ਹਿਮਾਲਿਅਨ ਫ਼ਿਲਮ ਮੇਲੇ ਵਿੱਚ ਫੌਜ ਦੇ ਜਵਾਨਾਂ ਨੇ ‘ਸ਼ੋਅਲੇ’ ਦੇਖੀ

ਹਿਮਾਲਿਅਨ ਫ਼ਿਲਮ ਮੇਲੇ ਵਿੱਚ ਫੌਜ ਦੇ ਜਵਾਨਾਂ ਨੇ ‘ਸ਼ੋਅਲੇ’ ਦੇਖੀ

ਲੇਹ: ਇੱਥੇ ਹੋਏ ਦਿ ਹਿਮਾਲਿਅਨ ਫ਼ਿਲਮ ਮੇਲੇ ਦੇ ਤੀਜੇ ਦਨਿ ਭਾਰਤੀ ਹਥਿਆਰਬੰਦ ਬਲਾਂ ਦੇ 55 ਤੋਂ ਵੱਧ ਜਵਾਨਾਂ ਨੇ ਹਿੰਦੀ ਫ਼ਿਲਮ ‘ਸ਼ੋਅਲੇ’ ਦੇਖੀ। ਰਮੇਸ਼ ਸਿੱਪੀ ਵੱਲੋਂ ਬਣਾਈ ਇਸ ਫ਼ਿਲਮ ਨੂੰ ਸਿੰਧੂ ਸੰਸਕ੍ਰਿਤ ਕੇਂਦਰ ਵਿੱਚ ਐਤਵਾਰ ਸ਼ਾਮ ਨੂੰ ਦਿਖਾਇਆ ਗਿਆ। ਇਸ ਦੌਰਾਨ ਕੁੱਝ ਫੌਜੀਆਂ ਨੇ 1975 ਦੀ ਇਸ ਫ਼ਿਲਮ ਵਿੱਚ ਧਰਮਿੰਦਰ ਅਤੇ ਅਮਿਤਾਭ ਬੱਚਨ ’ਤੇ ਫ਼ਿਲਮਾਏ ਗਏ ‘ਯੇ ਦੋਸਤੀ….’ ਜਿਹੇ ਗੀਤ ਵੀ ਨਾਲ-ਨਾਲ ਗੁਣਗਣਾਏ। ਕਈ ਫੌਜੀਆਂ ਨੇ ਆਪਣੇ ਚਹੇਤੇ ਅਦਾਕਾਰਾਂ ਦੇ ਡਾਇਲਾਗ ਦੀ ਇੰਸਟਾਗ੍ਰਾਮ ’ਤੇ ਰੀਲ ਬਣਾਈ। ਭਾਰਤੀ ਹਵਾਈ ਸੈਨਾ ਦੇ ਉੱਤਰੀ ਬੇਸ ਵਿੱਚ ਨੌਕਰੀ ਕਰਦੇ ਯੋਗੇਸ਼ ਨੇ ਕਿਹਾ ਕਿ ‘ਸ਼ੋਅਲੇ’ ਵਿੱਚ ਅਦਾਕਾਰ ਅਮਿਤਾਭ ਬੱਚਨ ਉੁਸ ਦਾ ਪਸੰਦੀਦਾ ਅਦਾਕਾਰ ਹੈ ਪਰ ਫ਼ਿਲਮ ਦਾ ਉਹ ਸੀਨ ਸਭ ਤੋਂ ਵਧੀਆ ਲੱਗਿਆ ਜਦੋਂ ਗੱਬਰ ਸਿੰਘ ਨੇ ਵੀਰੂ ਨੂੰ ਜ਼ੰਜੀਰਾਂ ਵਿੱਚ ਬੰਨ੍ਹਿਆ ਹੋਇਆ ਸੀ ਅਤੇ ਬਸੰਤੀ ‘ਜਬ ਤੱਕ ਹੈ ਜਾਨ…’ ਗੀਤ ’ਤੇ ਨੱਚ ਰਹੀ ਸੀ। ਸੀਆਈਐੱਸਐੱਫ ਦੇ ਏਐੱਸਆਈ ਰਮੇਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਪਹਿਲੀ ਵਾਰ ਇਹ ਫ਼ਿਲਮ ਅੱਠ ਸਾਲ ਪਹਿਲਾਂ ਦੇਖੀ ਸੀ। ਇਸ ਮੇਲੇ ਦਾ ਪ੍ਰਬੰਧ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਪ੍ਰਸ਼ਾਸਨ ਦੇ ਸੂਚਨਾ ਅਤੇ ਜਨ ਸੰਪਰਕ ਵਿਭਾਗ ਵੱਲੋਂ ਲੱਦਾਖ ਆਟੋਨੋਮਸ ਹਿੱਲ ਡਵਿੈਲਪਮੈਂਟ ਕੌਂਸਲ (ਐੱਲਏਐੱਚਡੀਸੀ) ਦੇ ਸਹਿਯੋਗ ਨਾਲ ਕੀਤਾ ਗਿਆ। ਇਹ ਮੇਲਾ 29 ਸਤੰਬਰ ਨੂੰ ਸ਼ੁਰੂ ਹੋਇਆ ਸੀ ਤੇ 3 ਅਕਤੂਬਰ ਤੱਕ ਚੱਲੇਗਾ।