ਹਿੰਮਤ ਅਤੇ ਦਲੇਰੀ ਦੀ ਮਿਸਾਲ ਮਾਈ ਭਾਗੋ

ਹਿੰਮਤ ਅਤੇ ਦਲੇਰੀ ਦੀ ਮਿਸਾਲ ਮਾਈ ਭਾਗੋ

ਖਿਦਰਾਣੇ ਦੀ ਢਾਬ (ਸ੍ਰੀ ਮੁਕਤਸਰ ਸਾਹਿਬ) ਦੀ ਜ਼ੁਲਮ ਖ਼ਿਲਾਫ਼ ਹੋਈ ਜੰਗ ਵਿਚ ਮਾਈ ਭਾਗੋ ਦੀ ਭੂਮਿਕਾ ਬਹੁਤ ਅਹਿਮ ਰਹੀ। ਉਨ੍ਹਾਂ ਜਿੱਥੇ ਗੁਰੂ ਜੀ ਨੂੰ ਬੇਦਾਵਾ ਦੇ ਕੇ ਗਏ 40 ਸਿੱਖਾਂ ਨੂੰ ਗੁਰੂ ਜੀ ਦੇ ਲੜ ਲਾਇਆ, ਉੱਥੇ ਇਸ ਜੰਗ ਵਿਚ ਅਹਿਮ ਭੂਮਿਕਾ ਨਿਭਾਅ ਕੇ ਇਤਿਹਾਸ ਵਿਚ ਮਿਸਾਲ ਕਾਇਮ ਕੀਤੀ। ਆਪਣੀ ਹਿੰਮਤ ਅਤੇ ਦਲੇਰੀ ਸਦਕਾ ਉਨ੍ਹਾਂ ਜੰਗ ਵਿਚ ਦੁਸ਼ਮਣਾਂ ਨੂੰ ਭਾਜੜਾਂ ਪਾਈਆਂ। ਉਨ੍ਹਾਂ ਦਾ ਜੀਵਨ ਵੀ ਅਜੋਕੇ ਸਮਾਜ ਲਈ ਪ੍ਰੇਰਨਾ ਦਾ ਸਰੋਤ ਹੈ। ਗੁਰੂ ਸਾਹਿਬਾਨ ਨੇ ਔਰਤ ਜਾਤੀ ਨੂੰ ਵੱਡਾ ਸਨਮਾਨ ਦਿੱਤਾ ਹੈ ਅਤੇ ਇਸ ਦਲੇਰ ਸਿੰਘਣੀ ਦੀ ਜੰਗ ਵਿਚ ਭੂਮਿਕਾ ਵੀ ਪ੍ਰੇਰਨਾ ਸਰੋਤ ਬਣੀ। ਮਾਘੀ ਦੇ ਦਿਹਾੜੇ ’ਤੇ ਸ਼ਰਧਾਲੂ ਦੂਰ-ਦੁਰਾਡੇ ਤੋਂ ਪਹੁੰਚ ਕੇ ਜਿੱਥੇ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦੇ ਹਨ, ਉੱਥੇ ਸ੍ਰੀ ਮੁਕਤਸਰ ਸਾਹਿਬ ਦੀ ਇਤਿਹਾਸਕ ਜੰਗ ਤੋਂ ਅੱਜ ਦੀ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਜਾਣੂ ਕਰਵਾਉਂਦੇ ਹਨ। ਅਜਾਇਬ ਘਰ ਵਿਚ ਪੁਰਾਤਨ ਜੰਗ ਦੀਆਂ ਰੂਪਮਾਨ ਕੀਤੀਆਂ ਤਸਵੀਰਾਂ ਇਸ ਜੰਗ ਦੀ ਯਾਦ ਕਰਵਾਉਂਦੀਆਂ ਹਨ। ਇਸ ਜੰਗ ਵਿਚ ਜੂਝਦਿਆਂ ਮਾਈ ਭਾਗੋ ਨੇ ਹਿੰਮਤ ਅਤੇ ਦਲੇਰੀ ਦੀ ਮਿਸਾਲ ਕਾਇਮ ਕੀਤੀ, ਜੋ ਸਭ ਲਈ ਤੇ ਖ਼ਾਸ ਕਰਕੇ ਔਰਤਾਂ ਲਈ ਪ੍ਰੇਰਨਾ ਦਾ ਸਰੋਤ ਹੈ। ਅੱਜ ਦੀ ਪੀੜ੍ਹੀ ਨੂੰ ਇਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਸ਼ਰਧਾਲੂ ਇਸ ਦਿਹਾੜੇ ’ਤੇ ਹੋਰ ਇਤਿਹਾਸਕ ਅਸਥਾਨਾਂ ਦੇ ਨਾਲ-ਨਾਲ ਗੁਰਦੁਆਰਾ ਮਾਤਾ ਭਾਗ ਕੌਰ ਵਿਖੇ ਵੀ ਨਤਮਸਤਕ ਹੁੰਦੇ ਹਨ ਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹਨ। ਸਿੱਖ ਇਤਿਹਾਸ ਵਿਚ ਮਾਈ ਭਾਗੋ ਜੀ ਇਸ ਘਟਨਾ ਕਰਕੇ ਕਾਫੀ ਪ੍ਰਸਿੱਧ ਸਨ ਕਿ ਉਨ੍ਹਾਂ ਨੇ ਮਾਝੇ ਦੇ ਸਿੱਖਾਂ ਨੂੰ (ਜੋ ਸ੍ਰੀ ਅਨੰਦਪੁਰ ਸਾਹਿਬ ਤੋਂ ਬੇਦਾਵਾ ਲਿਖ ਕੇ ਗੁਰੂ ਜੀ ਨਾਲੋਂ ਬੇਮੁਖ ਹੋਏ ਸਨ) ਪ੍ਰੇਰਣਾ ਦੇ ਕੇ ਮੁੜ ਗੁਰੂ ਜੀ ਦੇ ਲੜ ਲਾਇਆ। ਉਨ੍ਹਾਂ ਸਿੱਖਾਂ ਨੇ ਖਿਦਰਾਣੇ ਦੀ ਢਾਬ ’ਤੇ ਪਹੁੰਚ ਕੇ ਭਾਰੀ ਜੰਗ ਕੀਤੀ ਤੇ ਗੁਰੂ ਜੀ ਨਾਲ ਟੁੱਟੀ ਗੰਢੀ ਸੀ। ਮਾਈ ਭਾਗੋ ਇਸ ਯੁੱਧ ਵਿਚ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਜੰਗੇ ਮੈਦਾਨ ਵਿਚ ਦੁਸ਼ਮਣ ਦੀਆਂ ਫ਼ੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇ ਕੇ ਸਿੱਖ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਹਿਕਦੀ ਮਾਈ ਭਾਗੋ ਨੂੰ ਵੇਖਿਆ, ਤਾਂ ਉਸ ਦੇ ਜ਼ਖ਼ਮ ਸਾਫ਼ ਕਰ ਕੇ ਮਰ੍ਹਮ ਪੱਟੀ ਕਰ ਕੇ ਉਸ ਨੂੰ ਠੀਕ ਕੀਤਾ। ਮਾਈ ਭਾਗੋ ਜੀ ਹਜ਼ੂਰ ਸਾਹਿਬ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗਏ ਅਤੇ ਉਸ ਇਲਾਕੇ ਵਿੱਚ ਵਿਚਰਦੇ ਰਹੇ, ਸਿੱਖੀ ਦਾ ਪ੍ਰਚਾਰ ਕੀਤਾ ਅਤੇ ਬਿਦਰ (ਕਰਨਾਟਕ) ਦੇ ਇਲਾਕੇ ਵਿਚ ਨਾਨਕ ਝੀਰਾ ਜੀ ਦੇ ਕੋਲ ਲਗਭਗ ਦਸ ਕਿਲੋਮੀਟਰ ਦੇ ਜਨਵਾੜੇ ਵਿਚ ਆਪਣਾ ਸ਼ਰੀਰ ਤਿਆਗਿਆ। ਆਓ! ਮਾਈ ਭਾਗੋ ਦੇ ਜੀਵਨ ਤੋਂ ਪ੍ਰੇਰਨਾ ਲਈਏ, ਜਿਨ੍ਹਾਂ ਧਰਮ, ਕੌਮ ਵਾਸਤੇ ਆਪਾ ਵਾਰਿਆ ਅਤੇ ਬੇਮੁੱਖ ਹੋਏ ਸਿੱਖਾਂ ਨੂੰ ਪ੍ਰੇਰਨਾ ਦੇ ਕੇ ਦਸਮੇਸ਼ ਪਿਤਾ ਪਾਸ ਲਿਆਂਦਾ। ਅੱਜ ਮਾਘੀ ਦੇ ਪਵਿੱਤਰ ਦਿਹਾੜੇ ’ਤੇ ਮਹਾਨ ਸ਼ਹੀਦਾਂ ਨੂੰ ਯਾਦ ਕਰੀਏ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰ ਕੇ ਸ਼ਰਧਾ ਦੇ ਫੁੱਲ ਭੇਟ ਕਰੀਏ।