ਹਰਿਤ ਊਰਜਾ ’ਚ ਭਾਰਤ ਦੀ ਸਮਰੱਥਾ ਸੋਨੇ ਦੀ ਖਾਣ ਤੋਂ ਘੱਟ ਨਹੀਂ: ਮੋਦੀ

ਹਰਿਤ ਊਰਜਾ ’ਚ ਭਾਰਤ ਦੀ ਸਮਰੱਥਾ ਸੋਨੇ ਦੀ ਖਾਣ ਤੋਂ ਘੱਟ ਨਹੀਂ: ਮੋਦੀ

ਆਲਮੀ ਕੰਪਨੀਆਂ ਨੂੰ ਹਰਿਤ ਊਰਜਾ ਵਿੱਚ ਨਿਵੇਸ਼ ਦਾ ਦਿੱਤਾ ਸੱਦਾ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਲਮੀ ਨਿਵੇਸ਼ਕਾਂ ਨੂੰ ਹਰਿਤ ਊਰਜਾ ਖੇਤਰ ’ਚ ਨਿਵੇਸ਼ ਦਾ ਸੱਦਾ ਦਿੰਦਿਆਂ ਕਿਹਾ ਕਿ ਹਵਾ, ਸੋਲਰ ਅਤੇ ਬਾਇਓਗੈਸ ਜਿਹੀ ਨਵਿਆਉਣਯੋਗ ਊਰਜਾ ’ਚ ਭਾਰਤ ਦੀ ਸਮਰੱਥਾ ਕਿਸੇ ਸੋਨੇ ਦੀ ਖਾਣ ਜਾਂ ਤੇਲ ਦੇ ਖੂਹ ਨਾਲੋਂ ਘੱਟ ਨਹੀਂ ਹੈ। ਕੇਂਦਰੀ ਬਜਟ ’ਚ ਹਰਿਤ ਵਿਕਾਸ ਬਾਰੇ ਕੀਤੇ ਗਏ ਵੱਖ ਵੱਖ ਐਲਾਨਾਂ ਬਾਰੇ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ,‘‘ਇਹ ਬਜਟ ਨਾ ਸਿਰਫ਼ ਇਕ ਮੌਕਾ ਹੈ ਸਗੋਂ ਇਹ ਸਾਡੇ ਭਵਿੱਖ ਦੀ ਸੁਰੱਖਿਆ ਦੀ ਵੀ ਗਾਰੰਟੀ ਹੈ। ਦੇਸ਼ ਉਨ੍ਹਾਂ ਵੱਡੇ ਅਰਥਚਾਰਿਆਂ ’ਚ ਸ਼ੁਮਾਰ ਹੋ ਗਿਆ ਹੈ ਜਿਥੇ ਨਵਿਆਉਣਯੋਗ ਊਰਜਾ ਸਮਰੱਥਾ ’ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਹਰਿਤ ਊਰਜਾ ’ਚ ਭਾਰਤ ਦੁਨੀਆ ਦੀ ਅਗਵਾਈ ਕਰਨ ਦੇ ਸਮਰੱਥ ਹੈ। ਪ੍ਰਧਾਨ ਮੰਤਰੀ ਵੱਲੋਂ ਬਜਟ ਬਾਰੇ 12 ਵੈਬਿਨਾਰ ਕੀਤੇ ਜਾਣੇ ਹਨ ਅਤੇ ਹਰਿਤ ਵਿਕਾਸ ਬਾਰੇ ਵੈਬਿਨਾਰ ਇਸੇ ਲੜੀ ਦਾ ਪਹਿਲਾ ਵੈਬਿਨਾਰ ਸੀ। ਉਨ੍ਹਾਂ ਹਰਿਤ ਵਿਕਾਸ ਅਤੇ ਊਰਜਾ ਟਰਾਂਸਮਿਸ਼ਨ ਲਈ ਤਿੰਨ ਅਹਿਮ ਥੰਮ੍ਹਾਂ ਦਾ ਜ਼ਿਕਰ ਕੀਤਾ। ਇਨ੍ਹਾਂ ’ਚ ਨਵਿਆਉਣਯੋਗ ਊਰਜਾ ਦਾ ਉਤਪਾਦਨ ਵਧਾਉਣ, ਅਰਥਚਾਰੇ ’ਚ ਪਥਰਾਟੀ ਈਂਧਣ ਦੀ ਵਰਤੋਂ ਘਟਾਉਣ ਅਤੇ ਗੈਸ ਆਧਾਰਿਤ ਅਰਥਚਾਰੇ ਨੂੰ ਤੇਜ਼ੀ ਨਾਲ ਅਪਣਾਉਣਾ ਸ਼ਾਮਲ ਹੈ। ਉਨ੍ਹਾਂ ਈਥਾਨੌਲ ਬਲੈਂਡਿੰਗ, ਪੀਐੱਮ ਕੁਸੁਮ ਯੋਜਨਾ, ਸੋਲਰ ਮੈਨੂਫੈਕਚਰਰ ਲਈ ਰਾਹਤਾਂ, ਬੈਟਰੀ ਸਟੋਰੇਜ ਜਿਹੇ ਉਠਾਏ ਗਏ ਕਦਮਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸੈਕਟਰ ਸਟਾਰਟ ਅੱਪਸ ਲਈ ਵੀ ਲਾਹੇਵੰਦ ਹੈ।

ਦੇਸ਼ ’ਚ ਵਾਹਨ ਸਕਰੈਪ ਨੀਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਤ ਵਿਕਾਸ ਰਣਨੀਤੀ ਦਾ ਇਹ ਅਹਿਮ ਹਿੱਸਾ ਹੈ। ਪ੍ਰਧਾਨ ਮੰਤਰੀ ਨੇ ਜਲ ਆਧਾਰਿਤ ਟਰਾਂਸਪੋਰਟ ਨੂੰ ਵੀ ਵੱਡਾ ਸੈਕਟਰ ਕਰਾਰ ਦਿੰਦਿਆਂ ਕਿਹਾ ਕਿ ਜਲ ਮਾਰਗਾਂ ਦੇ ਵਿਕਾਸ ਨਾਲ ਕਈ ਮੌਕੇ ਪੈਦਾ ਹੋਣਗੇ। ਉਨ੍ਹਾਂ ਸਾਰੀਆਂ ਧਿਰਾਂ ਨੂੰ ਬਜਟ ਦੀ ਹਰੇਕ ਤਜਵੀਜ਼ ਫੌਰੀ ਲਾਗੂ ਕਰਨ ਦੀ ਅਪੀਲ ਕੀਤੀ।