ਹਿਮਾਚਲ ’ਚ ਪਏ ਮੀਂਹ ਨੇ ਪੰਜਾਬ ਦੇ ਫਿ਼ਕਰ ਵਧਾਏ

ਹਿਮਾਚਲ ’ਚ ਪਏ ਮੀਂਹ ਨੇ ਪੰਜਾਬ ਦੇ ਫਿ਼ਕਰ ਵਧਾਏ

ਪੰਜਾਬ ’ਚ ਅਗਲੇ ਪੰਜ ਦਿਨ ਮੀਂਹ ਦੀ ਪੇਸ਼ੀਨਗੋਈ

  • ਡੈਮਾਂ ਵਿੱਚ ਪਾਣੀ ਦੀ ਆਮਦ ਮੁੜ ਵਧੀ
  • ਹੜ੍ਹਾਂ ਕਾਰਨ ਸੂਬੇ ਦੇ ਦਸ ਜ਼ਿਲ੍ਹਿਆਂ ’ਚ ਫਸਲਾਂ ਦਾ ਭਾਰੀ ਨੁਕਸਾਨ

ਚੰਡੀਗੜ੍ਹ- ਹਿਮਾਚਲ ਪ੍ਰਦੇਸ਼ ’ਚ ਅੱਜ ਮੀਂਹ ਪੈਣ ਮਗਰੋਂ ਡੈਮਾਂ ਵਿੱਚ ਪਾਣੀ ਦੀ ਆਮਦ ਮੁੜ ਵਧ ਗਈ ਹੈ ਅਤੇ ਅਗਲੇ ਦਿਨ ਭਾਰੀ ਬਾਰਸ਼ ਦੀ ਸੰਭਾਵਨਾ ਹੋਣ ਕਰਕੇ ਪੰਜਾਬ ਲਈ ਆਉਂਦੇ ਦੋ ਦਿਨ ਬੜੇ ਨਾਜ਼ੁਕ ਹਨ। ਮੌਸਮ ਵਿਭਾਗ ਨੇ ਪੰਜਾਬ ਵਿਚ ਵੀ ਆਉਂਦੇ ਪੰਜ ਦਿਨ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਉੱਧਰ ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਵਿਚ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ। ਪੰਜਾਬ ’ਚ ਹੜ੍ਹਾਂ ਨੇ ਸਭ ਤੋਂ ਵੱਡਾ ਨੁਕਸਾਨ ਫ਼ਸਲਾਂ ਦਾ ਕੀਤਾ ਹੈ। ਪਹਿਲੇ ਗੇੜ ਦੇ ਹੜ੍ਹ ਕਾਰਨ ਕਰੀਬ ਛੇ ਲੱਖ ਏਕੜ ਰਕਬਾ ਪ੍ਰਭਾਵਿਤ ਹੋਇਆ ਸੀ ਜਦਕਿ ਦੂਜੀ ਵਾਰ ਆਏ ਹੜ੍ਹਾਂ ਕਾਰਨ ਕਰੀਬ ਦੋ ਲੱਖ ਏਕੜ ਤੋਂ ਵੱਧ ਰਕਬਾ ਹੋਣ ਪ੍ਰਭਾਵਿਤ ਹੋਣ ਦੀਆਂ ਖ਼ਬਰਾਂ ਹਨ। ਸੂਬੇ ਦੇ ਦਸ ਜ਼ਿਲ੍ਹਿਆਂ ਵਿਚ ਖੇਤੀ ਸੈਕਟਰ ਨੂੰ ਵੱਡੀ ਸੱਟ ਵੱਜੀ ਹੈ। ਝੋਨੇ ਦੀ ਫ਼ਸਲ ਤੋਂ ਇਲਾਵਾ ਬਾਗ਼ਬਾਨੀ ਅਤੇ ਹਰਾ ਚਾਰਾ, ਸਬਜ਼ੀਆਂ ਦੀ ਫ਼ਸਲ ਤਬਾਹ ਹੋ ਗਈ ਹੈ। ਸੂਬੇ ਵਿੱਚ ਪਹਿਲੇ ਹੜ੍ਹ ਮਗਰੋਂ ਕਰੀਬ ਦੋ ਲੱਖ ਏਕੜ ਰਕਬੇ ਵਿੱਚ ਮੁੜ ਝੋਨੇ ਦੀ ਲੁਆਈ ਹੋਈ ਸੀ ਜਿਸ ’ਚੋਂ ਕਰੀਬ ਇੱਕ ਲੱਖ ਏਕੜ ਫਸਲ ਮੁੜ ਨੁਕਸਾਨੀ ਗਈ ਹੈ। ਸੂਬੇ ਦੇ ਜ਼ਿਲ੍ਹਾ ਸੰਗਰੂਰ, ਪਟਿਆਲਾ, ਰੋਪੜ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਗੁਰਦਾਸਪੁਰ, ਫ਼ਾਜ਼ਿਲਕਾ, ਫ਼ਿਰੋਜ਼ਪੁਰ ਅਤੇ ਤਰਨ ਤਾਰਨ ਵਿਚ ਸਭ ਤੋਂ ਜ਼ਿਆਦਾ ਫ਼ਸਲ ਪ੍ਰਭਾਵਿਤ ਹੋਈ ਹੈ। ਫ਼ਿਰੋਜ਼ਪੁਰ ਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ 30-30 ਹਜ਼ਾਰ, ਕਪੂਰਥਲਾ ਜ਼ਿਲ੍ਹੇ ’ਚ ਕਰੀਬ 60 ਹਜ਼ਾਰ, ਫ਼ਾਜ਼ਿਲਕਾ ਵਿਚ 20 ਹਜ਼ਾਰ ਤੇ ਮੋਗਾ ਵਿਚ 5750 ਏਕੜ ਫ਼ਸਲ ਪ੍ਰਭਾਵਿਤ ਹੋਈ ਹੈ। ਖੇਤੀ ਮਹਿਕਮੇ ਦੇ ਡਾਇਰੈਕਟਰ ਗੁਰਬਿੰਦਰ ਸਿੰਘ ਨੇ ਕਿਹਾ ਕਿ ਪਹਿਲੇ ਹੜ੍ਹ ’ਚ ਕਰੀਬ 6 ਲੱਖ ਏਕੜ ਫ਼ਸਲ ਪ੍ਰਭਾਵਿਤ ਹੋਈ ਸੀ ਤੇ ਹੁਣ ਦੁਬਾਰਾ ਰਿਪੋਰਟ ਇਕੱਤਰ ਕਰ ਰਹੇ ਹਾਂ। ਦੂਜੇ ਪਾਸੇ ਪੰਜਾਬ ਵਿਚ ਅੱਜ ਵੀ 92.21 ਐੱਮਐੱਮ ਮੀਂਹ ਪਿਆ ਹੈ ਤੇ ਹੜ੍ਹਾਂ ਕਾਰਨ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਇੱਕ ਹੋਰ ਮੌਤ ਹੋਈ ਹੈ। ਡੈਮਾਂ ਦੀ ਸਥਿਤੀ ਦੇਖੀਏ ਤਾਂ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1672.29 ਫੁੱਟ ਹੈ ਅਤੇ ਡੈਮ ਵਿਚ ਪਾਣੀ ਦੀ ਆਮਦ ਹੁਣ 72 ਹਜ਼ਾਰ ਕਿਊਸਿਕ ਹੋ ਗਈ ਹੈ ਜੋ ਕਿ ਲੰਘੇ ਕੱਲ੍ਹ 36 ਹਜ਼ਾਰ ਕਿਊਸਿਕ ਸੀ। ਪੌਂਗ ਡੈਮ ਵਿਚ ਪਾਣੀ ਦੀ ਆਮਦ 58 ਹਜ਼ਾਰ ਕਿਊਸਿਕ ਹੋ ਗਈ ਹੈ ਜੋ ਕਿ ਪਹਿਲਾਂ 23 ਹਜ਼ਾਰ ਕਿਊਸਿਕ ਸੀ। ਸਤਲੁਜ ਤੇ ਬਿਆਸ ਦਾ ਪੱਧਰ ਵੀ ਹੁਣ ਘਟਿਆ ਹੈ। ਸਤਲੁਜ ਵਿੱਚ ਹੁਸੈਨੀਵਾਲਾ ਕੋਲ 1.30 ਲੱਖ ਕਿਊਸਿਕ ਪਾਣੀ ਚੱਲ ਰਿਹਾ ਹੈ ਤੇ ਪਾਕਿਸਤਾਨ ਵਿਚ ਕੁਦਰਤੀ ਵਹਾਅ ਨਾਲ ਪਾਣੀ ਜਾ ਰਿਹਾ ਹੈ। ਹੜ੍ਹਾਂ ਕਾਰਨ ਫ਼ਾਜ਼ਿਲਕਾ ਦੇ ਇੱਕ ਦਰਜਨ ਪਿੰਡਾਂ ਦੇ ਹਾਲਾਤ ਬਦਤਰ ਬਣੇ ਹੋਏ ਹਨ। ਫਿਰੋਜ਼ਪੁਰ, ਕਪੂਰਥਲਾ ਅਤੇ ਫ਼ਾਜ਼ਿਲਕਾ ਵਿੱਚ ਘਰਾਂ ਨੂੰ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਬੀਐੱਸਐੱਫ ਤੇ ਐੱਨਡੀਆਰਐੱਫ ਦੀਆਂ ਟੀਮਾਂ ਰਾਹਤ ਕਾਰਜਾਂ ਵਿਚ ਜੁਟੀਆਂ ਹੋਈਆਂ ਹਨ।