ਹਰਿਆਣਾ ਕਮੇਟੀ ਸਬੰਧੀ ਸਿੱਖ ਆਗੂਆਂ ਦੀ ਗੁਪਤ ਮੀਟਿੰਗ

ਹਰਿਆਣਾ ਕਮੇਟੀ ਸਬੰਧੀ ਸਿੱਖ ਆਗੂਆਂ ਦੀ ਗੁਪਤ ਮੀਟਿੰਗ

ਪਟਿਆਲਾ- ਹਰਿਆਣਾ ’ਚ ਵੱਖਰੀ ਗੁਰਦੁਆਰਾ ਕਮੇਟੀ ਹੋਂਦ ’ਚ ਆਉਣ ਮਗਰੋਂ ਸਿੱਖ ਸਫਾਂ, ਖਾਸ ਕਰ ਕੇ ਇਸ ਸੰਸਥਾ ’ਤੇ ਕਾਬਜ਼ ਧੜੇ ਵਿੱਚ ਚਿੰਤਾ ਵਿੱਚ ਹਨ। ਇਸੇ ਕੜੀ ਵਜੋਂ ਪੰਜਾਬ ਤੇ ਹਰਿਆਣਾ ਦੇ ਸਿੱਖ ਆਗੂਆਂ ਦੀ ਪਟਿਆਲਾ ’ਚ ਇੱਕ ਗੁਪਤ ਮੀਟਿੰਗ ਹੋਈ ਹੈ, ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਦਖਲ ਯਕੀਨੀ ਬਣਾਉਣ ਲਈ ਲੋੜੀਂਦੀ ਚਾਰਾਜੋਈ ਕਰਨ ’ਤੇ ਜ਼ੋਰ ਦਿੱਤਾ ਗਿਆ।

ਅਕਾਲੀ ਆਗੂ ਪ੍ਰ੍ਰੇਮ ਸਿੰਘ ਚੰਦੂਮਾਜਰਾ ਦੀ ਇਥੇ ਸਥਿਤ ਰਿਹਾਇਸ਼ ’ਤੇ ਹੋਈ ਇਸ ਮੀਟਿੰਗ ਵਿੱਚ ਪ੍ਰੋ. ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਬਲਵਿੰਦਰ ਸਿੰਘ ਭੂੰਦੜ ਸਮੇਤ ਹਰਿਆਣਾ ਦੇ ਸਿੱਖ ਆਗੂ ਦੀਦਾਰ ਸਿੰਘ ਨਲ਼ਵੀ ਤੇ ਜਗਦੀਸ਼ ਸਿੰਘ ਝੀਂਡਾ ਆਦਿ ਨੇ ਹਿੱਸਾ ਲਿਆ। ਦੋਵਾਂ ਪਾਸਿਆਂ ਦੇ ਸਿੱਖ ਆਗੂਆਂ ਵੱਲੋਂ ਇਸ ਕਮੇਟੀ ਦੀ ਸਥਾਪਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਖ਼ਲ ਨਾਲ ਹੀ ਕਰਵਾਏ ਜਾਣ ’ਤੇ ਜ਼ੋਰ ਦਿੱਤਾ ਗਿਆ। ਹੁਣ ਹਰਿਆਣਾ ਸਰਕਾਰ ਬਲਜੀਤ ਸਿੰਘ ਦਾਦੂਵਾਲ ਨੂੰ ਕਮੇਟੀ ਦਾ ਪ੍ਰਧਾਨ ਬਣਾਉਣ ਸਮੇਤ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਮੇਟੀ ਦਾ ਸਰਪ੍ਰਸਤ ਬਣਾਉਣਾ ਚਾਹੁੰਦੇ ਹਨ ਪਰ ਸਿੱਖ ਸਫ਼ਾਂ ਵਿੱਚ ਅਜਿਹੀ ਕਾਰਵਾਈ ਨੂੰ ਹਰਿਆਣਾ ਹਕੂਮਤ, ਖਾਸ ਕਰ ਕੇ ਭਾਜਪਾ ਦੀ ਸਿੱਖ ਮਾਮਲਿਆਂ ਵਿੱਚ ਦਖਲਅੰਦਾਜ਼ੀ ਮੰਨਿਆ ਜਾ ਰਿਹਾ ਹੈ। ਉਧਰ ਪਿਛਲੇ ਸਾਲ ਤੋਂ ਨਾਤਾ ਟੁੱਟਿਆ ਹੋਣ ਕਾਰਨ ਹੁਣ ਅਕਾਲੀ ਦਲ ਦਾ ਵੀ ਭਾਜਪਾ ’ਤੇ ਜ਼ੋਰ ਨਹੀਂ ਚੱਲ ਰਿਹਾ ਪਰ ਪਟਿਆਲਾ ਵਿਚਲੀ ਮੀਟਿੰਗ ’ਚ ਅਜਿਹੀ ਕਾਰਵਾਈ ਨੂੰ ਰੋਕਣਾ ਲਾਜ਼ਮੀ ਕਰਾਰ ਦਿੱਤਾ ਗਿਆ। ਮੀਟਿੰਗ ’ਚ ਸ਼ਾਮਲ ਰਹੇ ਇੱਕ ਸਿੱੱਖ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਇਸ ਮੀਟਿੰਗ ਦੀ ਪੁਸ਼ਟੀ ਕੀਤੀ ਹੈ।

ਹਰਿਆਣਾ ਦੇ ਸਿੱਖਾਂ ਨੂੰ ਇੱਕ ਝੰਡੇ ਹੇਠ ਇਕੱਠੇ ਕਰਾਂਗੇ: ਦਾਦੂਵਾਲ

ਪੰਚਕੂਲਾ : ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਹਰਿਆਣਾ ਦੇ ਸਿੱਖਾਂ ਨੂੰ ਇੱਕ ਝੰਡੇ ਹੇਠਾਂ ਇਕੱਠਾ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਹਰਿਆਣਾ ਦੀ ਸੰਗਤ ਬਾਦਲ ਪਰਿਵਾਰ ਤੋਂ ਵੱਖ ਹੋ ਕੇ ਸੂਬੇ ਦੇ ਗੁਰਦੁਆਰਿਆਂ ਦੇ ਪ੍ਰਬੰਧ ਸੁਚੱਜੇ ਵੇਖਣਾ ਚਾਹੁੰਦੀ ਹੈ ਅਤੇ ਹਰਿਆਣਾ ਗੁਰਦੁਆਰਾ ਮੈਨੇਜਮੈਂਗ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਵੱਲੋਂ ਰਾਜ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਕੰਮ ਸ਼ੁਰੂ ਕੀਤੇ ਜਾ ਰਹੇ ਹਨ।