ਹੁਣ ਗੁਰਦੁਆਰਿਆਂ ’ਚ ਕੇਸਰੀ ਨਹੀਂ, ਬਸੰਤੀ ਤੇ ਸੁਰਮਈ ਰੰਗ ਦੇ ਝੂਲਣਗੇ ਨਿਸ਼ਾਨ

ਹੁਣ ਗੁਰਦੁਆਰਿਆਂ ’ਚ ਕੇਸਰੀ ਨਹੀਂ, ਬਸੰਤੀ ਤੇ ਸੁਰਮਈ ਰੰਗ ਦੇ ਝੂਲਣਗੇ ਨਿਸ਼ਾਨ

ਸ਼੍ਰੋਮਣੀ ਕਮੇਟੀ ਨੇ ਜਾਰੀ ਕੀਤੇ ਹੁਕਮ

ਅੰਮ੍ਰਿਤਸਰ : ਪੰਜ ਸਿੰਘ ਸਾਹਿਬਾਨ ਵਲੋਂ ਪਿਛਲੇ ਦਿਨੀਂ ਇਕੱਤਰਤਾ ਦੌਰਾਨ ਗੁਰਦੁਆਰਾ ਸਾਹਿਬਾਨ ’ਚ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਨੂੰ ਲੈ ਕੇ ਸੰਗਤ ਵਿਚ ਚੱਲ ਰਹੀ ਦੁਬਿਧਾ ਦੇ ਸੰਬੰਧ ’ਚ ਸ਼੍ਰੋਮਣੀ ਕਮੇਟੀ ਨੂੰ ਸਿੱਖ ਰਹਿਤ ਮਰਯਾਦਾ ਅਨੁਸਾਰ ਪ੍ਰਵਾਨਿਤ ਰੰਗ ਦੀ ਹੀ ਵਰਤੋਂ ਕੀਤੇ ਜਾਣ ਦੀ ਕੀਤੀ ਹਦਾਇਤ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਵਲੋਂ ਕਈ ਦਹਾਕਿਆਂ ਤੋਂ ਨਿਸ਼ਾਨ ਸਾਹਿਬ ਦੇ ਪੁਸ਼ਾਕਿਆਂ ਲਈ ਵਰਤੇ ਜਾ ਰਹੇ ਕੇਸਰੀ ਰੰਗ ਨੂੰ ਬਦਲ ਕੇ ਬਸੰਤੀ ਜਾਂ ਨੀਲੇ ਰੰਗ ਦੇ ਪੁਸ਼ਾਕੇ ਪਹਿਨਾਏ ਜਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਵਲੋਂ ਸ੍ਰੀ ਹਰਿਮੰਦਰ ਸਾਹਿਬ ਸਮੇਤ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸੈਕਸ਼ਨ 85 ਅਤੇ 87 ਦੇ ਸਮੂਹ ਗੁਰਦੁਆਰਾ ਸਾਹਿਬਾਨ ਵਿਖੇ ਕੇਸਰੀ ਦੀ ਥਾਂ ਬਸੰਤੀ ਰੰਗ ਦੇ ਪੁਸ਼ਾਕੇ ਦੀ ਵਰਤੋਂ ਕਰਨ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਬੀਤੀ 15 ਜੁਲਾਈ ਦੀ ਇਕੱਤਰਤਾ ਦੌਰਾਨ ਸਿੰਘ ਸਾਹਿਬਾਨ ਵਲੋਂ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਸਮੂਹ ਗੁਰਦੁਆਰਾ ਸਾਹਿਬਾਨ ਵਿਖੇ ਸਿੱਖ ਰਹਿਤ ਮਰਯਾਦਾ ਅਨੁਸਾਰ ਨਿਸ਼ਾਨ ਸਾਹਿਬ ਲਈ ਪ੍ਰਵਾਨਿਤ ਬਸੰਤੀ ਜਾਂ ਸੁਰਮਈ (ਨੀਲੇ) ਰੰਗ ਦੇ ਹੀ ਪੁਸ਼ਾਕੇ ਪਹਿਨਾਏ ਜਾਣ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਵਲੋਂ ਸੈਕਸ਼ਨ 85 ਤੇ 87 ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਤੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਵਲੋਂ ਸਮੂਹ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰਾਂ ਨੂੰ ਸਰਕੂਲਰ ਜਾਰੀ ਕਰਕੇ ਪੁਸ਼ਾਕੇ ਦੇ ਰੰਗ ਸੰਬੰਧੀ ਪੈਦਾ ਹੋਈ ਦੁਬਿਧਾ ਨੂੰ ਦੂਰ ਕਰਨ ਲਈ ਸਿੱਖ ਰਹਿਤ ਮਰਯਾਦਾ ਦੀ ਰੌਸ਼ਨੀ ’ਚ ਸੰਗਤ ਤੇ ਪ੍ਰਬੰਧਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਇਸੇ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਿੰਘ ਸਾਹਿਬਾਨ ਦੇ ਆਦੇਸ਼ ਦਾ ਇੰਨ-ਬਿੰਨ ਪਾਲਣ ਕਰਦਿਆਂ ਨਿਸ਼ਾਨ ਸਾਹਿਬ ਦੇ ਪੁਸ਼ਾਕਿਆਂ ਦਾ ਰੰਗ ਸਿੱਖ ਰਹਿਤ ਮਰਯਾਦਾ ਅਨੁਸਾਰ ਹੀ ਬਦਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਹੁਤੀ ਵਾਰ ਸ਼ਰਧਾਲੂਆਂ ਵਲੋਂ ਹੀ ਬਾਹਰੋਂ ਦੁਕਾਨਾਂ ਤੋਂ ਨਿਸ਼ਾਨ ਸਾਹਿਬ ਲਈ ਪੁਸ਼ਾਕੇ ਤਿਆਰ ਕਰਵਾ ਕੇ ਲਿਆਂਦੇ ਜਾਂਦੇ ਹਨ, ਪਰ ਹੁਣ ਸੰਗਤ ਅਤੇ ਪੁਸ਼ਾਕੇ ਤਿਆਰ ਕਰਨ ਵਾਲਿਆਂ ਨੂੰ ਵੀ ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਹੀ ਪੁਸ਼ਾਕੇ ਦੇ ਰੰਗ ਭੇਜਣ ਲਈ ਕਿਹਾ ਜਾਵੇਗਾ ਤੇ ਆਉਂਦੇ ਕੁਝ ਦਿਨਾਂ ਤੱਕ ਬਸੰਤੀ ਰੰਗ ਦੇ ਹੀ ਪੁਸ਼ਾਕੇ ਚੜ੍ਹਾਏ ਜਾਣਗੇ।