ਹਾਕੀ ਲੀਗ: ਏਕਨੂਰ ਅਕੈਡਮੀ ਤੇ ਬਾਬਾ ਪੱਲਾ ਅਕੈਡਮੀ ਸੈਮੀ-ਫਾਈਨਲ ’ਚ

ਗੁਰੂ ਤੇਗ ਬਹਾਦਰ ਅਕੈਡਮੀ ਚਚਰੇੜੀ ਅਤੇ ਹਾਕੀ ਅਕੈਡਮੀ ਧੰਨੋਵਾਲੀ ਵੀ ਫਾਈਨਲ ਦੌੜ ਵਿੱਚ

ਆਦਮਪੁਰ ਦੋਆਬਾ- ਪਹਿਲੀ ਰਾਊਂਡ ਗਲਾਸ ਸਪੋਰਟਸ ਇੰਟਰ ਡਿਵੈਲਪਮੈਂਟ ਸੈਂਟਰਜ ਹਾਕੀ ਲੀਗ (16 ਸਾਲ ਤੋਂ ਘੱਟ ਉਮਰ ਵਰਗ) ਵਿੱਚ ਏਕਨੂਰ ਹਾਕੀ ਅਕੈਡਮੀ ਤੇਹੇਂਗ, ਗੁਰੂ ਤੇਗ ਬਹਾਦਰ ਅਕੈਡਮੀ ਚਚਰੇੜੀ, ਬਾਬਾ ਪੱਲਾ ਹਾਕੀ ਅਕੈਡਮੀ ਬੁਤਾਲਾ ਅਤੇ ਹਾਕੀ ਅਕੈਡਮੀ ਧੰਨੋਵਾਲੀ ਦੀਆਂ ਟੀਮਾਂ ਨੇ ਸੈਮੀ-ਫਾਈਨਲ ਦੌਰ ਵਿਚ ਪ੍ਰਵੇਸ਼ ਕਰ ਲਿਆ ਹੈ। ਸੁਰਜੀਤ ਹਾਕੀ ਸਟੇਡੀਅਮ ਵਿੱਚ ਲੀਗ ਦੇ ਦੂਜੇ ਰਾਊਂਡ ਦੇ ਪੂਲ-ਏ ਦੇ ਮੈਚ ਵਿੱਚ ਆਰ.ਜੀ.ਐੱਸ ਜੀਟੀਬੀ ਹਾਕੀ ਅਕੈਡਮੀ, ਬਾਬਾ ਬਕਾਲਾ ਅਤੇ ਆਰਜੀਐਸ ਗੋਬਿੰਦ ਸਪੋਰਟਸ ਹਾਕੀ ਅਕੈਡਮੀ, ਕੁੱਕੜ ਪਿੰਡ ਨੇ 1-1 ਗੋਲ ਦੀ ਬਰਾਬਰੀ ਉਪਰ ਰਹਿ ਕੇ ਇੱਕ-ਇੱਕ ਅੰਕ ਹਾਸਲ ਕੀਤਾ। ਪੂਲ-ਏ ਦੇ ਹੀ ਦੂਜੇ ਮੈਚ ਵਿੱਚ ਆਰਜੀਐੱਸ ਏਕਨੂਰ ਹਾਕੀ ਅਕੈਡਮੀ, ਤੇਹੇਂਗ ਨੇ ਆਰ.ਜੀ.ਐਸ. ਗੁਰੂ ਤੇਗ ਬਹਾਦਰ ਹਾਕੀ ਅਕੈਡਮੀ, ਚਚਰੇੜੀ ਨੂੰ 3-2 ਗੋਲਾਂ ਨਾਲ ਹਰਾਇਆ। ਦੋਵੇਂ ਟੀਮਾਂ ਨੇ ਆਪਣੇ ਪੂਲ ਵਿਚ ਕ੍ਰਮਵਾਰ 7 ਅਤੇ 4 ਅੰਕ ਹਾਸਲ ਕਰਕੇ ਸੈਮੀ-ਫਾਈਨਲ ਵਿਚ ਪ੍ਰਵੇਸ਼ ਕੀਤਾ। ਪੂਲ-ਬੀ ਵਿੱਚ ਦਿਨ ਦੇ ਤੀਜੇ ਮੈਚ ਵਿੱਚ ਆਰ.ਜੀ.ਐੱਸ. ਬਾਬਾ ਪੱਲਾ ਸਪੋਰਟਸ ਕਲੱਬ ਹਾਕੀ ਅਕੈਡਮੀ ਬੁਤਾਲਾ ਨੇ ਆਰ.ਜੀ.ਐੱਸ. ਯੂਥ ਸਪੋਰਟਸ ਕਲੱਬ ਮਿੱਠਾਪੁਰ ਨੂੰ 8-1 ਨਾਲ ਹਰਾਇਆ ਅਤੇ ਪੂਲ-ਬੀ ਵਿੱਚ ਦਿਨ ਦੇ ਆਖਰੀ ਮੈਚ ਵਿੱਚ ਆਰ.ਜੀ.ਐਸ. ਹਾਕੀ ਅਕੈਡਮੀ, ਧਨੋਵਾਲੀ ਨੇ ਆਰ.ਜੀ.ਐੱਸ. ਹਾਕੀ ਅਕੈਡਮੀ, ਰੂਪਨਗਰ ਨੂੰ 4-1 ਨਾਲ ਹਰਾਇਆ। ਕੱਲ੍ਹ ਸੈਮੀਫਾਈਨਲ ਮੈਚ ਵਿਚ ਆਰ.ਜੀ.ਐੱਸ. ਏਕਨੂਰ ਹਾਕੀ ਅਕੈਡਮੀ, ਤੇਹੇਂਗ ਦਾ ਮੁਕਾਬਲਾ ਹਾਕੀ ਅਕੈਡਮੀ ਧੰਨੋਵਾਲੀ ਨਾਲ ਅਤੇ ਆਰ.ਜੀ.ਐੱਸ. ਗੁਰੂ ਤੇਗ ਬਹਾਦਰ ਹਾਕੀ ਅਕੈਡਮੀ, ਚਚਰੇੜੀ ਦਾ ਮੁਕਾਬਲਾ ਬਾਬਾ ਪੱਲਾ ਹਾਕੀ ਅਕੈਡਮੀ ਬੁਤਾਲਾ ਨਾਲ ਹੋਵੇਗਾ।