ਹਾਕੀ ਵਿਸ਼ਵ ਕੱਪ: ਭਾਰਤ ਵੱਲੋਂ ਜੇਤੂ ਆਗਾਜ਼

ਹਾਕੀ ਵਿਸ਼ਵ ਕੱਪ: ਭਾਰਤ ਵੱਲੋਂ ਜੇਤੂ ਆਗਾਜ਼

ਸਪੇਨ ਨੂੰ 2-0 ਨਾਲ ਹਰਾਇਆ; ਭਾਰਤ ਲਈ ਰੋਹੀਦਾਸ ਤੇ ਹਾਰਦਿਕ ਨੇ ਗੋਲ ਕੀਤੇ; ਭਲਕੇ ਇੰਗਲੈਂਡ ਨਾਲ ਹੋਵੇਗਾ ਮੁਕਾਬਲਾ
ਰੁੜਕੇਲਾ-ਭਾਰਤ ਨੇ ਅੱਜ ਇਥੇ ਐੱਫਆਈਐੱਚ ਪੁਰਸ਼ ਵਿਸ਼ਵ ਕੱਪ ਦੇ ਆਪਣੇ ਪਲੇਠੇ ਮੁਕਾਬਲੇ ਵਿੱਚ ਸਪੇਨ ਨੂੰ 2-0 ਨਾਲ ਹਰਾਉਂਦਿਆਂ ਜੇਤੂ ਆਗਾਜ਼ ਕੀਤਾ ਹੈ। ਇਥੇ ਬਿਰਸਾ ਮੁੰਡਾ ਸਟੇਡੀਅਮ ਵਿੱਚ ਖੇਡੇ ਪੂਲ ‘ਡੀ’ ਦੇ ਮੈਚ ਦੌਰਾਨ ਸਥਾਨਕ ਖਿਡਾਰੀ ਅਮਿਤ ਰੋਹੀਦਾਸ ਨੇ ਪਹਿਲੇ ਕੁਆਰਟਰ ਦੇ 12ਵੇਂ ਮਿੰਟ ਵਿੱਚ ਭਾਰਤ ਨੂੰ ਮਿਲੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰਕੇ ਟੀਮ ਦਾ ਖਾਤਾ ਖੋਲ੍ਹਿਆ। ਭਾਰਤੀ ਟੀਮ ਲਈ ਦੂਜਾ ਗੋਲ 26ਵੇਂ ਮਿੰਟ ਵਿੱਚ ਹਾਰਦਿਕ ਸਿੰਘ ਦੀ ਹਾਕੀ ਤੋਂ ਆਇਆ। ਬਿਰਸਾ ਮੁੰਡਾ ਸਟੇਡੀਅਮ ਵਿੱਚ ਖੇਡਿਆ ਇਹ ਪਹਿਲਾ ਕੌਮਾਂਤਰੀ ਹਾਕੀ ਮੁਕਾਬਲਾ ਹੈ। ਭਾਰਤੀ ਟੀਮ ਨੂੰ 1975 ਮਗਰੋਂ ਆਪਣੇ ਪਹਿਲੇ ਤਗ਼ਮੇ ਦੀ ਤਲਾਸ਼ ਹੈ। ਭਾਰਤ ਆਪਣਾ ਅਗਲਾ ਮੁਕਾਬਲਾ 15 ਜਨਵਰੀ ਨੂੰ ਇੰਗਲੈਂਡ ਖਿਲਾਫ਼ ਖੇਡੇਗਾ।

ਸਪੇਨ ਖਿਲਾਫ਼ ਮਿਲੀ ਜਿੱਤ ਨਾਲ ਟੀਮ ਦੇ ਕੁਆਰਟਰ ਫਾਈਨਲ ਗੇੜ ’ਚ ਥਾਂ ਬਣਾਉਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਮੈਚ ਦੌਰਾਨ ਭਾਰਤ ਨੂੰ ਪੰਜ ਪੈਨਲਟੀ ਕਾਰਨਰ ਮਿਲੇ ਤੇ ਟੀਮ ਦੂਜੇ ਨੂੰ ਹੀ ਗੋਲ ਵਿੱਚ ਤਬਦੀਲ ਕਰ ਸਕੀ। ਮੈਚ ਦੇ ਤੀਜੇ ਕੁਆਰਟਰ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਪੈਨਲਟੀ ਸਟਰੋਕ ’ਤੇ ਗੋਲ ਕਰਨ ਤੋਂ ਖੁੰਝ ਗਿਆ। ਉਧਰ ਭਾਰਤੀ ਟੀਮ ਦੇ ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ ਨੇ ਗੋਲ ਅੱਗੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦੇ ਹੋਏ ਪੈਨਲਟੀ ਕਾਰਨਰ ਸਮੇਤ ਸਪੈਨਿਸ਼ ਟੀਮ ਦੇ ਕਈ ਹੱਲਿਆਂ ਨੂੰ ਨਾਕਾਮ ਕੀਤਾ। ਪੂਰੇ ਮੈਚ ਦੌਰਾਨ ਯੂਰਪੀਅਨ ਟੀਮ ਦੇ ਮੁਕਾਬਲੇ ਭਾਰਤ ਦਾ ਹੱਥ ਉੱਤੇ ਰਿਹਾ। ਸਪੈਨਿਸ਼ ਟੀਮ ਨੂੰ ਤਿੰਨ ਪੈਨਲਟੀ ਕਾਰਨਰਾਂ ਤੋਂ ਇਲਾਵਾ ਇਕ ਦੋ ਹੋਰ ਮੌਕੇ ਮਿਲੇ, ਜੋ ਉਨ੍ਹਾਂ ਗੁਆ ਲਏ। ਭਾਰਤ ਲਈ ਨੀਲਾਕਾਂਤਾ ਸ਼ਰਮਾ, ਮਨਦੀਪ ਸਿੰਘ, ਆਕਾਸ਼ਦੀਪ ਸਿੰਘ ਤੇ ਅਭਿਸ਼ੇਕ ਨੇ ਬਹੁਤੇ ਹਮਲੇ ਮੈਦਾਨ ਦੇ ਸੱਜੇ ਪਾਸਿਓਂ ਕੀਤੇ। ਇਸ ਤੋਂ ਪਹਿਲਾਂ ਪੂਲ ਡੀ ਦੇ ਇਕ ਹੋਰ ਮੁਕਾਬਲੇ ਵਿੱਚ ਇੰਗਲੈਂਡ ਨੇ ਵੇਲਸ ਨੂੰ 5-0 ਦੀ ਕਰਾਰੀ ਸ਼ਿਕਸਤ ਦਿੱਤੀ।
-ਪੀਟੀਆਈ