ਹਿੰਦ-ਪ੍ਰਸ਼ਾਂਤ ਖੇਤਰ ਦੇ ਮਸਲੇ ਨਿਬੇੜਨ ਲਈ ਸਾਂਝੇ ਯਤਨਾਂ ਦੀ ਲੋੜ: ਰਾਜਨਾਥ

ਹਿੰਦ-ਪ੍ਰਸ਼ਾਂਤ ਖੇਤਰ ਦੇ ਮਸਲੇ ਨਿਬੇੜਨ ਲਈ ਸਾਂਝੇ ਯਤਨਾਂ ਦੀ ਲੋੜ: ਰਾਜਨਾਥ

ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਿੰਦ-ਪ੍ਰਸ਼ਾਂਤ ਖੇਤਰ ਦੇ ਗੁੰਝਲਦਾਰ ਮਸਲਿਆਂ ਦੇ ਹੱਲ ਅਤੇ ਖੇਤਰ ਵਿੱਚ ਖੁਸ਼ਹਾਲੀ, ਸੁਰੱਖਿਆ ਤੇ ਸਾਰਿਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਸਾਂਝੇ ਉਪਰਾਲੇ ਕਰਨ ਦਾ ਸੱਦਾ ਦਿੱਤਾ। 13ਵੇਂ ਹਿੰਦ-ਪ੍ਰਸ਼ਾਂਤ ਸੈਨਾ ਮੁਖੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੁਨੀਆ ਦੇ ਮੁਲਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਆਲਮੀ ਮੁੱਦਿਆਂ ’ਚ ਕਈ ਹਿੱਤਧਾਰਕ ਸ਼ਾਮਲ ਹੁੰਦੇ ਹਨ ਤੇ ਕੋਈ ਵੀ ਦੇਸ਼ ਇਨ੍ਹਾਂ ਚੁਣੌਤੀਆਂ ਦਾ ਇਕੱਲਿਆਂ ਸਾਹਮਣਾ ਨਹੀਂ ਕਰ ਸਕਦਾ ਹੈ। ਉਨ੍ਹਾਂ ਨੇ ਇਹ ਟਿੱਪਣੀ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ ਹਮਲਾਵਰ ਸੈਨਿਕ ਰੁਖ਼ ਬਾਰੇ ਵਿਸ਼ਵ ਦੀ ਵਧਦੀ ਹੋਈ ਚਿੰਤਾ ਦੌਰਾਨ ਕੀਤੀ ਹੈ।

ਰੱਖਿਆ ਮੰਤਰੀ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਤੇ ਖੁਸ਼ਹਾਲੀ ਤਾਂ ਹੀ ਸੰਭਵ ਹੈ ਜੇਕਰ ਪੁਰਾਤਨ ਭਾਰਤ ਦੀ ਅਖਾਣ ‘ਵਾਸੂਧੈਵ ਕਟੁੰਬਕਮ’ (ਦੁਨੀਆ ਇਕ ਪਰਿਵਾਰ) ਨੂੰ ਅਮਲ ਵਿੱਚ ਲਿਆਂਦਾ ਜਾਵੇ। ਭਾਰਤੀ ਸੈਨਾ ਵੱਲੋਂ ਕਰਵਾਏ ਗਏ ਇਸ ਸੰਮੇਲਨ ਵਿੱਚ 30 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧ ਹਿੱਸਾ ਲੈ ਰਹੇ ਹਨ। ਰਾਜਨਾਥ ਸਿੰਘ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਇਕ ਸਮੁੰਦਰੀ ਰਚਨਾ ਨਹੀਂ ਬਲਕਿ ਪੂਰਨ ਰੂਪ ਵਿੱਚ ਭੂ-ਰਣਨੀਤਕ ਰਚਨਾ ਹੈ ਤੇ ਇਹ ਖੇਤਰ ਸਰਹੱਦੀ ਵਿਵਾਦਾਂ ਤੇ ਹੋਰ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਰੱਖਿਆ ਮੰਤਰੀ ਨੇ ਅਮਰੀਕੀ ਲੇਖਕ ਸਟੀਫਨ ਆਰ. ਕੋਵੀ ਦੇ ਸਿਧਾਂਤਕ ਮਾਡਲ ਰਾਹੀਂ ਖੇਤਰ ਬਾਰੇ ਆਪਣੇ ਦ੍ਰਿਸ਼ਟੀਕੋਣ ਨੂੰ ਸਮਝਾਇਆ ਜੋ ‘ਸਰਕਲ ਆਫ ਕਨਸਰਨ’ (ਚਿੰਤਾ ਦਾ ਘੇਰਾ) ਤੇ ‘ਸਰਕਲ ਆਫ ਇਨਫਲੂਐਂਸ’ ਉੱਤੇ ਆਧਾਰਿਤ ਹੈ। ਉਨ੍ਹਾਂ ਕਿਹਾ, ‘‘ਅਜਿਹੇ ਉਦਾਰਹਣ ਹੋ ਸਕਦੇ ਹਨ ਜਦੋਂ ਵੱਖ ਵੱਖ ਦੇਸ਼ਾਂ ਦੇ ‘ਚਿੰਤਾ ਦੇ ਚੱਕਰ’ ਇਕ-ਦੂਜੇ ’ਤੇ ਹਾਵੀ ਹੋ ਜਾਂਦੇ ਹਨ, ਕਿਸੇ ਵੀ ਦੇਸ਼ ਦੇ ਵਿਸ਼ੇਸ਼ ਆਰਥਿਕ ਖੇਤਰਾਂ ਤੋਂ ਪਰੇ, ਸਮੁੰਦਰ ਤੋਂ ਲੰਘਣ ਵਾਲੇ ਅੰਤਰਰਾਸ਼ਟਰੀ ਸਮੁੰਦਰੀ ਵਪਾਰ ਮਾਰਗ ਪ੍ਰਸੰਗਿਕ ਉਦਾਰਹਣ ਹਨ। ਉਨ੍ਹਾਂ ਨੇ ‘ਸਰਕਲ ਆਫ ਕਨਸਰਨ’ ਵਿੱਚ ਆਮ ਚਿੰਤਾਵਾਂ ਦੇ ਨਿਪਟਾਰੇ ਲਈ ਕੌਮਾਂਤਰੀ ਭਾਈਚਾਰੇ ਨਾਲ ਗੱਲਬਾਤ ਕਰਨ ਅਤੇ ਕੂਟਨੀਤਕ, ਅੰਤਰਰਾਸ਼ਟਰੀ ਸੰਗਠਨਾਂ ਤੇ ਸੰਧੀਆਂ ਰਾਹੀਂ ਕੰਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਮੁੰਦਰੀ ਕਾਨੂੰਨਾਂ ਬਾਰੇ ਸੰਯੁਕਤ ਰਾਸ਼ਟਰ ਕਨਵੈਨਸ਼ਨ, 1982 ਨੂੰ ਅਜਿਹੇ ਅੰਤਰਰਾਸ਼ਟਰੀ ਸਮਝੌਤੇ ਦਾ ਇਕ ਚੰਗਾ ਉਦਾਰਹਣ ਦੱਸਿਆ ਜੋ ਸਮੁੰਦਰੀ ਗਤੀਵਿਧੀਆਂ ਲਈ ਕਾਨੂੰਨੀ ਢਾਂਚਾ ਸਥਾਪਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਆਪਣੇ ਚਿੰਤਾ ਦੇ ਘੇਰੇ ਨਾਲ ਤਾਲਮੇਲ ਬਿਠਾਉਂਦੇ ਹੋਏ ਪ੍ਰਭਾਵ ਦੇ ਘੇਰੇ ਦਾ ਵਿਸਤਾਰ ਕਰਨ ਦੀ ਕੋਸ਼ਿਸ਼ ਹੈ।