ਹਿੰਦੂ ਆਗੂਆਂ ਦੇ ਨਫ਼ਰਤੀ ਭਾਸ਼ਨਾਂ ਖ਼ਿਲਾਫ਼ ਬਰਿੰਦਾ ਕਰਾਤ ਸੁਪਰੀਮ ਕੋਰਟ ਪੁੱਜੀ

ਹਿੰਦੂ ਆਗੂਆਂ ਦੇ ਨਫ਼ਰਤੀ ਭਾਸ਼ਨਾਂ ਖ਼ਿਲਾਫ਼ ਬਰਿੰਦਾ ਕਰਾਤ ਸੁਪਰੀਮ ਕੋਰਟ ਪੁੱਜੀ

ਪੱਤਰਕਾਰ ਵੱਲੋਂ ਦਾਖ਼ਲ ਅਰਜ਼ੀ ’ਚ ਧਿਰ ਬਣਾਉਣ ਦੀ ਕੀਤੀ ਮੰਗ
ਨਵੀਂ ਦਿੱਲੀ- ਹਰਿਆਣਾ ਸਮੇਤ ਹੋਰ ਸੂਬਿਆਂ ’ਚ ਹਿੰਦੂ ਜਥੇਬੰਦੀਆਂ ਦੇ ਆਗੂਆਂ ਵੱਲੋਂ ਦਿੱਤੇ ਗਏ ਨਫ਼ਰਤੀ ਭਾਸ਼ਨਾਂ ਖ਼ਿਲਾਫ਼ ਸੀਪੀਐੱਮ ਆਗੂ ਬਰਿੰਦਾ ਕਰਾਤ ਨੇ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ਕਿਹਾ ਹੈ ਕਿ ਬਕਾਇਆ ਪਈ ਅਰਜ਼ੀ ’ਤੇ ਸੁਣਵਾਈ ਕੀਤੀ ਜਾਵੇ।

ਰਾਜ ਸਭਾ ਦੀ ਸਾਬਕਾ ਮੈਂਬਰ ਨੇ ਸਿਖਰਲੀ ਅਦਾਲਤ ਤੋਂ ਪੱਤਰਕਾਰ ਸ਼ਾਹੀਨ ਅਬਦੁੱਲਾ ਦੀ ਬਕਾਇਆ ਪਈ ਅਰਜ਼ੀ ’ਚ ਖੁਦ ਨੂੰ ਇਕ ਧਿਰ ਬਣਾਉਣ ਦੀ ਮੰਗ ਕੀਤੀ ਹੈ।

ਕਰਾਤ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵਰਗੀਆਂ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਦਿੱਤੇ ਗਏ ਨਫ਼ਰਤੀ ਭਾਸ਼ਨਾਂ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ ਹੈ ਕਿ ਦਿੱਲੀ ਦੇ ਨਾਂਗਲੋਈ ਅਤੇ ਘੌਂਡਾ ਚੌਕ ਸਮੇਤ ਕੁਝ ਥਾਵਾਂ ’ਤੇ ਰੈਲੀਆਂ ਦੌਰਾਨ ਮੁਸਲਿਮ ਭਾਈਚਾਰੇ ਖ਼ਿਲਾਫ਼ ਲੋਕਾਂ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਹਿੰਦੂਵਾਦ ਦੇ ਨਾਮ ਹੇਠ ਧਰਮਨਿਰਪੱਖਤਾ ਖ਼ਿਲਾਫ਼ ਭੜਕਾਇਆ ਗਿਆ। ਉਨ੍ਹਾਂ ਕਿਹਾ ਕਿ ਕੌਮੀ ਰਾਜਧਾਨੀ ਦੇ ਵੱਖ ਵੱਖ ਹਿੱਸਿਆਂ ’ਚ ਅਜਿਹੀਆਂ ਮੀਟਿੰਗਾਂ ਹੋ ਰਹੀਆਂ ਹਨ ਜਿਥੇ ਮੁਸਲਿਮ ਭਾਈਚਾਰੇ ਦੇ ਆਰਥਿਕ ਅਤੇ ਸਮਾਜਿਕ ਬਾਈਕਾਟ ਦਾ ਲਗਾਤਾਰ ਸੱਦਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਭੜਕਾਊ ਭਾਸ਼ਨ ਆਈਪੀਸੀ ਦੀਆਂ ਵੱਖ ਧਾਰਾਵਾਂ ਤਹਿਤ ਜੁਰਮ ਹਨ।

ਬਰਿੰਦਾ ਨੇ ਇਹ ਵੀ ਦੋਸ਼ ਲਾੲਿਆ ਕਿ ਅਜਿਹੇ ਲੋਕਾਂ ਖ਼ਿਲਾਫ਼ ਨਾ ਤਾਂ ਪੁਲੀਸ ਕੋਈ ਕਾਰਵਾਈ ਕਰ ਰਹੀ ਹੈ ਅਤੇ ਨਾ ਹੀ ਅਜਿਹੀਆਂ ਮੀਟਿੰਗਾਂ ਨੂੰ ਰੋਕਿਆ ਜਾ ਰਿਹਾ ਹੈ। ਅਬਦੁੱਲਾ ਦੀ ਪਟੀਸ਼ਨ ’ਤੇ 11 ਅਗਸਤ ਨੂੰ ਸੁਣਵਾਈ ਦੌਰਾਨ ਜਸਟਿਸ ਸੰਜੀਵ ਖੰਨਾ ਅਤੇ ਐੱਸ ਵੀ ਐੱਨ ਭੱਟੀ ਦੇ ਬੈਂਚ ਨੇ ਕਿਹਾ ਸੀ ਕਿ ਫਿਰਕਿਆਂ ਵਿਚਕਾਰ ਸਦਭਾਵਨਾ ਅਤੇ ਸਾਂਝ ਬਣਾ ਕੇ ਰੱਖਣ ਦੀ ਲੋੜ ਹੈ।