ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਨ : ਅਕਾਸ਼ਵਾਣੀ ਤੋਂ ਡਿਜੀਟਲ ਯੁੱਗ ਤੱਕ

ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਨ : ਅਕਾਸ਼ਵਾਣੀ ਤੋਂ ਡਿਜੀਟਲ ਯੁੱਗ ਤੱਕ

ਅਵਤਾਰ ਸਿੰਘ ਅਨੰਦ
ਸ੍ਰੀ ਗੁਰੂ ਰਾਮਦਾਸ ਜੀ ਨੇਸ੍ਰੀ ਹਰਿਮੰਦਰ ਸਾਹਿਬ ਦੀ ਸਿਰਜਣਾ ਕੀਤੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦਾ ਤਕਨੀਕੀ ਪੱਖੋਂ ਨਿਰਮਾਣ ਕਰਵਾਉਂਦਿਆਂ ਇਸ ਗੱਲ ਦਾ ਖ਼ਾਸ ਖਿਆਲ ਰੱਖਿਆ ਸੀ ਕਿ ਜਦੋਂ ਕੀਰਤਨ ਹੋਵੇ ਤਾਂ ਗੁਰਬਾਣੀ ਕੀਰਤਨ ਦੀ ਆਵਾਜ਼ ਸਰੋਵਰ ਤੋਂ ਪਾਰ ਵੀ ਪਰਿਕਰਮਾ ਤੱਕ ਪੁੱਜੇ। ਉਸ ਸਮੇਂ ਆਵਾਜ਼ ਨੂੰ ਉੱਚਾ ਕਰਨ ਲਈ ਲਾਊਡ ਸਪੀਕਰ ਆਦਿ ਨਹੀਂ ਸਨ ਹੁੰਦੇ।
ਸਰੋਵਰ ਦੇ ਐਨ ਵਿਚਕਾਰ ਹਰਿਮੰਦਰ ਸਾਹਿਬ ਦੀ ਸਾਜਨਾ ਵੇਲੇ ਗੁਰੂ ਸਾਹਿਬ ਨੇ ਧੁਨੀ ਸਿਸਟਮ ਦੀ ਮਹਾਨਤਾ ਨੂੰ ਮੁੱਖ ਰੱਖਦਿਆਂ ਹੋਇਆਂ ਇਮਾਰਤ ਦੀ ਉੱਚਾਈ, ਖਿੜਕੀਆਂ, ਦਰਵਾਜ਼ਿਆਂ ਦੀ ਲੰਬਾਈ, ਚੌੜਾਈ ਤੇ ਉਚਾਈ ਅਤੇ ਇਕ ਕੰਧ ਦਾ ਦੂਜੀ ਕੰਧ ਤੋਂ ਫਾਸਲਾ ਏਨਾ ਰੱਖਿਆ ਗਿਆ ਕਿ ਕੋਈ ਵੀ ਚੀਜ਼ ਕੀਰਤਨ ਦੀ ਆਵਾਜ਼ ਵਿਚ ਰੁਕਾਵਟ ਨਾ ਪਾਵੇ, ਇਸ ਲਈਸ੍ਰੀ ਹਰਿਮੰਦਰ ਸਾਹਿਬ ਭਵਨ ਨਿਰਮਾਣ ਨੂੰ ਉਸ ਦੇ ਬਿਲਕੁਲ ਅਨੁਕੂਲ ਬਣਾਇਆ ਗਿਆ।
ਗੁਰੂ ਸਾਹਿਬ ਵੇਲੇ ਬਿਨਾਂ ਤਕਨੀਕੀ ਸਿਸਟਮ ਤੋਂ ਸ਼ੁਰੂ ਹੋਇਆ ਕੀਰਤਨ ਹੁਣ ਪਰਿਕਰਮਾ ਤੋਂ ਬਾਹਰ ਵੀ ਪੂਰੀ ਦੁਨੀਆ ਵਿਚ ਗੂੰਜ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਹੀ ਅਨਹਦ ਕੀਰਤਨ ਦਾ ਪ੍ਰਕਾਸ਼ ਜੇਕਰ ਪੂਰੀ ਧਰਤੀ ‘ਤੇ ਪੁੱਜ ਰਿਹਾ ਹੈ ਤਾਂ ਇਸ ਦਾ ਸਿਹਰਾ ਆਧੁਨਿਕ ਤਕਨੀਕ ਦੇ ਸਿਰ ਬੱਝਦਾ ਹੈ। ਸੰਨ 1984 ਤੋਂ ਲਗਾਤਾਰ ਸ੍ਰੀ ਹਰਮਿੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਹੋ ਰਿਹਾ ਹੈ।
ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਅੱਜ-ਕੱਲ੍ਹ ਚਰਚਾ ਵਿਚ ਹੈ। ਦੋ ਦਹਾਕੇ ਤੋਂ ਵੱਧ ਲੰਬਾ ਲਾਈਵ ਕੀਰਤਨ ਪ੍ਰਸਾਰਨ ਦਾ ਇਤਿਹਾਸ ਵੀ ਸੁਨਹਿਰਾ ਰਿਹਾ ਹੈ। ਕਿਸੇ ਸਮੇਂ ਕਦੀ-ਕਦਾਈਂ ਪ੍ਰਸਾਰਿਤ ਹੋਣ ਵਾਲਾ ਕੀਰਤਨ ਪ੍ਰਸਾਰਨ ਹੁਣਰੋਜ਼ਾਨਾ ‘ਚ ਤਬਦੀਲ ਹੋ ਕੇ ਸਿੱਖ ਪੰਥ ਨੂੰ ਰੂਹਾਨੀਅਤ ਦੇ ਕੇਂਦਰ ਪਵਿੱਤਰ ਅਸਥਾਨ ਦੇ ਰੋਜ਼ਾਨਾ ਦਰਸ਼ਨ ਕਰਵਾ ਰਿਹਾ ਹੈ।
ਸਿੱਖ ਸੰਗਤਾਂ ਦੀ ਮੰਗ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਵਲੋਂ 23 ਜੁਲਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਯੂ-ਟਿਊਬ ਗੁਰਬਾਣੀ ਕੀਰਤਨ ਚੈਨਲ ਦਾ ਉਦਘਾਟਨ ਕੀਤਾ ਗਿਆ। ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਦਾ ਪੀ.ਟੀ.ਸੀ. ਚੈਨਲ ਨਾਲ ਇਸੇ ਦਿਨ ਹੀ ਇਕਰਾਰਨਾਮਾ ਖ਼ਤਮ ਹੁੰਦਾ ਸੀ।ਸ. ਹਰਜਿੰਦਰ ਸਿੰਘ ਧਾਮੀ ਨੇ ਸਿੱਖ ਪੰਥ ਨੂੰ ਮੁਖ਼ਾਤਬ ਹੁੰਦਿਆ ਪੂਰੇ ਸਿੱਖ ਪੰਥ ਨੂੰ ਵਧਾਈ ਦਿੰਦਿਆਂ ਕਿਹਾ ਕਿਜਲਦੀ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਸੈਟੇਲਾਈਟ ਚੈਨਲ ਵੀ ਸ਼ੁਰੂ ਕਰਨ ਜਾ ਰਹੀ ਹੈ।
ਸ੍ਰੀ ਹਰਿਮੰਦਰ ਸਾਹਿਬ ਤੋਂ ਲਾਈਵ ਗੁਰਬਾਣੀ ਕੀਰਤਨ ਨਾਲ ਪੂਰੀ ਦੁਨੀਆ ਵਿਚ ਦੂਰ-ਦੁਰਾਡੇ ਬੈਠੀਆਂ ਸਿੱਖ ਸੰਗਤਾਂ ਨਾਲ ਇਸ ਰੂਹਾਨੀਅਤ ਦੇ ਕੇਂਦਰ ਪਵਿੱਤਰ ਅਤੇ ਮੁਕੱਦਸਅਸਥਾਨ ਦੀ ਸਾਂਝ ਜੁੜੀ ਹੋਈ ਹੈ। ਇਸ ਪਵਿੱਤਰ ਅਸਥਾਨ ਤੋਂ ਸਿੱਧੇ ਪ੍ਰਸਾਰਨ ਦਾ ਵੀ ਆਪਣਾ ਇਕ ਵੱਖਰਾ ਸੁਨਹਿਰੀ ਸਮਾਂ ਰਿਹਾ ਹੈ। ਸਤੰਬਰ 1959 ਤੋਂ ਆਕਾਸ਼ਵਾਣੀ ਜਲੰਧਰ ਤੋਂ ਸ਼ੁਰੂ ਹੋਇਆ ਸਿੱਧਾ ਪ੍ਰਸਾਰਨ ਅੱਜ ਡਿਜੀਟਲ ਯੁੱਗ ਤੱਕ ਕਿਵੇਂ ਪੁੱਜਾ, ਇਸ ਬਾਰੇ ਅਸੀਂ ਜਾਣਕਾਰੀ ਆਪ ਨਾਲ ਸਾਂਝੀ ਕਰ ਰਹੇ ਹਾਂ।
ਆਕਾਸ਼ਵਾਣੀ ਨੇ 1949 ‘ਚ ਜਦੋਂ ਕੀਰਤਨ ਦਾ ਸਿੱਧਾ ਪ੍ਰਸਾਰਨ ਸ਼ੁਰੂ ਕੀਤਾ ਤਾਂ ਉਹ ਪ੍ਰਸਾਰਨ ਰੋਜ਼ਾਨਾ ਨਹੀਂ ਸੀ ਹੁੰਦਾ। ਸਿਰਫ਼ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਹੀ ਅੰਮ੍ਰਿਤ ਵੇਲੇ ਸਿੱਧਾ ਪ੍ਰਸਾਰਨ ਹੁੰਦਾ ਸੀ। ਸਿਰਫ਼ ਗੁਰਪੁਰਬ ਮੌਕੇ ‘ਤੇ ਹੀ ਕੀਰਤਨ ਪ੍ਰਸਾਰਨ,ਬਹੁਤ ਸਮਾਂ ਇਸੇ ਤਰ੍ਹਾਂ ਹੀ ਚੱਲਦਾ ਰਿਹਾ, ਕਿਉਂਕਿ ਇਸ ਦੇ ਦੋ ਕਾਰਨ ਸਨ, ਇਕ ਇਹ ਕਿ ਉਦੋਂ ਆਬਾਦੀ ਕੋਈ ਜ਼ਿਆਦਾ ਨਹੀਂ ਸੀ ਅਤੇ ਦੂਜਾ ਬਹੁਤੇ ਲੋਕਾਂ ਕੋਲ ਰੇਡੀਓ (ਟਰਾਂਜਿਸਟਰ) ਨਹੀਂ ਸਨ ਹੁੰਦੇ।
ਹੌਲੀ-ਹੌਲੀ ਜਦੋਂ ਪੰਜਾਬ ਵਾਸੀਆਂ ਨੂੰ ਪਤਾ ਲੱਗਣਾ ਸ਼ੁਰੂ ਹੋਇਆ ਕਿ ਆਕਾਸ਼ਵਾਣੀ ਰੇਡੀਓ ‘ਤੇ ਸ੍ਰੀ ਦਰਬਾਰ ਸਾਹਿਬ ਤੋਂ ਗੁਰਪੁਰਬ ਮੌਕੇ ਕੀਰਤਨ ਦਾ ਸਿੱਧਾ ਪ੍ਰਸਾਰਨ ਹੁੰਦਾ ਹੈ ਤਾਂ ਸਿੱਖ ਸੰਗਤਾਂ ਨੇ ਇਸ ਪ੍ਰਸਾਰਨ ਨੂੰ ਰੋਜ਼ਾਨਾ ਦੀ ਤਰ੍ਹਾਂ ਸ਼ੁਰੂ ਕਰਨ ਲਈ ਆਕਾਸ਼ਵਾਣੀ ਜਲੰਧਰਤੱਕ ਪਹੁੰਚ ਕੀਤੀ।ਧਰਮ ਯੁੱਧ ਮੋਰਚੇ ਦੀ ਇਕ ਮੰਗ ਇਹ ਵੀ ਸੀ। ਆਕਾਸ਼ਵਾਣੀ ਨੇ ‘ਆਪ੍ਰੇਸ਼ਨ ਬਲਿਊ ਸਟਾਰ’ ਦੇ ਵੇਲੇ 7 ਜੂਨ, 1984 ਨੂੰ ਸਭ ਤੋਂ ਪਹਿਲਾਂ ਕੀਰਤਨ ਲਾਈਵ ਟੈਲੀਕਾਸਟ ਸ਼ੁਰੂ ਕੀਤਾ ਗਿਆ। ਇਹ ਸਮਾਂਸਿੱਖ ਕੌਮ ਲਈ ਬਹੁਤ ਦੁਖਦਾਇਕ ਸੀ। ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ‘ਚ ਧੂੰਆਂ ਹੀ ਧੂੰਆਂ ਸੀ। ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਨਾਲ ਪਰਿਕਰਮਾ ਭਰੀਆਂ ਹੋਈਆਂ ਸਨ। ਕੀਰਤਨ ਲਗਾਤਾਰ ਜਾਰੀ ਸੀ। ਗੋਲੀਆਂ ਦੀ ਗੂੰਜ ‘ਚ ਹੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪਹਿਲਾ ਕੀਰਤਨ ਪ੍ਰਸਾਰਨ ਸ਼ੁਰੂ ਹੋਇਆ। ਸਾਢੇ ਚਾਰ ਵਜੇ ਤੋਂ ‘ਆਸਾ ਕੀ ਵਾਰ’ ਨਾਲ ਸ਼ੁਰੂ ਹੋਇਆ ਪ੍ਰਸਾਰਨ ਦਾ ਸਮਾਂ ਸ਼ੁਰੂ ‘ਚ ਸਿਰਫ਼ ਡੇਢ ਘੰਟਾ ਸੀ ਅਤੇ ਸ਼ਾਮ ਨੂੰ ਸਾਢੇ ਚਾਰ ਤੋਂ ਸਾਢੇ ਪੰਜ ਵਜੇ ਤੱਕ ਇਕ ਘੰਟਾ ਸੀ। ਬਾਅਦ ‘ਚ ਅੱਗੇ ਜਾ ਕੇ ਸਮਾਂ ਵਧਾਇਆ ਗਿਆ। ਸਵੇਰੇ ਵਾਲੇ ਸਮੇਂ ‘ਚ ਤਬਦੀਲੀ ਕਰਦਿਆਂ ਚਾਰ ਤੋਂ ਛੇ ਵਜੇ ਤੱਕ ਕੀਰਤਨ ਦਾ ਪ੍ਰਸਾਰਨ ਸ਼ੁਰੂ ਕੀਤਾ ਗਿਆ। ਇਸ ਪਵਿੱਤਰ ਅਸਥਾਨ ਤੋਂ ਲਾਈਵ ਪ੍ਰਸਾਰਨ ਦੀ ਸੇਵਾ ਨਿਭਾ ਕੇ ਸੇਵਾਮੁਕਤ ਹੋਏ ਸ. ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਜਿਹੜਾ ਕੀਰਤਨ ਪ੍ਰਸਾਰਨ ਦਾ ਕੰਮ ਆਕਾਸ਼ਵਾਣੀ ਨੇ ਸਿੱਖ ਕੌਮ ਲਈ ਸ਼ੁਰੂ ਕੀਤਾ, ਸਿੱਖ ਕੌਮ ਸਦਾ ਆਕਾਸ਼ਵਾਣੀ ਦੀ ਰਿਣੀ ਰਹੇਗੀ। ਰੇਡੀਓ ਆਕਾਸ਼ਵਾਣੀ ‘ਤੇ ਇਹ ਪ੍ਰਸਾਰਨ ਲਗਾਤਾਰ ਅੱਜ ਤੱਕ ਜਾਰੀ ਹੈ। ਨਾਲ ਦੀ ਨਾਲ ਐੱਫ਼.ਐਮ.ਰੇਨਬੋਅ ਜਲੰਧਰ ‘ਤੇ ਵੀ ਪ੍ਰਸਾਰਨ ਹੁੰਦਾ ਹੈ।
ਸਮੇਂ ਨਾਲ ਜਦੋਂ ਦੁਨੀਆ ਆਧੁਨਿਕ ਸਹੂਲਤਾਂ ਵਾਲੇ ਯੁੱਗ ‘ਚ ਦਾਖ਼ਲ ਹੋਈ ਤਾਂ ਉਸ ਸਮੇਂ ਵੱਡੀਆ ਡਿਸ਼ਾਂ ਵਾਲੇ ਚੈਨਲਾਂ ਦੀ ਆਮਦ ਹੁੰਦੀ ਹੈ। ਰੇਡੀਓ ਆਕਾਸ਼ਵਾਣੀ ਤੋਂ ਬਾਅਦ 1998 ‘ਚ ਸੈਟੇਲਾਈਟ ਟੀ.ਵੀ. ਚੈਨਲ’ਪੰਜਾਬੀ ਵਰਲਡ’ ਨੇ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਸ਼ੁਰੂ ਕੀਤਾ, ਇਹ ਜੁਲਾਈ 1999 ਤੱਕ ਚੱਲਿਆ। ਉਸ ਤੋਂ ਬਾਅਦ ਯੂ.ਕੇ. ਦੇ ਇਕ ਨਿੱਜੀ ਚੈਨਲ ‘ਖ਼ਾਲਸਾ ਵਰਲਡ ਟੀ.ਵੀ.’ ਅਤੇ ‘ਨਾਰਥ ਇੰਡੀਆ ਟੀ.ਵੀ. ਲਿਮਟਿਡ’ ਨੇ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਕੀਤਾ।
ਸਤੰਬਰ 2000 ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੈਨਲ ਈ.ਟੀ.ਸੀ. ਨੂੰ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਦੀ ਸੇਵਾ ਕਰਨ ਦੀ ਇਜਾਜ਼ਤ ਦਿੱਤੀ। ਇਹ ਸੇਵਾ 2007 ਤੱਕ ਈ.ਟੀ.ਸੀ. ‘ਤੇ ਜਾਰੀ ਰਹੀ। ਇਸ ਤੋਂ ਬਾਅਦ ਈ.ਟੀ.ਸੀ. ਨੇ ਟੈਲੀਕਾਸਟ ਅਧਿਕਾਰ ‘ਜੀ-ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ’ ਨੂੰ ਤਬਦੀਲ ਕਰ ਦਿੱਤੇ।24 ਜੁਲਾਈ, 2012 ਨੂੰ ਸ਼੍ਰੋਮਣੀ ਕਮੇਟੀ ਨੇ 11 ਸਾਲਾਂ ਲਈ ਜੀ-ਨੈਕਸਟਨਾਲ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇਵਿਸ਼ਵਵਿਆਪੀ ਪ੍ਰਸਾਰਨ ਅਧਿਕਾਰਾਂ ‘ਤੇ ਹਸਤਾਖ਼ਰ ਕਰ ਕੇ ਇਕਰਾਰਨਾਮਾ ਕੀਤਾ, ਜਿਹੜਾ ਸਮਝੌਤਾ 23 ਜੁਲਾਈ ਨੂੰ ਖ਼ਤਮ ਹੋ ਗਿਆ ਹੈ।
ਇਸ ਖ਼ਤਮ ਹੋਏ ਇਕਰਾਰਨਾਮੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਸਿੱਖ ਪੰਥ ਦੀ ਮੰਗ ਅਨੁਸਾਰ ਦੂਰ-ਦੁਰਾਡੇ ਬੈਠੀਆਂ ਸੰਗਤਾਂ ਲਈ ਆਪਣਾ ਨਿੱਜੀ ਚੈਨਲ ਸ਼ੁਰੂ ਕਰ ਦਿੱਤਾ ਹੈ, ਜਿਹੜਾ ਫਿਲਹਾਲ ਯੂ-ਟਿਊਬ ਅਤੇ ਫੇਸਬੁੱਕ ‘ਤੇ ਹੀ ਉਪਲਬਧ ਹੋਵੇਗਾ। ਇਸ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਦਾ ਲਿੰਕ ਕਿਤੇ ਵੀ ਜਾਰੀ ਨਹੀਂ ਕੀਤਾ ਜਾਵੇਗਾ। ਇਸ ਲਾਈਵ ਕੀਰਤਨਪ੍ਰਸਾਰਨ ਨੂੰ ਆਪਣੇ ਫੇਸਬੁੱਕ ਪੇਜ ਜਾਂ ਨਿੱਜੀ ਆਈ.ਡੀ. ‘ਤੇ ਸਾਂਝਾ ਕੀਤਾ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਅਨੁਸਾਰ ਜਦੋਂ ਤੱਕ ਸ਼੍ਰੋਮਣੀ ਕਮੇਟੀ ਆਪਣਾ ਨਿੱਜੀ ਸੈਟੇਲਾਈਟਚੈਨਲ ਸ਼ੁਰੂ ਨਹੀਂ ਕਰ ਲੈਂਦੀ, ਉਦੋਂ ਤੱਕ ਪਹਿਲਾਂ ਵਾਂਗ ਹੀ ਪੀ.ਟੀ.ਸੀ. ‘ਤੇ ਗੁਰਬਾਣੀ ਕੀਰਤਨ ਚੱਲਦਾ ਰਹੇਗਾ।
ਰੇਡੀਓ ਤੋਂ ਬਾਅਦ ਲਾਈਵ ਗੁਰਬਾਣੀ ਕੀਰਤਨ ਸਿੱਖ ਸੰਗਤਾਂ ਲਈ ਸਵੇਰ-ਸ਼ਾਮ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ। ‘ਆਸਾ ਕੀ ਵਾਰ’ ਨਾਲ ਸ਼ੁਰੂ ਹੁੰਦੇ ਕੀਰਤਨ ਪ੍ਰਸਾਰਨ ਤੋਂ ਬਾਅਦ ਮੰਜੀ ਸਾਹਿਬ ਦੀਵਾਨ ਹਾਲ ‘ਚ ਹੁੰਦੀ ਹੁਕਮਨਾਮੇ ਦੀ ਕਥਾ-ਵਿਚਾਰ ਨੇ ਸਿੱਖ ਸੰਗਤਾਂ ਦੇ ਦਿਲਾਂ ਵਿਚ ਘਰ ਬਣਾਇਆ ਹੋਇਆ ਹੈ।ਜੋ ਵੀ ਹੈ ਜੇਕਰ ਸਿਆਸਤ ਨੂੰ ਇਕ ਪਾਸੇ ਦਰਕਿਨਾਰ ਕਰਕੇ ਵੇਖੀਏ ਤਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦਾ ਪ੍ਰਸਾਰਨ ਸਿੱਖ ਕੌਮ ਨੂੰ ਇਕ ਵੱਖਰੀ ਪਛਾਣ ਵੀ ਦੇ ਰਿਹਾ ਹੈ। ਜਦੋਂ ਤੋਂ ਇਹ ਪ੍ਰਸਾਰਨ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਦੂਜੀਆਂ ਕੌਮਾਂ ‘ਚ ਇਸ ਅਸਥਾਨ ਨੂੰ ਵੇਖਣ ਦੀ ਉਤਸੁਕਤਾ ਵਧੀ ਹੈ।