਦੇ ਖਤਰੇ ਵਾਲਾ ਢਕਾਨਸੂ ਨਾਲੇ ’ਚ ਵੀ ਅੱਜ 2 ਫੁੱਟ ਹੀ ਪਾਣੀ ਰਹਿ ਗਿਆ। ਜਦਕਿ ਹਫ਼ਤਾ ਭਰ ਇਹ ਵੀ ਖਤਰੇ ਦੇ ਨਿਸ਼ਾਨ ਤੋਂ ਕਾਫ਼ੀ ਉਪਰ ਵੱਗਦਾ ਰਿਹਾ ਹੈ। ਇਸ ਤਰਾਂ ਭਾਵੇਂ ਕਿ ਘੱਗਰ ਅਤੇ ਹੋਰ ਨਦੀਆਂ ਨਾਲ਼ੇ ਖਤਰੇ ਦੇ ਨਿਸ਼ਾਨ ਤੋਂ ਤਾਂ ਹੇਠਾਂ ਆ ਗਏ ਹਨ। ਪਰ ਪਟਿਆਲਾ ਜ਼ਿਲ੍ਹੇ ਦੀ ਹਜ਼ਾਰਾਂ ਏਕੜ ਫਸਲ ਅਜੇ ਵੀ ਡੁੱਬੀ ਹੋਈ ਹੈ ਤੇ ਹੜ੍ਹਾਂ ਦਾ ਇਹ ਪਾਣੀ ਹਫ਼ਤੇ ਮਗਰੋਂ ਵੀ ਦਰਜਨਾ ਹੀ ਪਿੰਡਾਂ ਬਚ ਤਬਾਹੀ ਮਚਾਉਂਦਾ ਹੋਇਆ ਅਗਲੇ ਪੜਾਅ ਵੱਲ ਨੂੰ ਵੱਧਦਾ ਜਾ ਰਿਹਾ ਹੈ।