ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਜਾਬੀ ਬੋਲੀ ਦੇ ਪ੍ਰਸਾਰ ਤੇ ਪ੍ਰਚਾਰ ਲਈ ਲਗਾਤਾਰ ਯਤਨਸ਼ੀਲ ਹੈ : ਸ੍ਰ. ਧਮੀਜਾ

ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਜਾਬੀ ਬੋਲੀ ਦੇ ਪ੍ਰਸਾਰ ਤੇ ਪ੍ਰਚਾਰ ਲਈ ਲਗਾਤਾਰ ਯਤਨਸ਼ੀਲ ਹੈ : ਸ੍ਰ. ਧਮੀਜਾ

ਪੰਜਾਬੀ ਬੋਲੀ ਲਈ ਕੰਮ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਵਚਨਬੱਧ ਹਾਂ : ਡਾ. ਧੁੱਗਾ
ਸਾਨ ਫਰਾਂਸਿਸਕੋ : ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਜਾਬੀ ਬੋਲੀ ਸਾਹਿਤ ਤੇ ਸੱਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਲਗਾਤਾਰ ਸਫ਼ਲ ਯਤਨ ਕਰ ਰਹੀ ਹੈ ਤੇ ਅਨੇਕਾਂ ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਚਾਹੇ ਉਹ ਕਿਤੇ ਵੀ ਰਹਿੰਦੇ ਹੋਣ, ਪ੍ਰਕਾਸ਼ਤ ਕਰਨ ਦਾ ਕਾਰਜ ਕਰ ਰਹੀ ਹੈ, ਅਸੀਂ ਅੱਗੋਂ ਵੀ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੀਆਂ ਸੇਵਾਵਾਂ ਨੂੰ ਇਸੇ ਹੀ ਤਰ੍ਹਾਂ ਵਚਨਬੱਧਤਾ ਨਾਲ ਜਾਰੀ ਰੱਖਾਂਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਡਿਪਟੀ ਚੇਅਰਮੈਨ ਸ੍ਰ. ਗੁਰਵਿੰਦਰ ਸਿੰਘ ਧਮੀਜਾ ਨੇ ਪੰਜਾਬੀ ਅਮੈਰਿਕਨ ਕਲਚਰਲ ਐਸੋਸੀਏਸ਼ਨ (ਪੈਕਾ) ਵਲੋਂ ਇੱਥੇ ਫੇਅਰਫੀਲਡ ਦੇ ਇੰਡੀਆ ਗਾਰਡਨ ਵਿਚ ਅਯੋਜਿਤ ਉਨ੍ਹਾਂ ਦੇ ਸਨਮਾਨ ’ਚ ਰੱਖੇ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਕਹੇ। ਸ੍ਰ. ਧਮੀਜਾ ਨੇ ਦੱਸਿਆ ਕਿ ਉਨ੍ਹਾਂ ਨੇ ਸ੍ਰ. ਗਗਨਦੀਪ ਸਿੰਘ ਐੱਚ.ਸੀ.ਐੱਸ. ਦੇ ਸਹਿਯੋਗ ਨਾਲ ਕਿਲਾ ਲੋਹਗੜ੍ਹ ਕਿਲੇ ਬਾਰੇ ਅਕਾਦਮੀ ਦੀ ਸਰਪ੍ਰਸਤੀ ਹੇਠ ਖੋਜ ਕੀਤੀ ਹੈ ਅਤੇ ‘ਲੋਹਗੜ੍ਹ ਸਿੱਖ-ਸਿੱਖ ਰਾਜ ਦੀ ਰਾਜਧਾਨੀ’ ਪੁਸਤਕ ਦੀ ਪ੍ਰਕਾਸ਼ਨਾਂ ਵੀ ਕੀਤੀ ਗਈ ਹੈ। ਇਸ ਇਤਿਹਾਸਕ ਖੋਜ ਵਿਚ ਪਾਇਆ ਗਿਆ ਲੋਹਗੜ੍ਹ ਕਿਲਾ, ਹਿਮਾਚਲ ਅਤੇ ਹਰਿਆਣਾ ਦੇ ਪਹਾੜੀ ਇਲਾਕਿਆਂ ਦੇ ਕਰੀਬ 7 ਹਜ਼ਾਰ ਏਕੜ ਵਿਚ ਵਿਛਿਆ ਹੋਇਆ ਹੈ ਜਿਸ ਵਿਚ 52 ਛੋਟੇ ਮੋਰਚੇ ਤੇ ਕਿਲੇ ਸ਼ਾਮਿਲ ਹਨ। ਅਕਾਦਮੀ ਵਲੋਂ ਇਸ ਇਤਿਹਾਸਕ ਕਾਰਜ ਨੂੰ ਬੜੇ ਮਾਣ ਨਾਲ ਮੁਕੰਮਲ ਕੀਤਾ ਗਿਆ। ਉਨ੍ਹਾਂ ਇਸ ਮੌਕੇ ਲੋਹਗੜ ਕਿਲੇ ਬਾਰੇ ਤਿਆਰ ਕੀਤੀ ਇਕ ਡਾਕੂਮੈਂਟਰੀ ਵੀ ਹਾਜ਼ਰ ਦਰਸ਼ਕਾਂ ਨੂੰ ਦਿਖਾਈ। ਸਮਾਗਮ ਦੇ ਮੁੱਖ ਅਯੋਜਕ ਡਾ. ਗੁਰਪ੍ਰੀਤ ਸਿੰਘ ਧੱੁਗਾ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦੇ ਪ੍ਰਸਾਰ ਲਈ ਜੋ ਵੀ ਯਤਨ ਕਰੇਗਾ, ਉਨ੍ਹਾਂ ਦੀ ਸੰਸਥਾ ਉਸਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਹਮੇਸ਼ਾ ਅੱਗੇ ਹੋ ਕੇ ਤੁਰੇਗੀ ਅਤੇ ਗੁਰਵਿੰਦਰ ਸਿੰਘ ਧਮੀਜਾ ਦਾ ਸਨਮਾਨ ਵੀ ਇਕ ਤਰ੍ਹਾਂ ਨਾਲ ਪੰਜਾਬੀ ਮਾਂ ਬੋਲੀ ਦੇ ਸੇਵਾਦਾਰ ਦਾ ਸਨਮਾਨ ਹੈ। ਇਸ ਮੌਕੇ ’ਤੇ ਸ੍ਰ. ਧਮੀਜਾ ਨੂੰ ਵਿਸ਼ੇਸ਼ ਸਨਮਾਨ ਦਿੱਤੇ ਜਾਣ ਮੌਕੇ ਪਿਸਤਾ ਕਿੰਗ ਰਾਜ ਕਾਹਲੋਂ, ਉੱਘੇ ਕਾਰੋਬਾਰੀ ਨਿਰਮਲ ਸਿੰਘ ਚੰਦੀ, ਸਿੱਖ ਟੈਂਪਲ ਫੇਅਰਫੀਲਡ ਦੇ ਬਲਰਾਜ ਸਿੰਘ ਧਨੋਆ, ਪੈਕਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਖਿੰਡਾ, ਭਗਤ ਪੂਰਨ ਸਿੰਘ ਸੁਸਾਇਟੀ ਦੇ ਸੁਰਜੀਤ ਸਿੰਘ ਤਰਾਰ, ਸਲਾਨੋ ਸਪੋਰਟਸ ਕਲੱਬ ਦੇ ਭੁਪਿੰਦਰ ਸਿੰਘ ਸੰਧੂ, ਗੁਰੂ ਰਵਿਦਾਸ ਸਭਾ ਬੇੇਏਰੀਆ ਦੇ ਚੇਅਰਮੈਨ ਵਿਨੋਦ ਕੁਮਾਰ ਚੁੰਬਰ, ਕਾਰੋਬਾਰੀ ਸੁੱਚਾ ਰਾਮ ਭਾਰਟਾ, ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਵਲੋਂ ਸ਼ਾਇਰ ਸੁਖਵਿੰਦਰ ਕੰਬੋਜ ਤੇ ਕੁਲਵਿੰਦਰ, ਪੰਜਾਬੀ ਸਾਹਿਤ ਸਭਾ ਸੈਕਰਾਮੈਂਟੋ ਵਲੋਂ ਇੰਦਰਜੀਤ ਗਰੇਵਾਲ ਅਤੇ ਮੇਜਰ ਭੁਪਿੰਦਰ ਦਲੇਰ, ਬਲੇਹੋ ਹਿੰਦੂ ਮੰਦਿਰ ਵਲੋਂ ਚਮਕੌਰ ਗਿਰੀ, ਪੰਜਾਬ ਲੋਕ ਰੰਗ ਦੇ ਸੁਰਿੰਦਰ ਧਨੋਆ, ਫਕੀਰਾ ਮਹਿਮੀ ਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ। ਸਮਾਗਮ ਨੂੰ ਸੰਗੀਤਕ ਰੰਗ ਵਿਚ ਸੁਖਦੇਵ ਸਾਹਿਲ, ਹਰਭਿੰਦਰ ਰੰਧਾਵਾ, ਸੱਤੀ ਪਾਬਲਾ ਤੇ ਅਨੂਪ ਚੀਮਾਂ ਨੇ ਰੰਗਿਆ। ਸਮੱੁਚੇ ਕੈਲੀਫੋਰਨੀਆਂ ਦੀਆਂ ਸਮਾਗਮ ’ਚ ਹਾਜ਼ਰ ਪ੍ਰਮੁੱਖ ਸਖਸ਼ੀਅਤਾਂ ਨੇ ਭੋਜਨ ਕਰਨ ਉਪਰੰਤ ਵੀ ਸ੍ਰ. ਧਮੀਜਾ ਨਾਲ ਦੇਰ ਰਾਤ ਤੱਕ ਪੰਜਾਬੀ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਬਾਰੇ ਵਿਚਾਰ ਵਟਾਂਦਰਾ ਸਾਂਝਾ ਕੀਤਾ।