ਹੂਤੀ ਬਾਗ਼ੀਆਂ ਵੱਲੋਂ ਭਾਰਤ ਜਾ ਰਹੇ ਇਜ਼ਰਾਇਲੀ ਜਹਾਜ਼ ’ਤੇ ਕਬਜ਼ਾ

ਹੂਤੀ ਬਾਗ਼ੀਆਂ ਵੱਲੋਂ ਭਾਰਤ ਜਾ ਰਹੇ ਇਜ਼ਰਾਇਲੀ ਜਹਾਜ਼ ’ਤੇ ਕਬਜ਼ਾ

ਅਮਲੇ ਦੇ 25 ਮੈਂਬਰ ਬੰਧਕ ਬਣਾਏ; ਸਮੁੰਦਰੀ ਮੋਰਚੇ ’ਤੇ ਜੰਗ ਦਾ ਖ਼ਦਸ਼ਾ ਵਧਿਆ
ਯੇਰੂਸ਼ਲਮ- ਯਮਨ ਦੇ ਹੂਤੀ ਬਾਗ਼ੀਆਂ ਨੇ ਇਜ਼ਰਾਈਲ ਨਾਲ ਸਬੰਧਤ ਅਤੇ ਲਾਲ ਸਾਗਰ ’ਚ ਭਾਰਤ ਜਾ ਰਹੇ ਇਕ ਮਾਲਵਾਹਕ ਜਹਾਜ਼ ਨੂੰ ਕਬਜ਼ੇ ’ਚ ਲੈ ਲਿਆ ਹੈ ਅਤੇ ਜਹਾਜ਼ ’ਤੇ ਸਵਾਰ ਚਾਲਕ ਦਲ ਦੇ 25 ਮੈਂਬਰਾਂ ਨੂੰ ਬੰਧਕ ਬਣਾ ਲਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਘਟਨਾ ਨਾਲ ਇਜ਼ਰਾਈਲ-ਹਮਾਸ ਜੰਗ ਨੂੰ ਲੈ ਕੇ ਖੇਤਰੀ ਤਣਾਅ ਹੋਰ ਵਧਣ ਦਾ ਖ਼ਦਸ਼ਾ ਹੈ ਅਤੇ ਇਸ ਨਾਲ ਸਮੁੰਦਰੀ ਮੋਰਚੇ ’ਤੇ ਵੀ ਜੰਗ ਸ਼ੁਰੂ ਹੋ ਸਕਦੀ ਹੈ। ਇਰਾਨ ਸਮਰਥਿਤ ਹੂਤੀ ਬਾਗ਼ੀਆਂ ਨੇ ਕਿਹਾ ਕਿ ਉਨ੍ਹਾਂ ਇਜ਼ਰਾਈਲ ਨਾਲ ਜੁੜੇ ਹੋਣ ਕਾਰਨ ਜਹਾਜ਼ ਨੂੰ ਕਬਜ਼ੇ ’ਚ ਲਿਆ ਹੈ ਅਤੇ ਉਹ ਗਾਜ਼ਾ ਦੇ ਹਮਾਸ ਸ਼ਾਸਕਾਂ ਖ਼ਿਲਾਫ਼ ਇਜ਼ਰਾਈਲ ਦੀ ਕਾਰਵਾਈ ਦੇ ਖ਼ਾਤਮੇ ਤੱਕ ਕੌਮਾਂਤਰੀ ਸਮੁੰਦਰੀ ਪਾਣੀਆਂ ’ਚ ਇਜ਼ਰਾਇਲੀਆਂ ਨਾਲ ਜੁੜੇ ਜਾਂ ਉਨ੍ਹਾਂ ਦੀ ਮਾਲਕੀ ਵਾਲੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਜਾਰੀ ਰਖੇਗਾ। ਹੂਤੀਆਂ ਦੇ ਮੁੱਖ ਵਾਰਤਾਕਾਰ ਅਤੇ ਤਰਜਮਾਨ ਮੁਹੰਮਦ ਅਬਦੁੱਲ-ਸਲਾਮ ਨੇ ਬਾਅਦ ’ਚ ਇਕ ਆਨਲਾਈਨ ਬਿਆਨ ’ਚ ਕਿਹਾ ਕਿ ਇਜ਼ਰਾਇਲੀ ਸਿਰਫ਼ ‘ਤਾਕਤ ਦੀ ਭਾਸ਼ਾ’ ਸਮਝਦੇ ਹਨ। ਉਸ ਨੇ ਕਿਹਾ,‘‘ਇਜ਼ਰਾਇਲੀ ਜਹਾਜ਼ ਕਬਜ਼ੇ ’ਚ ਲੈਣਾ ਇਕ ਵਿਹਾਰਕ ਕਦਮ ਹੈ ਜੋ ਅੰਜਾਮ ਦੀ ਪ੍ਰਵਾਹ ਕੀਤੇ ਬਿਨਾਂ ਸਮੁੰਦਰੀ ਜੰਗ ਛੇੜਨ ’ਚ ਯਮਨੀ ਹਥਿਆਰਬੰਦ ਬਲਾਂ ਦੀ ਗੰਭੀਰਤਾ ਸਾਬਿਤ ਕਰਦਾ ਹੈ। ਇਹ ਤਾਂ ਅਜੇ ਸ਼ੁਰੂਆਤ ਹੈ।’’ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਬਹਾਮਸ ਦੇ ਝੰਡਾ ਲੱਗੇ ਗਲੈਕਸੀ ਲੀਡਰ ਜਹਾਜ਼ ’ਤੇ ਹਮਲੇ ਲਈ ਹੂਤੀਆਂ ਨੂੰ ਦੋਸ਼ੀ ਠਹਿਰਾਇਆ ਸੀ ਜੋ ਇਕ ਇਜ਼ਰਾਇਲੀ ਅਰਬਪਤੀ ਨਾਲ ਸਬੰਧਤ ਜਹਾਜ਼ ਸੀ। ਜਹਾਜ਼ ਦੇ ਜਪਾਨੀ ਅਪਰੇਟਰ ਐੱਨਵਾਈਕੇ ਲਾਈਨ ਨੇ ਕਿਹਾ ਕਿ ਅਗ਼ਵਾ ਸਮੇਂ ਜਹਾਜ਼ ’ਚ ਕੋਈ ਮਾਲ ਨਹੀਂ ਸੀ। ਐੱਨਵਾਈਕੇ ਨੇ ਕਿਹਾ ਕਿ ਇਸ ਦੇ ਚਾਲਕ ਅਮਲੇ ਦੇ ਮੈਂਬਰ ਫਿਲਪੀਨਜ਼, ਬੁਲਗਾਰੀਆ, ਰੋਮਾਨੀਆ, ਯੂਕਰੇਨ ਅਤੇ ਮੈਕਸਿਕੋ ਤੋਂ ਹਨ। ਜਪਾਨ ਨੇ ਜਹਾਜ਼ ਅਗ਼ਵਾ ਕਰਨ ਦੀ ਨਿਖੇਧੀ ਕੀਤੀ ਹੈ। ਮੁੱਖ ਕੈਬਨਿਟ ਸਕੱਤਰ ਹਿਰੋਕਾਜ਼ੂ ਮਾਤਸੁਨੋ ਨੇ ਕਿਹਾ ਕਿ ਜਪਾਨ ਸਰਕਾਰ ਹੂਤੀ ਬਾਗ਼ੀਆਂ ਨਾਲ ਗੱਲਬਾਤ ਰਾਹੀਂ ਅਮਲੇ ਦੀ ਫੌਰੀ ਰਿਹਾਈ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਸ ਦੇ ਨਾਲ ਇਜ਼ਰਾਈਲ ਨਾਲ ਗੱਲਬਾਤ ਹੋ ਰਹੀ ਹੈ ਅਤੇ ਸਾਊਦੀ ਅਰਬ, ਓਮਾਨ ਤੇ ਇਰਾਨ ਦੀਆਂ ਸਰਕਾਰਾਂ ਨਾਲ ਉਹ ਸਹਿਯੋਗ ਕਰ ਰਹੇ ਹਨ।