ਸੰਸਾਰ ਭਰ ਵਿਚ ਵਧ ਰਿਹਾ ਪਰਵਾਸੀ ਸੰਕਟ

ਸੰਸਾਰ ਭਰ ਵਿਚ ਵਧ ਰਿਹਾ ਪਰਵਾਸੀ ਸੰਕਟ

ਮਨਦੀਪ

ਦੁਨੀਆ ਭਰ ਦੇ ਵਿਕਸਿਤ ਅਤੇ ਵਿਕਾਸਸ਼ੀਲ ਮੁਲਕਾਂ ਵਿਚ ਬੜੀ ਤੇਜ਼ੀ ਨਾਲ ਵੱਡੇ ਆਰਥਿਕ, ਸਿਆਸੀ ਅਤੇ ਸਮਾਜਿਕ ਸੰਕਟ ਖੜ੍ਹੇ ਹੋ ਰਹੇ ਹਨ। ਸਰਕਾਰਾਂ ਆਪਣੇ ਲੋਕਾਂ ਦੀ ਸੁਰੱਖਿਆ ਕਰਨ ਵਿਚ ਨਾਕਾਮ ਸਿੱਧ ਹੋ ਰਹੀਆਂ ਹਨ ਤੇ ਸੰਕਟ ’ਚ ਘਿਰੇ ਲੋਕ ਸੁਰੱਖਿਆ, ਰੁਜ਼ਗਾਰ ਤੇ ਚੰਗੇ ਭਵਿੱਖ ਦੀ ਭਾਲ ਲਈ ਦੁਨੀਆ ਭਰ ਦੇ ਦੇਸ਼ਾਂ ਦੀਆਂ ਸਰਹੱਦਾਂ ਉੱਤੇ ਇੱਧਰ-ਉਧਰ ਹਿਜਰਤ ਕਰ ਰਹੇ ਹਨ। ਸੰਸਾਰ ਸਰਹੱਦਾਂ ’ਤੇ ਵਧ ਰਹੀ ਮਨੁੱਖੀ ਆਵਾਜਾਈ ਆਲਮੀ ਪਰਵਾਸੀ ਸੰਕਟ ਨੂੰ ਦਿਨੋ-ਦਿਨ ਤੇਜ਼ ਕਰ ਰਹੀ ਹੈ। ਅਮਰੀਕਾ ਅਤੇ ਯੂਰੋਪ ਦੀਆਂ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਅਤੇ ਗ੍ਰੀਸ ਵਿਚ ਸ਼ਰਨਾਰਥੀ ਕਿਸ਼ਤੀ ਡੁੱਬਣ ਦੇ ਹਾਦਸੇ ਨੇ ਸ਼ਰਨਾਰਥੀ ਤੇ ਪਰਵਾਸੀ ਸੰਕਟ ਬਾਰੇ ਵੱਡੀ ਚਰਚਾ ਛੇੜ ਦਿੱਤੀ ਹੈ। ਕਾਨੂੰਨੀ ਗੈਰ-ਕਾਨੂੰਨੀ ਪਰਵਾਸ, ਮਨੁੱਖੀ ਤਸਕਰੀ, ਸਸਤੀ ਮਜ਼ਦੂਰੀ, ਮਾੜੇ ਕੰਮ ਹਾਲਾਤ, ਜੰਗੀ ਉਜਾੜਾ, ਨਸਲੀ ਵਿਤਕਰਾ, ਔਰਤਾਂ ਨਾਲ ਲਿੰਗ ਆਧਾਰਿਤ ਹਿੰਸਾ, ਫਿਰਕੂ ਹਮਲੇ, ਜੇਲ੍ਹਾਂ-ਜੁਰਮਾਨੇ, ਦੇਸ਼ ਨਿਕਾਲਾ, ਸ਼ਰਨਾਰਥੀ ਕੈਂਪ (ਖੁੱਲ੍ਹੀ ਜੇਲ੍ਹ) ਅਤੇ ਸੰਸਾਰ ਸਰਹੱਦਾਂ ’ਤੇ ਮਾਰੂਥਲਾਂ, ਜੰਗਲਾਂ ਤੇ ਕੌਮਾਂਤਰੀ ਪਾਣੀਆਂ ਵਿਚ ਪਰਵਾਸੀਆਂ ਦੀਆਂ ਮੌਤਾਂ ਪਰਵਾਸ ਅਤੇ ਪਰਵਾਸੀ ਸੰਕਟ ਦੇ ਜ਼ਾਹਰਾ ਰੂਪ ਹਨ।
ਪਰਵਾਸ ਭਾਵੇਂ ਮੁੱਢ-ਕਦੀਮੀ ਵਰਤਾਰਾ ਹੈ ਪਰ ਇਸ ਦੇ ਮੌਜੂਦਾ ਸੰਕਟ ਦੇ ਬੀਜ ਪੂੰਜੀਵਾਦ ਪ੍ਰਬੰਧ ਦੇ ਆਰਥਿਕ ਤੇ ਵਿਚਾਰਧਾਰਕ ਮਾਡਲ ਦੇ ਸੁਨਹਿਰੀ ਕਾਲ ਵਿਚ ਹੀ ਬੀਜੇ ਜਾ ਚੁੱਕੇ ਸਨ। ਸੱਤਰਵਿਆਂ-ਅੱਸਵਿਆਂ ਦਾ ਦੌਰ ਸਮਾਜਵਾਦੀ ਦੇਸ਼ਾਂ ਦੇ ਢਹਿ-ਢੇਰੀ ਹੋਣ ਦਾ ਦੌਰ ਸੀ ਤੇ ਇਸੇ ਸਮੇਂ ਸੰਸਾਰ ਪੂੰਜੀਵਾਦ ਅਤੇ ਇਸ ਦੇ ਸਰਦਾਰ ਅਮਰੀਕੀ ਸਾਮਰਾਜ ਨੇ ਤੇਜ਼ੀ ਨਾਲ ਹਮਲਾਵਰ ਰੁਖ਼ ਅਖ਼ਤਿਆਰ ਕੀਤਾ। ਪੂੰਜੀਵਾਦੀ ਦੀਆਂ ਵਿਸ਼ਵੀਕਰਨ, ਉਦਾਰੀਕਰਨ, ਨਿੱਜੀਕਰਨ ਦੀਆਂ ਨਵੀਆਂ ਆਰਥਿਕ ਨੀਤੀਆਂ ਦੇ ਧੂੰਆਂਧਾਰ ਪ੍ਰਚਾਰ ਤੇ ਪਸਾਰ ਨੇ ਗਲੋਬਲ ਆਰਥਿਕਤਾ ਦਾ ਮੁਹਾਂਦਰਾ ਬਦਲ ਦਿੱਤਾ। ਸਾਮਰਾਜੀ ਵਿੱਤੀ ਪੂੰਜੀ ਦਾ ਬੇਥਾਹ-ਬੇਰੋਕ ਸੰਸਾਰਵਿਆਪੀ ਪ੍ਰਵਾਹ ਅਤੇ ਉੱਨਤ ਤਕਨੀਕ ਦੇ ਤੇਜ਼ ਫੈਲਾਅ ਨੇ ਕੁੱਲ ਦੁਨੀਆ ਦੀ ਦੌਲਤ ਦਾ ਵੱਡਾ ਹਿੱਸਾ ਕੁਝ ਕੁ ਲੋਕਾਂ ਦੇ ਹੱਥਾਂ ਵਿਚ ਇਕੱਤਰ ਕਰ ਦਿੱਤਾ ਅਤੇ ਬਹੁਗਿਣਤੀ ਲੋਕਾਂ ਨੂੰ ਆਧੁਨਿਕ ਗੁਲਾਮੀ ਵੱਲ ਧੱਕ ਦਿੱਤਾ।
ਦੁਨੀਆ ਭਰ ਦੇ ਮੁਲਕਾਂ ਵਿਚ ਸਥਾਨਕ ਅਤੇ ਕੌਮਾਂਤਰੀ ਪੱਧਰ ’ਤੇ ਵੱਧ ਰਹੇ ਵਪਾਰਕ, ਭੂ-ਸਿਆਸੀ ਤੇ ਸਰਹੱਦੀ ਝਗੜੇ, ਵਧਦੀ ਗਰੀਬੀ, ਭੁੱਖਮਰੀ ਅਤੇ ਜੰਗੀ ਹਾਲਾਤ ਲੋਕਾਂ ਨੂੰ ਆਪਣੇ ਘਰ, ਪਰਿਵਾਰ ਤੇ ਆਪਣੀ ਮਿੱਟੀ ਤੋਂ ਦੂਰ ਹੋਣ ਲਈ ਮਜਬੂਰ ਕਰ ਰਹੇ ਹਨ। ਸੁਰੱਖਿਆ ਅਤੇ ਸਵੈਮਾਣ ਭਰੀ ਜਿ਼ੰਦਗੀ ਦੀ ਭਾਲ ਵਿਚ ਆਬਾਦੀ ਦਾ ਵੱਡਾ ਹਿੱਸਾ ਭਟਕ ਰਿਹਾ ਹੈ। ਯੂਐਨ ਦੀ ਰਿਪੋਰਟ ਮੁਤਾਬਕ 2022 ਦੇ ਅੰਤ ਤੱਕ ਸੰਸਾਰ ਪੱਧਰ ’ਤੇ 10.4 ਕਰੋੜ ਲੋਕ ਜਬਰੀ ਉਜਾੜੇ ਦਾ ਸ਼ਿਕਾਰ ਹੋਏ, 2.6 ਕਰੋੜ ਸ਼ਰਨਾਰਥੀ ਬਣੇ ਅਤੇ 4.8 ਕਰੋੜ ਲੋਕ ਦੇਸ਼ ਅੰਦਰਲੇ ਉਜਾੜੇ ਦਾ ਸ਼ਿਕਾਰ ਹੋਏ। 80% ਲੋਕਾਂ ਨੇ ਭੋਜਨ ਅਸੁਰੱਖਿਆ ਅਤੇ ਕੁਪੋਸ਼ਣ ਤੋਂ ਪੀੜਤ ਹੋ ਕੇ ਪਰਵਾਸ ਕਰਨ ਦਾ ਰਾਹ ਚੁਣਿਆ ਅਤੇ 5% ਔਰਤਾਂ ਲਿੰਗ ਆਧਾਰਿਤ ਵਖਰੇਵੇਂ ਕਾਰਨ ਆਪਣਾ ਵਤਨ ਛੱਡ ਗਈਆਂ। ਇਹ ਮਨੁੱਖੀ ਉਜਾੜਾ ਸੀਰੀਆ, ਵੈਨੇਜ਼ੁਏਲਾ, ਅਫਗਾਨਿਸਤਾਨ, ਦੱਖਣੀ ਸੁਡਾਨ, ਮੀਆਂਮਾਰ, ਯੂਕਰੇਨ ਆਦਿ ਮੁਲਕਾਂ ਵਿਚੋਂ ਵੱਧ ਹੋਇਆ।
ਪਿਛਲੇ ਕੁਝ ਦਹਾਕਿਆਂ ਤੋਂ ਵਿਕਸਿਤ ਪੂੰਜੀਵਾਦੀ ਮੁਲਕਾਂ ਨੇ ਆਪਣੇ ਸਰਮਾਏ ਅਤੇ ਉੱਨਤ ਤਕਨੀਕ ਦੇ ਜ਼ੋਰ ਆਪਣੇ ਸਨਅਤੀ ਵਿਕਾਸ ਲਈ ਪੱਛੜੇ ਮੁਲਕਾਂ ਦੀ ਸਸਤੀ ਲੇਬਰ ਨੂੰ ਕੱਚੇ-ਪੱਕੇ ਕਾਮਿਆਂ ਵਜੋਂ ਵੱਡੀ ਪੱਧਰ ਉੱਤੇ ਆਪਣੇ ਦੇਸ਼ਾਂ ਵਿਚ ਖਿੱਚਣ ਲਈ ਆਪਣੀਆਂ ਇਮੀਗ੍ਰੇਸ਼ਨ, ਸਿੱਖਿਆ ਅਤੇ ਵਿਦੇਸ਼ੀ ਨੀਤੀਆਂ ਵਿਚ ਖਾਸ ਸੋਧਾਂ ਕੀਤੀਆਂ। ਉਦਯੋਗ ਤੇ ਖੇਤੀਬਾੜੀ ਖੇਤਰ ਦਾ ਡਿਜੀਟਲਾਈਜੇਸ਼ਨ, ਕੰਪਿਊਟਰੀਕਰਨ, ਆਨਲਾਈਨ ਸਿੱਖਿਆ ਅਤੇ ਵੱਖ ਵੱਖ ਖੇਤਰਾਂ ਵਿਚ ਵਧ ਰਹੀ ਮਸਨੂਈ ਬੌਧਿਕਤਾ ਦੀ ਵਰਤੋਂ ਪੱਛੜੇ ਮੁਲਕਾਂ ਤੋਂ ਬੌਧਿਕ ਹੂੰਝਾ (ਬ੍ਰੇਨ ਡ੍ਰੇਨ) ਫੇਰ ਰਹੀ ਹੈ। ਇਹਨਾਂ ਵਿਕਸਿਤ ਪੂੰਜੀਵਾਦੀ ਮੁਲਕਾਂ ਨੇ ਆਪਣੇ ਖੇਤੀਬਾੜੀ, ਢੋਆ-ਢੁਆਈ, ਕਸਾਈ, ਭੋਜਨ ਸਪਲਾਈ, ਉਦਯੋਗ ਆਦਿ ਘੱਟ ਹੁਨਰਮੰਦ ਖੇਤਰਾਂ ਲਈ ਘੱਟ ਸਿਖਲਾਈ ਅਤੇ ਘੱਟ ਉਜਰਤਾਂ ਵਾਲੇ ਕਾਮਿਆਂ ਲਈ ‘ਅਸਥਾਈ ਪ੍ਰੋਗਰਾਮ’ ਅਤੇ ਇੰਜਨੀਅਰ, ਬਿਜ਼ਨਸ ਮੈਨੇਜਮੈਂਟ, ਅਕਾਊਂਟੈਂਟ, ਮੈਡੀਕਲ ਆਦਿ ਖੇਤਰਾਂ ਦੇ ਹੁਨਰਮੰਦ ਕਾਮਿਆਂ ਲਈ ‘ਸਥਾਈ’ ਪ੍ਰੋਗਰਾਮ ਲਿਆਂਦੇ। ਸਿੱਖਿਆ ਦੇ ਖੇਤਰ ਨੂੰ ਵਪਾਰ ਅਤੇ ਸਸਤੇ ਹੁਨਰਮੰਦ ਕਾਮੇ ਹਾਸਲ ਕਰਨ ਦਾ ਸਭ ਤੋਂ ਵੱਡਾ ਸਾਧਨ ਬਣਾਇਆ ਗਿਆ। ਸਿੱਖਿਆ ਦੇ ਵਪਾਰੀਕਰਨ ਦੀ ਇਸ ਨੀਤੀ ਨੇ ਸਿੱਖਿਆ ਜੋ ਗਿਆਨ ਹਾਸਲ ਕਰਨ ਦਾ ਉੱਤਮ ਮਾਧਿਅਮ ਹੈ, ਦੇ ਮਹੱਤਵ ਨੂੰ ਘਟਾ ਕੇ ਪਰਵਾਸ ਕਰਨ ਅਤੇ ਰੁਜ਼ਗਾਰ ਹਾਸਲ ਕਰਨ ਤੱਕ ਸੀਮਿਤ ਕਰ ਦਿੱਤਾ। ਜਿਨ੍ਹਾਂ ਦੇਸ਼ਾਂ ਤੋਂ ਪਰਵਾਸ ਹੋ ਰਿਹਾ ਹੈ, ਉਹਨਾਂ ਵਿਚ ਸਿੱਖਿਆ ਖੇਤਰ ਦੇ ਵਪਾਰੀਕਰਨ, ਨਿੱਜੀਕਰਨ ਦੇ ਨਾਲ ਨਾਲ ਉੱਥੋਂ ਦੇ ਸੱਭਿਆਚਾਰ, ਭਾਸ਼ਾ ਅਤੇ ਸਮਾਜਿਕ ਸਬੰਧਾਂ ਵਿਚ ਵੀ ਅਨੇਕਾਂ ਵਿਗਾੜ ਪੈਦਾ ਹੋਏ ਹਨ। ਜਿਨ੍ਹਾਂ ਦੇਸ਼ਾਂ ਵਿਚ ਪਰਵਾਸ ਹੋ ਰਿਹਾ ਹੈ, ਉੱਥੇ ਭਾਸ਼ਾ ਦੀਆਂ ਰੁਕਾਵਟਾਂ, ਸੱਭਿਆਚਾਰਕ ਸ਼ਹਿਣਸ਼ੀਲਤਾ, ਵਿਤਕਰਾ, ਰੁਜ਼ਗਾਰ ਅਤੇ ਵਸੇਬੇ ਦੀਆਂ ਅਨੇਕਾਂ ਮੁਸ਼ਕਿਲਾਂ ਖੜ੍ਹੀਆਂ ਹੁੰਦੀਆਂ ਹਨ।
ਹੁਣ ਬਦਲ ਰਹੇ ਸੰਸਾਰ ਹਾਲਾਤ ਦੇ ਮੱਦੇਨਜ਼ਰ ਇਮੀਗ੍ਰੇਸ਼ਨ ਨੀਤੀਆਂ ਵਿਚ ਬਦਲਾਅ ਆ ਰਹੇ ਹਨ। ਪਰਵਾਸੀਆਂ ਨੂੰ ਨਿਸ਼ਚਿਤ ਸਮੇਂ ਤੱਕ ਸਥਾਨਕ ਨਿਵਾਸੀਆਂ ਵਾਲੀਆਂ ਸਹੂਲਤਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ। ਪੱਛਮੀ ਉਦਾਰ ਲੋਕਤੰਤਰਾਂ ਦੀਆਂ ਕਲਿਆਣਕਾਰੀ ਨੀਤੀਆਂ ਲਗਾਤਾਰ ਖੁਰ ਰਹੀਆਂ ਹਨ। ਜਨਤਕ ਸਹੂਲਤਾਂ ਦਾ ਭੋਗ ਪਾ ਕੇ ਨਿੱਜੀਕਰਨ ਤੇਜ਼ ਕੀਤਾ ਜਾ ਰਿਹਾ ਹੈ। ਲੋਕਾਂ ਉਪਰ ਟੈਕਸ ਤੇ ਮਹਿੰਗਾਈ ਦਾ ਬੋਝ ਲਗਾਤਾਰ ਵਧ ਰਿਹਾ ਹੈ। ਇਮੀਗ੍ਰੇਸ਼ਨ ਨੀਤੀਆਂ ਸਖਤ ਕੀਤੀਆਂ ਜਾ ਰਹੀਆਂ ਹਨ। ਪੱਕੇ ਰੁਜ਼ਗਾਰ ਦੀ ਥਾਂ ਰੁਜ਼ਗਾਰ ਦਾ ਠੇਕੇਦਾਰੀਕਰਨ ਕੀਤਾ ਜਾ ਰਿਹਾ ਹੈ। ਕੰਮ ਘੰਟੇ ਵਧ ਅਤੇ ਉਜਰਤਾਂ ਘਟ ਰਹੀਆਂ ਹਨ।
ਸਥਾਈ ਨਾਗਰਿਕਤਾ ਤੇ ਪੱਕੀਆਂ ਸਹੂਲਤਾਂ ’ਤੇ ਕੱਟ ਲਾਏ ਜਾ ਰਹੇ ਹਨ।
ਏਸ਼ੀਆ, ਅਫਰੀਕਾ ਤੇ ਦੱਖਣੀ ਅਮਰੀਕੀ ਮਹਾਂਦੀਪਾਂ ਦੇ ਅਨੇਕਾਂ ਪੱਛੜੇ ਮੁਲਕਾਂ ਤੋਂ ਵਿਕਸਿਤ ਪੂੰਜੀਵਾਦੀ ਮੁਲਕਾਂ ਵਿਚ ਦਾਖਲ ਹੋਏ ਸ਼ਰਨਾਰਥੀ ਅਤੇ ਗੈਰ-ਕਾਨੂੰਨੀ ਪਰਵਾਸੀਆਂ ਲਈ ਪੱਕੇ ਹੋਣ ਲਈ ਮਹਿੰਗੇ, ਲੰਮੇ ਤੇ ਗੁੰਝਲਦਾਰ ਪ੍ਰੋਗਰਾਮ ਬਣਾਏ ਜਾ ਰਹੇ ਹਨ। ਅਮਰੀਕਾ ਨੇ ਦੱਖਣੀ ਅਤੇ ਮੱਧ ਅਮਰੀਕੀ ਮੁਲਕਾਂ ਵਿਚੋਂ ਮੈਕਸਿਕੋ ਸਰਹੱਦ ਰਾਹੀਂ ਹੋ ਰਹੇ ਪਰਵਾਸ ਨੂੰ ਕਾਬੂ ਕਰਨ ਲਈ ਜਿੱਥੇ ਆਪਣੇ ਬਜਟ ਦਾ ਵੱਡਾ ਹਿੱਸਾ ਸਰਹੱਦੀ ਕੰਧ ਉਸਾਰਨ ਅਤੇ ਸਰਹੱਦੀ ਸੁਰੱਖਿਆ ਦਸਤਿਆਂ ਉੱਤੇ ਖਰਚ ਕੀਤਾ ਉੱਥੇ ਇਮੀਗ੍ਰੇਸ਼ਨ ਨੀਤੀਆਂ ਵਿਚ ਸਖਤੀ (ਬਿਲ 45) ਵਰਤੀ ਜਾ ਰਹੀ ਹੈ। ਨੇੜ ਭਵਿੱਖ ਵਿਚ ਇਹ ਸੰਕਟ ਹੋਰ ਵੱਧ ਤੇਜ਼ ਹੋਣ ਦੇ ਸੰਕੇਤ ਦੇ ਰਿਹਾ ਹੈ। ਦੱਖਣੀ ਤੇ ਮੱਧ ਅਮਰੀਕਾ ਵਿਚ ਸਾਮਰਾਜੀ ਵਿੱਤੀ ਪੂੰਜੀ ਦੇ ਉਜਾੜੇ ਤੋਂ ਪੈਦਾ ਹੋਏ ਆਰਥਿਕ-ਸਿਆਸੀ ਸੰਕਟ ਕਰ ਕੇ ਲੋਕਾਂ ਉੱਤੇ ਜਬਰ ਤੇ ਲੁੱਟ ਵਧ ਰਹੇ ਹਨ। ਇਹਨਾਂ ਖੇਤਰਾਂ ਵਿਚ ਹਿੰਸਾ, ਰਾਜ ਪਲਟੇ, ਲੋਕਤੰਤਰੀ ਤਾਨਾਸ਼ਾਹੀ, ਸੰਸਾਰ ਬੈਂਕ ਤੇ ਆਈਐਮਐਫ ਦੇ ਕਰਜ਼ ਤੇ ਵਪਾਰਕ ਸਮਝੌਤੇ ਲੋਕਾਂ ਨੂੰ ਉਜਾੜੇ ਲਈ ਮਜਬੂਰ ਕਰ ਰਹੇ ਹਨ। ਇਸ ਮਹਾਂਦੀਪ ਦੇ ਜਲ, ਜੰਗਲ ਤੇ ਜ਼ਮੀਨ ਦੇ ਉਜਾੜੇ ਤੋਂ ਬਿਨਾ ਜਲਵਾਯੂ ਤਬਦੀਲੀਆਂ ਵੱਡਾ ਖਤਰਾ ਬਣੀਆਂ ਹੋਈਆਂ ਹਨ। ਇਸ ਖਿੱਤੇ ਵਿਚ ਜੰਗਲਾਂ ਦੀ ਕਟਾਈ, ਜੰਗਲੀ ਅੱਗ ਅਤੇ ਸੋਕੇ ਕਾਰਨ ਕੌਫੀ, ਗੰਨਾ, ਸੋਇਆਬੀਨ, ਮੱਕੀ ਆਦਿ ਫਸਲੀ ਤਬਾਹੀ ਬਹੁਗਿਣਤੀ ਲੋਕਾਂ ਦੇ ਉਜਾੜੇ ਦਾ ਕਾਰਨ ਬਣ ਰਹੀ ਹੈ। ਅਮਰੀਕਾ ਭੁੱਖ ਨਾਲ ਜੂਝ ਰਹੇ ਦੱਖਣੀ ਤੇ ਮੱਧ ਅਮਰੀਕਾ ਦੇ ਲੋਕਾਂ ਦੇ ਦਾਖਲੇ ਨੂੰ ਰੋਕਣ ਲਈ ਮੈਕਸਿਕੋ ਨੂੰ ਵਿਸ਼ੇਸ਼ ਫੰਡਿਗ ਕਰ ਰਿਹਾ ਹੈ ਤੇ ਮੱਧ ਅਮਰੀਕਾ ਵਿਚ ਪਰਵਾਸੀਆਂ ਦੇ ਦਾਖਲੇ ਤੇ ਰੋਕ ਲਈ ਵਿਸ਼ੇਸ਼ ਚੌਕੀਆਂ ਬਣਾ ਰਿਹਾ ਹੈ। ਉੱਤਰੀ ਅਮਰੀਕਾ ਵੱਡੀ ਪੱਧਰ ਤੇ ਦੱਖਣੀ ਤੇ ਮੱਧ ਅਮਰੀਕਾ ਦੇ ਕੁਦਰਤੀ ਸ੍ਰੋਤਾਂ ਨੂੰ ਹੜੱਪ ਰਿਹਾ ਹੈ ਤੇ ਆਪਣਾ ਕੂੜਾ ਤੇ ਉਦਯੋਗਾਂ ਦੇ ਗੰਧਲੇ ਪਾਣੀ ਦਾ ਨਿਕਾਸ ਇਹਨਾਂ ਮੁਲਕਾਂ ਵਿਚ ਕਰ ਰਿਹਾ ਹੈ। ਅਮਰੀਕਾ ਨੇ ਮੱਧ ਏਸ਼ੀਆ ਵਿਚ ‘ਦਹਿਸ਼ਤਗਰਦੀ ਖਿਲਾਫ ਜੰਗ’ ਅਤੇ ਮੱਧ ਅਮਰੀਕਾ ਵਿਚ ‘ਨਸ਼ਿਆਂ ਖਿਲਾਫ ਜੰਗ’ ਦੇ ਨਾਮ ਹੇਠ ਜੰਗਾਂ ਤੇ ਰਾਜ ਪਲਟੇ ਕੀਤੇ/ਕਰਵਾਏ ਹਨ। ਮਿਲਟਨ ਫਰਾਇਡਮੈਨ ਮੁਤਾਬਕ ‘ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਮਰੀਕਾ ਲਈ ਉਦੋਂ ਤੱਕ ਹੀ ਚੰਗੀ ਹੈ ਜਦੋਂ ਤੱਕ ਉਹ ਗੈਰ-ਕਾਨੂੰਨੀ ਹੈ’; ਭਾਵ ਗੈਰ-ਕਾਨੂੰਨੀ ਕਾਮੇ ਜਿੱਥੇ ਸਸਤੀ ਮਜ਼ਦੂਰੀ ਦਾ ਸਾਧਨ ਹੁੰਦੇ ਹਨ ਉੱਥੇ ਉਹਨਾਂ ਨੂੰ ਸਥਾਈ ਨਾਗਰਿਕਾ ਵਾਲੀਆਂ ਸਹੂਲਤਾਂ ਤੋਂ ਵੀ ਵਾਂਝੇ ਰੱਖਿਆ ਜਾਂਦਾ ਹੈ। ਕੈਨੇਡਾ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਮੰਦੀ ਹਾਲਤ ਅਤੇ ਦੇਸ਼ ਨਿਕਾਲੇ ਦੀ ਨੀਤੀ ਪਰਵਾਸ ਸੰਕਟ ਦਾ ਅਟੁੱਟ ਹਿੱਸਾ ਹੈ।
ਯੂਰੋਪ ਵਿਚ ਏਸ਼ੀਆ ਖਾਸਕਰ ਜੰਗੀ ਉਜਾੜੇ ਦਾ ਸ਼ਿਕਾਰ ਮੱਧ ਏਸ਼ੀਆ ਦੇ ਦੇਸ਼ਾਂ ਵਿਚੋਂ ਸਭ ਤੋਂ ਵੱਧ ਪਰਵਾਸ ਹੋਇਆ। ਇੰਗਲੈਂਡ ਦਾ ਯੂਰੋਪੀਅਨ ਯੂਨੀਅਨ ਤੋਂ ਬਾਹਰ ਨਿਕਲਣਾ ਅਤੇ ਹੁਣ ਪਰਵਾਸ ਨੂੰ ਰੋਕਣ ਲਈ ਸਖਤ ਇਮੀਗ੍ਰੇਸ਼ਨ ਕਾਨੂੰਨ ਲਿਆਉਣੇ ਉੱਭਰ ਰਹੇ ਆਰਥਿਕ ਸੰਕਟ ਦਾ ਨਤੀਜਾ ਹਨ। ਯੂਰਪ ਦੇ ਨੌਰਡਿਕ ਦੇਸ਼ ਪਹਿਲਾਂ ਹੀ ਗੈਰ-ਕਾਨੂੰਨੀ ਪਰਵਾਸ ਪ੍ਰਤੀ ਸਖਤੀ ਨਾਲ ਪੇਸ਼ ਆ ਰਹੇ ਹਨ। ਸਾਮਰਾਜੀ ਦੇਸ਼ਾਂ ਵੱਲੋਂ ਇੱਕ ਹੱਥ ਦੁਨੀਆ ਭਰ ਦੇ ਅਨੇਕਾਂ ਦੇਸ਼ਾਂ ਵਿਚ ਨਿਹੱਕੀਆਂ ਜੰਗਾਂ ਲਾ ਕੇ ਉਜਾੜਾ ਪੈਦਾ ਕੀਤਾ ਜਾ ਰਿਹਾ ਹੈ ਅਤੇ ਦੂਸਰੇ ਹੱਥ ਜੰਗੀ ਸਹਿਯੋਗੀ ਗੁੱਟ ਵਾਲੇ ਮੁਲਕਾਂ ਨੂੰ ਸ਼ਰਨਾਰਥੀ ਕੋਟਾ ਲਾ ਕੇ ਜੰਗੀ ਉਜਾੜੇ ਦਾ ਸ਼ਿਕਾਰ ਨਿਗੂਣੀ ਗਿਣਤੀ ਨੂੰ ਪਨਾਹ ਦੇ ਕੇ ਆਪਣੇ ਸਿਆਸੀ ਤੇ ਕੂਟਨੀਤਕ ਮਨਸੂਬੇ ਹਾਸਲ ਕੀਤੇ ਜਾ ਰਹੇ ਹਨ।
ਪੱਛਮੀ ਉਦਾਰਵਾਦੀ ਤੇ ਰੂੜੀਵਾਦੀ ਮੀਡੀਆ ਪਰਵਾਸ ਸੰਕਟ ਨੂੰੰ ਪੱਛੜੇ ਮੁਲਕਾਂ ਵਿਚੋਂ ਪੈਦਾ ਹੋਇਆ ਸੰਕਟ ਆਖ ਕੇ ਭੰਡ ਰਿਹਾ ਹੈ ਜਦਕਿ ਅਸਲੀਅਤ ਇਹ ਹੈ ਕਿ ਅਸਾਵੇਂ ਵਿਕਾਸ ਤਹਿਤ ਪੱਛੜੇ ਮੁਲਕਾਂ ਵਿਚ ਇਹ ਸੰਕਟ ਸਾਮਰਾਜੀ ਦੇਸ਼ਾਂ ਵੱਲੋਂ ਖੜ੍ਹਾ ਕੀਤਾ ਗਿਆ ਸੰਕਟ ਹੈ। ਵਧੇਰੇ ਸਪੱਸ਼ਟ ਕਹਿਣਾ ਹੋਵੇ ਤਾਂ ਪਰਵਾਸ ਸੰਕਟ ਅਸਲ ਅਰਥਾਂ ਵਿਚ ਪੂੰਜੀਵਾਦੀ ਸੰਕਟ ਹੈ। ਇਹ ਸੰਕਟ ਲੁੱਟ ਤੇ ਮੰਡੀ ਉੱਤੇ ਕਬਜ਼ੇ ਦੀਆਂ ਬਸਤੀਵਾਦੀਆਂ ਨੀਤੀਆਂ ਦੀ ਕੜੀ ਹੈ। ਸੱਤਾ ਦੇ ਕੇਂਦਰ ਵੱਡੀ ਪੱਧਰ ’ਤੇ ਸੰਸਾਰ ਦੇ ਅਨੇਕਾਂ ਹਿੱਸਿਆਂ ਦੇ ਸ੍ਰੋਤਾਂ ਨੂੰ ਲੁੱਟ ਰਹੇ ਹਨ ਅਤੇ ਸਰਹੱਦੀ ਰਾਜਨੀਤੀ ਤਹਿਤ ਲੋਕਾਂ ਦੇ ਉਜਾੜੇ ਦੇ ਹਾਲਤ ਅਤੇ ਬੇਲੋੜਾ ਤਣਾਅ ਪੈਦਾ ਕਰ ਰਹੇ ਹਨ। ਪੰਜਾਬ ਵਿਚ ਪਰਵਾਸੀ ਕਾਮਿਆ ਦੇ ਵਿਰੋਧ ਦੀ ਸੁਰ ਤੋਂ ਲੈ ਕੇ ਕੌਮਾਂਤਰੀ ਪੱਧਰ ਤੱਕ ਪਰਵਾਸੀਆਂ ਪ੍ਰਤੀ ਨਫਰਤ ਨਸਲੀ ਤੇ ਇਜਾਰੇਦਾਰ ਪੂੰਜੀਵਾਦ ਦਾ ਸਿੱਟਾ ਹੈ। ਇਹ ਸਥਾਨਕ ਤੇ ਪਰਵਾਸੀ ਕਾਮਿਆਂ ਵਿਚਕਾਰ ਵਿਰੋਧ ਖੜ੍ਹਾ ਕਰਦਾ ਹੈ ਅਤੇ ਦੋਨਾਂ ਦੀ ਲੁੱਟ ਕਰਦਾ ਹੈ।
ਪੂੰਜੀਵਾਦ ਦਾ ਸੰਕਟ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਹੋਰ ਵੱਧ ਫਾਸ਼ੀ ਰੂਪ ਅਖ਼ਤਿਆਰ ਕਰ ਰਿਹਾ ਹੈ। ਪੂੰਜੀਵਾਦ ਦੇ ਲੁਟੇਰੇ ਖਾਸੇ ਕਰ ਕੇ ਵਿਸ਼ਵ ਅੰਦਰ ਵੱਡਾ ਵਾਤਾਵਰਨਕ ਸੰਕਟ ਪੈਦਾ ਹੋਣ ਨਾਲ ਵੱਡੇ ਪੱਧਰ ’ਤੇ ਮੌਸਮੀ ਤਬਦੀਲੀਆਂ ਹੋ ਰਹੀਆਂ ਹਨ। ਤੂਫ਼ਾਨ, ਮੀਂਹ, ਸੋਕੇ, ਜੰਗਲੀ ਅੱਗਾਂ, ਵਧਦੀ ਗਰਮੀ ਨਾਲ ਗਲੇਸ਼ੀਅਰ ਪਿਘਲ ਰਹੇ ਹਨ ਅਤੇ ਫ਼ਸਲਾਂ ਦੀ ਪੈਦਾਵਾਰ ਵਿਚ ਅਨਿਸ਼ਚਤਾ ਆ ਰਹੀ ਹੈ, ਦੁਨੀਆ ਵਿਚ ਖਾਧ ਸੰਕਟ ਪੈਦਾ ਹੋ ਰਿਹਾ ਹੈ, ਉਪਜਾਊ ਜ਼ਮੀਨ ਦਾ ਰਕਬਾ ਘਟ ਰਿਹਾ ਹੈ, ਪਸ਼ੂਆਂ ਦੇ ਚਾਰੇ ਦੀ ਸਮੱਸਿਆ ਪੈਦਾ ਹੋ ਰਹੀ ਹੈ, ਰੂਸ ਯੂਕਰੇਨ ਲਮਕਦੀ ਜੰਗ ਸੰਸਾਰ ਅੰਦਰ ਅੰਨ ਸੰਕਟ ਪੈਦਾ ਕਰ ਰਹੀ ਹੈ, ਵਾਤਰਵਰਨ ਸੰਕਟ ਕਾਰਨ ਖੇਤੀ ਅਧੀਨ ਰਕਬਾ ਘਟਣ ਨਾਲ ਜ਼ਮੀਨਾਂ ’ਤੇ ਕਬਜ਼ੇ ਨੂੰ ਲੈ ਕੇ ਸੰਸਾਰ ਅੰਦਰ ਦੌੜ ਤੇਜ਼ ਹੋ ਰਹੀ ਹੈ। ਇਸ ਨਾਲ ਪਰਵਾਸ ਦਾ ਸੰਕਟ ਹੋਰ ਵਧ ਰਿਹਾ ਹੈ। ਹਾਲਾਂਕਿ 21ਵੀਂ ਸਦੀ ਵਿਚ ਪੈਦਾਵਾਰੀ ਸ਼ਕਤੀਆਂ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਅਤੇ ਮਸਨੂਈ ਬੌਧਿਕਤਾ ਨੇ ਪੈਦਾਵਾਰ ਵਧਾਉਣ ਦੇ ਵੱਡੇ ਮੌਕੇ ਪੈਦਾ ਕਰ ਦਿੱਤੇ ਪਰ ਪੂੰਜੀਵਾਦ ਦੇ ਲੁਟੇਰੇ ਖਾਸੇ ਕਰ ਕੇ ਇਨ੍ਹਾਂ ਬੌਧਿਕ ਸ਼ਕਤੀਆਂ ਨੂੰ ਪੂੰਜੀਵਾਦੀ ਪ੍ਰਬੰਧ ਅੰਦਰ ਵਰਤ ਸਕਣ ਦੀਆਂ ਸੰਭਾਵਨਾਵਾਂ ਨਹੀਂ ਹਨ। ਇਸ ਕਰ ਕੇ ਹੋਰ ਸੰਕਟਾਂ ਵਾਂਗ ਪਰਵਾਸ ਦਾ ਸੰਕਟ ਵੀ ਪੂੰਜੀਵਾਦੀ ਪ੍ਰਬੰਧ ਦਾ ਪੈਦਾ ਕੀਤਾ ਹੋਇਆ ਸੰਕਟ ਹੈ। ਇਹਨਾਂ ਹਾਲਾਤ ਨਾਲ ਨਜਿੱਠਣ ਲਈ ਦੁਨੀਆ ਭਰ ਵਿਚ ਪਰਵਾਸੀ ਕਾਮਿਆਂ ਨੂੰ ਜਥੇਬੰਦ ਹੋ ਕੇ ਸਥਾਨਕ ਕਾਮਿਆਂ ਨਾਲ ਜਮਾਤੀ-ਤਬਕਾਤੀ ਸਾਂਝ ਵਧਾਉਣੀ ਚਾਹੀਦੀ ਹੈ। ਪਰਵਾਸ ਸੰਕਟ ਲਈ ਦੇਸ਼ ਨਿਕਾਲੇ ਦੇ ਖਾਤਮੇ, ਬਰਾਬਰ, ਮੁਫਤ ਤੇ ਖੁੱਲ੍ਹੀ ਇਮੀਗ੍ਰੇਸ਼ਨ, ਨਸਲੀ ਵਿਤਕਰੇ ਦਾ ਖਾਤਮਾ, ਪਰਵਾਸੀ ਕਾਮਿਆਂ ਦੀ ਲੁੱਟ ਤੇ ਜਬਰ ਬੰਦ ਕਰਨ, ਸਥਾਈ ਨਾਗਰਿਕਤਾ, ਸਥਾਨਕ ਨਿਵਾਸੀਆਂ ਦੇ ਬਰਾਬਰ ਹੱਕ, ਲੋਕਾਂ ਨੂੰ ਸੁਰੱਖਿਆ ਤੇ ਸਨਮਾਣ ਨਾਲ ਆਪਣੇ ਘਰਾਂ ਤੇ ਜਮੀਨਾਂ ਉੱਤੇ ਰਹਿਣ ਦੀ ਆਜ਼ਾਦੀ ਆਦਿ ਮੰਗਾਂ ਲਈ ਸੰਘਰਸ਼ ਕਰਦਿਆਂ ਲੁੱਟ-ਖਸੁੱਟ ਰਹਿਤ, ਸਰਬਪੱਖੀ ਵਿਕਾਸ ਅਤੇ ਸਰਹੱਦ ਮੁਕਤ ਸੰਸਾਰ ਦੀ ਸਿਰਜਣਾ ਵੱਲ ਅੱਗੇ ਵਧਣਾ ਚਾਹੀਦਾ ਹੈ।