ਹਰਜੀਤ ਗਰੇਵਾਲ ਨੇੇ ਵਿਧਾਇਕਾ ਨੀਨਾ ਮਿੱਤਲ ਤੋਂ ਮੁਆਫ਼ੀ ਮੰਗੀ

ਹਰਜੀਤ ਗਰੇਵਾਲ ਨੇੇ ਵਿਧਾਇਕਾ ਨੀਨਾ ਮਿੱਤਲ ਤੋਂ ਮੁਆਫ਼ੀ ਮੰਗੀ

ਰਾਜਪੁਰਾ- ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਅਤੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਇੱਥੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰ ’ਤੇ ਬਲੈਕਮੇਲਿੰਗ ਕਰਨ ਦੇ ਕਥਿਤ ਦੋਸ਼ ਲਗਾਏ। ਉਨ੍ਹਾਂ ਇਸ ਦੌਰਾਨ ਵਿਧਾਇਕ ਨੀਨਾ ਮਿੱਤਲ ਨੂੰ ਭੈਣ ਕਹਿ ਕੇ ਸੰਬੋਧਨ ਕਰਦਿਆਂ ਉਨ੍ਹਾਂ ਪ੍ਰਤੀ ਬੋਲੇ ਮਾੜੇ ਸ਼ਬਦਾਂ ਦੀ ਮੁਆਫ਼ੀ ਵੀ ਮੰਗੀ। ਜ਼ਿਕਰਯੋਗ ਹੈ ਕਿ ਇਕ ਯੂ-ਟਿਊਬ ਚੈਨਲ ਦੇ ਪੱਤਰਕਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਖ਼ਿਲਾਫ਼ ਅਪਸ਼ਬਦ ਬੋਲਣ ਦੇ ਦੋਸ਼ ਹੇਠ ਭਾਜਪਾ ਆਗੂ ਖ਼ਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਉਨ੍ਹਾਂ ਇਹ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂ ਟਿਊਬ ਚੈਨਲ ਦੇ ਪੱਤਰਕਾਰ ’ਤੇ ਕਥਿਤ ਸੌਦੇਬਾਜ਼ੀ ਕਰਕੇ ਉਸ ਨਾਲ 10 ਲੱਖ ਦਾ ਸੌਦਾ ਕਰਨ ਦਾ ਦੋਸ਼ ਲਾਇਆ। ਬਾਅਦ ਵਿੱਚ ਪੈਸੇ ਆਪਸ ਵਿੱਚ ਵੰਡਣ ਦੇ ਦੋਸ਼ ਲਾਏ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਰਾਜਪੁਰਾ ਦੇ ਹੋਟਲ ਵਿਚ ਭਾਜਪਾ ਵੱਲੋਂ ਰੱਖੀ ਪ੍ਰੈੱਸ ਕਾਨਫਰੰਸ ਵਿਚ ਵੀ ਉਸ ਪੱਤਰਕਾਰ ਵੱਲੋਂ ਵਿਧਾਇਕਾ ਨੀਨਾ ਮਿੱਤਲ ਦੀ ਪਾਰਟੀ ਬਣ ਕੇ ਸਵਾਲ ਪੁੱਛੇ ਗਏ। ਉਨ੍ਹਾਂ ਇਹ ਵੀ ਕਿਹਾ ਕਿ ਵਿਧਾਇਕਾ ਨੀਨਾ ਮਿੱਤਲ ਨੇ ਮੁੱਖ ਮੰਤਰੀ ਨੂੰ ਕਹਿ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਇਸ ਨੂੰ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦੇਣਗੇ। ਇਸ ਵੇਲੇ ਰਾਮ ਸਿੰਘ ਮਿਰਜਾਪੁਰ ਆਦਿ ਮੌਜੂਦ ਸਨ।

ਹਰਜੀਤ ਗਰੇਵਾਲ ਦਾ ਸਟਿੰਗ ਮੇਰੇ ਕੋਲ ਮੌਜੂਦ: ਪੱਤਰਕਾਰ
ਸਬੰਧਤ ਪੱਤਰਕਾਰ ਨੇ ਹਰਜੀਤ ਗਰੇਵਾਲ ’ਤੇ ਪੈਸੇ ਮੰਗਣ ਦੇ ਦੋਸ਼ ਲਾਏ ਹਨ। ਉਨ੍ਹਾਂ ਸ੍ਰੀ ਗਰੇਵਾਲ ਨੂੰ ਚੁਣੌਤੀ ਦਿੱਤੀ ਕਿ ਜੇ ਗਰੇਵਾਲ ਕੋਲ ਉਸ (ਪੱਤਰਕਾਰ) ਖ਼ਿਲਾਫ਼ ਪੈਸੇ ਮੰਗਣ ਜਾਂ ਲੈਣ ਦੇਣ ਦਾ ਕੋਈ ਸਬੂਤ ਹੈ ਤਾਂ ਮੀਡੀਆ ਸਾਹਮਣੇ ਰੱਖੇ। ਪੱਤਰਕਾਰ ਨੇ ਦਾਅਵਾ ਕੀਤਾ ਕਿ ਉਸ ਕੋਲ ਗਰੇਵਾਲ ਦਾ ਸਟਿੰਗ ਅਪਰੇਸ਼ਨ ਮੌਜੂਦ ਹੈ। ਸਮਾਂ ਆਉਣ ’ਤੇ ਇਸ ਸਟਿੰਗ ਨੂੰ ਵੀ ਯੂ ਟਿਊਬ ਚੈਨਲ ਉਪਰ ਚਲਾਇਆ ਜਾਵੇਗਾ।