ਹਿਮਾਚਲ: ਮੁੱਖ ਮੰਤਰੀ ਵੱਲੋਂ ਭਾਜਪਾ ਸਰਕਾਰ ਵੇਲੇ ਦੇ ਕਈ ਫੈਸਲਿਆਂ ’ਤੇ ਰੋਕ

ਹਿਮਾਚਲ: ਮੁੱਖ ਮੰਤਰੀ ਵੱਲੋਂ ਭਾਜਪਾ ਸਰਕਾਰ ਵੇਲੇ ਦੇ ਕਈ ਫੈਸਲਿਆਂ ’ਤੇ ਰੋਕ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪਿਛਲੀ ਭਾਜਪਾ ਸਰਕਾਰ ਵੇਲੇ ਲਏ ਗਏ ਸਾਰੇ ਫ਼ੈਸਲਿਆਂ ਦੀ ਸਮੀਖਿਆ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸੇਵਾਮੁਕਤ ਹੋਣ ਤੋਂ ਬਾਅਦ ਮੁੜ ਨੌਕਰੀ ਉਤੇ ਰੱਖੇ ਗਏ ਤੇ ਕਾਰਜਕਾਲ ਵਿਚ ਵਾਧਾ ਲੈਣ ਵਾਲੇ ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ। ਭਾਜਪਾ ਨੇ ਇਸ ਫ਼ੈਸਲੇ ਨੂੰ ‘ਮੰਦਭਾਗਾ ਤੇ ਤਾਨਾਸ਼ਾਹ’ ਕਰਾਰ ਦਿੱਤਾ ਹੈ। ਸੋਮਵਾਰ ਰਾਤ ਲਏ ਗਏ ਫ਼ੈਸਲਿਆਂ ਵਿਚ ਬੋਰਡ ਤੇ ਕਮੇਟੀਆਂ ਦੇ ਮੁਖੀਆਂ ਤੇ ਮੈਂਬਰਾਂ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਖ਼ਤਮ ਕਰ ਦਿੱਤੀਆਂ ਗਈਆਂ ਹਨ। ਸਰਕਾਰੀ ਨੌਕਰੀਆਂ ਦੀਆਂ ਉਨ੍ਹਾਂ ਭਰਤੀਆਂ ਉਤੇ ਰੋਕ ਲਾ ਦਿੱਤੀ ਗਈ ਹੈ ਜੋ ਰਾਜ ਭਰਤੀ ਬੋਰਡ ਜਾਂ ਕਮਿਸ਼ਨ ਤੋਂ ਬਿਨਾਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਇਹ ਹੁਕਮ ਸਰਕਾਰੀ ਮੈਡੀਕਲ ਕਾਲਜਾਂ ਤੇ ਸਿਹਤ ਸੰਸਥਾਵਾਂ ਉਤੇ ਲਾਗੂ ਨਹੀਂ ਹੋਣਗੇ।

ਸੰਸਥਾਵਾਂ ਨੂੰ ਅਪਗ੍ਰੇਡ ਕਰਨ ਤੇ ਨਵੇਂ ਸਿਰਿਓਂ ਉਸਾਰੀ ਦੇ ਨੋਟੀਫਿਕੇਸ਼ਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਹੁਣ ਨਵੀਆਂ ਤਜਵੀਜ਼ਾਂ ਮੰਗੀਆਂ ਗਈਆਂ ਹਨ। ਸਾਰੇ ਦਫ਼ਤਰਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਪੈਰਾ ਪੰਪ ਅਪਰੇਟਰਾਂ, ਪੈਰਾ ਫਿਲਟਰਾਂ, ਬਹੁ-ਮੰਤਵੀ ਵਰਕਰਾਂ, ਪੈਰਾ ਕੁੱਕਾਂ ਤੇ ਹੈਲਪਰਾਂ ਨੂੰ ਨਾ ਤਾਂ ਕੋਈ ਨਵਾਂ ਨਿਯੁਕਤੀ ਪੱਤਰ ਜਾਰੀ ਕਰਨ ਤੇ ਨਾ ਹੀ ਅਰਜ਼ੀਆਂ ਮੰਗੀਆਂ ਜਾਣ। –