ਸੱਚਖੰਡ ਸ੍ਰੀ ਦਰਬਾਰ ਸਾਹਿਬ ਉਪਰ ਭਾਰਤੀ ਫੌਜ ਵਲੋਂ ਹਮਲੇ ਦੀ 40ਵੀਂ ਬਰਸੀ ਉਪਰ ਭਾਰਤੀ ਦੂਤਾਵਾਸ ਸਨ ਫਰਾਂਸਿਸਕੋ ਵਿਖੇ ਭਾਰੀ ਮੁਜ਼ਾਹਰਾ

ਸੱਚਖੰਡ ਸ੍ਰੀ ਦਰਬਾਰ ਸਾਹਿਬ ਉਪਰ ਭਾਰਤੀ ਫੌਜ ਵਲੋਂ ਹਮਲੇ ਦੀ 40ਵੀਂ ਬਰਸੀ ਉਪਰ ਭਾਰਤੀ ਦੂਤਾਵਾਸ ਸਨ ਫਰਾਂਸਿਸਕੋ ਵਿਖੇ ਭਾਰੀ ਮੁਜ਼ਾਹਰਾ

ਸਨ ਫਰਾਂਸਿਸਕੋ/ਕੈਲੀਫੋਰਨੀਆ : ਸਿੱਖਾਂ ਦੀ ਨਸਲਕੁਸ਼ੀ ਅਤੇ ਭਾਰਤੀ ਫੌਜ ਵਲੋਂ ਸਿੱਖਾਂ ਉਪਰ ਟੈਂਕਾਂ ਨਾਲ ਕੀਤੇ ਹਮਲੇ ਦੀ 40ਵੀਂ ਬਰਸੀ ਉਪਰ ਗ਼ਦਰੀ ਬਾਬਿਆਂ ਦੀ ਸੰਗਤ ਅਤੇ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਅਤੇ ਵੱਖ-ਵੱਖ ਗੁਰੂਘਰਾਂ ਦੀਆਂ ਕਮੇਟੀਆਂ ਦੇ ਸਹਿਯੋਗ ਨਾਲ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਜੁੜੀਆਂ ਸੰਗਤਾਂ ਨੇ ਪ੍ਰੋਟੈਸਟ ਕੀਤਾ ਅਤੇ ਇਸ ਸਮੇਂ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ਜਿਨ੍ਹਾਂ ਵਿਚ ਡਾ. ਪ੍ਰਿਤਪਾਲ ਸਿੰਘ, ਭਾਈ ਕੁਲਜੀਤ ਸਿੰਘ ਨਿੱਝਰ, ਸ੍ਰ. ਜਸਵਿੰਦਰ ਸਿੰਘ ਜੰਡੀ, ਭਾਈ ਜਸਪ੍ਰੀਤ ਸਿੰਘ ਲਵਲਾ, ਭਾਈ ਸੁਖਵਿੰਦਰ ਸਿੰਘ ਠਾਣਾ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਜਸਦੇਵ ਸਿੰਘ ਫਰੀਮਾਂਟ, ਭਾਈ ਕਮਲਜੀਤ ਸਿੰਘ ਅਟਵਾਲ, ਪ੍ਰੋ. ਬਲਵਿੰਦਰਪਾਲ ਸਿੰਘ ਖਾਲਸਾ, ਭਾਈ ਗੁਰਨੇਕ ਸਿੰਘ ਅਤੇ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ। ਗੁਰੂ ਕੇ ਲੰਗਰਾਂ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਫਰੀਮਾਂਟ ਵਲੋਂ ਕੀਤਾ ਗਿਆ। ਇਸ ਮੌਕੇ ਅਮਰੀਕਾ ਦੇ ਸਿੱਖ ਆਗੂ ਭਾਈ ਰਵਿੰਦਰ ਸਿੰਘ ਧਾਲੀਵਾਲ ਨੇ ‘ਸਾਡੇ ਲੋਕ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ’ਚ ਕਦੇ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਸਕਦਾ। ਭਾਰਤੀ ਜਾਲਮ ਫੌਜ ਨੇ ਸੰਗਤਾਂ ਨੂੰ ਬਾਹਰ ਨਿਕਲਣ ਦਾ ਸਮਾਂ ਤੱਕ ਨਾ ਦਿੱਤਾ। ਨਿੱਕੇ-ਨਿੱਕੇ ਬੱਚੇ ਮੌਤ ਦੇ ਘਾਟ ਉਤਾਰ ਦਿੱਤੇ। ਉਨ੍ਹਾਂ ਕਿਹਾ ਕਿ ਹੁਣ ਸਿੱਖਾਂ ਨੂੰ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਇਕ ਝੰਡੇ ਹੇਠ ਇਕੱਠੇ ਹੋਣਾ ਚਾਹੀਦਾ ਹੈ।
ਫੌਜ ਦੁਆਰਾ ਸਿੱਖ ਕੌਮ ਉਤੇ ਜੂਨ 1984 ਵਿਚ ਕੀਤੇ ਹਮਲੇ ਦੀ ਦਰਿੰਦਗੀ ਦੀਆਂ ਭਿਆਨਕ ਯਾਦਾਂ ਦੇ ਜ਼ਖ਼ਮ 40 ਸਾਲਾਂ ਬਾਦ ਵੀ ਰਿਸ ਰਹੇ ਹਨ ਜਿਸ ਵਿਚੋਂ ਖਾਲਿਸਤਾਨ ਦੀ ਮੰਜ਼ਿਲ ਦਾ ਸੱਚ ਵੀ ਪ੍ਰਗਟ ਹੋ ਰਿਹਾ ਹੈ ਪਰ ਭਾਰਤ ਦੇ ਹਾਕਮਾਂ ਪ੍ਰਤੀ ਗੁੱਸਾ ਘਟਣ ਦਾ ਨਾਮ ਨਹੀਂ ਲੈ ਰਿਹਾ। ਜੂਨ ਦਾ ਮਹੀਨਾ ਆਉਂਦਿਆਂ ਹੀ ਇਹ ਗੁੱਸਾ ਵਿਰੋਧ ਬਣ ਕੇ ਨਾਹਰਿਆਂ, ਜੈਕਾਰਿਆਂ, ਖਾਲਿਸਤਾਨ ਜ਼ਿੰਦਾਬਾਦ ਬਣ ਪ੍ਰਗਟ ਹੁੰਦਾ ਹੈ। ਸਨ ਫਰਾਂਸਿਸਕੋ ਦੇ ਇਸ ਵਾਰ ਦੇ ਮੁਜ਼ਾਹਰੇ ਨੂੰ ਲਾਮਬੰਦ ਕਰਨ ਵਿਚ ਗੁਰਦੁਆਰਾ ਸਾਹਿਬ ਫਰੀਮਾਂਟ, ਗਦਰੀ ਸਿੰਘਾਂ-ਸ਼ਹੀਦਾਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਸਟਾਕਟਨ, ਇਸ ਤੋਂ ਇਲਾਵਾ ਪੰਥਕ ਤੇ ਖਾਲਿਸਤਾਨੀ ਜਥੇਬੰਦੀਆਂ ਵਿਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਅੰਮ੍ਰਿਤਸਰ, ਕੈਲੀਫੋਰਨੀਆ ਗਤਕਾ ਦਲ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ ਤੇ ਖਾਲਿਸਤਾਨ ਦੇ ਸ਼ਹੀਦ ਪ੍ਰਵਾਰਾਂ ਨਾਲ ਸੰਪਰਕ ਸਾਧ ਕੇ ਮੁਜ਼ਾਹਰੇ ਦੀ ਤਿਆਰੀ ਕੀਤੀ। ਇਹ ਮੁਜ਼ਾਹਰਾ ਦੁਪਹਿਰ 11 ਵਜੇ ਤੋਂ 2.30 ਵਜੇ ਤੱਕ ਹੋਇਆ। ਜਿਸ ਵਿਚ ਕਈ ਸੌ ਸੰਗਤਾਂ ਨੇ ਪੂਰੇ ਜੋਸ਼ੋ ਖਰੋਸ਼ ਨਾਲ ਹਿੱਸਾ ਲਿਆ।
ਇਹ ਗੱਲ ਵੀ ਧਿਆਨ ਦੇਣ ਦੇ ਯੋਗ ਹੈ ਕਿ ਕੁਝ ਉਹ ਸਿੱਖ ਆਗੂ ਇਸ ਮੁਜ਼ਾਹਰੇ ਵਿਚੋਂ ਗਾਇਬ ਪਾਏ ਗਏ ਜੋ ਪਹਿਲਾਂ ਪ੍ਰਬੰਧਕਾਂ ਵਿਚ ਤੇ ਹੱਲਾਸ਼ੇਰੀ ਦੇਣ ਵਿਚ ਮੋਹਰੀ ਹੁੰਦੇ ਸਨ।
ਬੇਅ ਏਰੀਏ ਦੇ ਸਮੂੰਹ ਸ਼ਹਿਰਾਂ ਤੋਂ ਇਲਾਵਾ, ਫਰਿਜ਼ਨੋ, ਮਰਸਡ, ਮੋਡੈਸਟੋ, ਟਰਲਕ, ਸੀਰੀਜ਼, ਸਟਾਕਟਨ, ਲੈਥਰੋਪ, ਮਨਟੀਕਾ, ਸੈਕਰਾਮੈਂਟੋ, ਯੂਬਾ ਸਿਟੀ, ਸੈਨ ਫਰਾਸਿਸਕੋ ਸਾਊਥ ਸਨ ਫਰਾਂਸਿਸਕੋ, ਸੈਨ ਮੈਟੀਓ, ਲੋਡਾਈ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਤੇ ਸੰਗਤਾਂ ਨੇ ਆਪਸੀ ਸਹਿਯੋਗ ਨਾਲ ਇਸ ਰੋਸ ਮੁਜ਼ਾਹਰੇ ਦਾ ਪ੍ਰਬੰਧ ਕੀਤਾ। ਜਿਸ ਬੁਲਾਰਿਆ ਨੇ ਇਕ ਜ਼ੁਬਾਨ ਭਾਰਤ ਸਰਕਾਰ ਦੀ ਦਰਿੰਦਗੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਤੇ ਖਾਲਿਸਤਾਨ ਦੀ ਕਾਇਮੀ ਤੱਕ ਜਦੋ-ਜਹਿਦ ਜਾਰੀ ਜਿਥੇ ਗੁਰੂ ਦੀਆਂ ਸੰਗਤਾਂ ਨੇ ਸ਼ਾਂਤੀਪੂਰਵਕ ਰੋਸ ਮੁਜਾਹਰਾ ਕੀਤਾ ਉਥੇ ਗੁਰੂ ਕੇ ਲੰਗਰ ਅਤੁੱਟ ਵਰਤੇ।