ਹਾਕੀ: ਯੂਰਪ ਦੌਰੇ ਲਈ ਭਾਰਤੀ ਮਹਿਲਾ ਟੀਮ ਦਾ ਅੈਲਾਨ

ਹਾਕੀ: ਯੂਰਪ ਦੌਰੇ ਲਈ ਭਾਰਤੀ ਮਹਿਲਾ ਟੀਮ ਦਾ ਅੈਲਾਨ

ਨਵੀਂ ਦਿੱਲੀ- ਹਾਕੀ ਇੰਡੀਆ ਨੇ ਯੂਰਪ ਦੌਰੇ ਲਈ 20 ਮੈਂਬਰੀ ਕੌਮੀ ਮਹਿਲਾ ਟੀਮ ਦਾ ਐਲਾਨ ਕੀਤਾ ਹੈ, ਜਿਸ ਨੇ ਜਰਮਨੀ ’ਚ ਖੇਡਣ ਮਗਰੋਂ ਸਪੇਨ ਚਾਰ ਦੇਸ਼ਾਂ ਦਾ ਟੂਰਨਾਮੈਂਟ ਖੇਡਣ ਵਿੱਚ ਜਾਣਾ ਹੈ। ਸਤੰਬਰ-ਅਕਤੂਬਰ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਦੀ ਤਿਆਰੀ ਲਈ ਇਹ ਦੋਵੇਂ ਟੂਰਨਾਮੈਂਟ ਅਹਿਮ ਹਨ। ਭਾਰਤੀ ਟੀਮ 16 ਤੋਂ 19 ਜੁਲਾਈ ਤੱਕ ਪਹਿਲੇ ਤਿੰਨ ਮੈਚ ਜਰਮਨੀ ਵਿੱਚ ਖੇਡੇਗੀ, ਜਿਸ ਵਿੱਚ ਇੱਕ ਚੀਨ ਖ਼ਿਲਾਫ਼ ਅਤੇ ਦੋ ਮੈਚ ਮੇਜ਼ਬਾਨ ਟੀਮ ਖ਼ਿਲਾਫ਼ ਖੇਡੇ ਜਾਣੇ ਹਨ। ਇਸ ਤੋਂ ਬਾਅਦ ਟੀਮ ਸਪੇਨ ਜਾਵੇਗੀ ਜਿੱਥੇ 25 ਤੋਂ 30 ਜੁਲਾਈ ਤੱਕ ਦੱਖਣੀ ਅਫਰੀਕਾ, ਇੰਗਲੈਂਡ ਅਤੇ ਮੇਜ਼ਬਾਨ ਟੀਮ ਖ਼ਿਲਾਫ਼ ਮੈਚ ਖੇਡੇ ਜਾਣਗੇ। ਮਈ ਵਿੱਚ ਆਸਟਰੇਲੀਆ ਦਾ ਦੌਰਾ ਕਰਨ ਵਾਲੀ ਭਾਰਤੀ ਟੀਮ ਵਿੱਚ ਬਹੁਤੇ ਬਦਲਾਅ ਨਹੀਂ ਕੀਤੇ ਗਏ ਹਨ। ਟੀਮ ਦੀ ਅਗਵਾਈ ਗੋਲਕੀਪਰ ਸਵਿਤਾ ਕਰੇਗੀ ਜਦਕਿ ਦੀਪ ਗ੍ਰੇਸ ਉਪ ਕਪਤਾਨ ਹੋਵੇਗੀ। ਤਜਰਬੇਕਾਰ ਸੁਸ਼ੀਲਾ ਚਾਨੂ ਅਤੇ ਦੀਪਿਕਾ ਆਸਟਰੇਲੀਆ ਦੌਰੇ ਲਈ ਆਰਾਮ ਦਿੱਤੇ ਜਾਣ ਤੋਂ ਬਾਅਦ ਵਾਪਸ ਕਰ ਰਹੀਆਂ ਹਨ। ਦੀਪ ਗ੍ਰੇਸ, ਨਿੱਕੀ ਪ੍ਰਧਾਨ, ਇਸ਼ੀਕਾ ਚੌਧਰੀ, ਉਦਿਤਾ ਅਤੇ ਸੁਸ਼ੀਲਾ ਚਾਨੂ ਡਿਫੈਂਸ ਸੰਭਾਲਣਗੀਆਂ। ਮਿਡਫੀਲਡ ਵਿੱਚ ਨਿਸ਼ਾ, ਮੋਨਿਕਾ, ਸਲੀਮਾ ਟੇਟੇ, ਨੇਹਾ, ਨਵਨੀਤ ਕੌਰ, ਸੋਨਿਕਾ, ਬਲਜੀਤ ਕੌਰ, ਵੈਸ਼ਨਵੀ ਫਾਲਕੇ ਅਤੇ ਜਯੋਤੀ ਛੱਤਰੀ ਨੂੰ ਸ਼ਾਮਲ ਕੀਤਾ ਗਿਆ ਹੈ।