ਸੰਸਾਰ ਭਰ ਵਿਚ ਪੀਣ ਵਾਲੇ ਪਾਣੀ ਦਾ ਗੰਭੀਰ ਸੰਕਟ

ਸੰਸਾਰ ਭਰ ਵਿਚ ਪੀਣ ਵਾਲੇ ਪਾਣੀ ਦਾ ਗੰਭੀਰ ਸੰਕਟ

ਗੁਰਪ੍ਰੀਤ ਅੰਮ੍ਰਿਤਸਰ

ਇਸ ਸਮੇਂ ਸੰਸਾਰ ਦੀ ਵੱਡੀ ਆਬਾਦੀ ਪੀਣ ਵਾਲੇ ਪਾਣੀ ਦੇ ਸੰਕਟ ਨਾਲ ਜੂਝ ਰਹੀ ਹੈ। ਹਰ ਸਾਲ ਤਕਰੀਬਨ 12 ਲੱਖ ਲੋਕ ਪੀਣ ਵਾਲਾ ਸਾਫ ਪਾਣੀ ਨਾ ਮਿਲਣ ਕਾਰਨ ਮਾਰੇ ਜਾਂਦੇ ਹਨ। ਘੱਟ ਆਮਦਨ ਵਾਲੇ ਦੇਸ਼ਾਂ ਵਿਚ ਹਰ ਸਾਲ 6% ਮੌਤਾਂ ਸਾਫ ਪਾਣੀ ਨਾ ਮਿਲਣ ਕਾਰਨ ਹੁੰਦੀਆਂ ਹਨ। ਅਫਰੀਕਾ ਮਹਾਂਦੀਪ ਦੇ ਦੇਸ਼ ਜਿਵੇਂ ਨਾਈਜੀਰੀਆ, ਦੱਖਣੀ ਅਫਰੀਕਾ ਆਦਿ ਵਿਚ ਹਾਲਾਤ ਭਿਆਨਕ ਹਨ। ਭਾਰਤ ਵਿਚ ਵੀ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਮਿਲ ਨਾਡੂ, ਝਾਰਖੰਡ ਵਰਗੇ ਸੂਬੇ ਪਿਛਲੇ ਕੁਝ ਸਮੇਂ ਵਿਚ ਸੋਕੇ ਦੀ ਮਾਰ ਝੱਲ ਚੁੱਕੇ ਹਨ। ਹੁਣ ਤਾਂ ਅਮਰੀਕਾ ਵਰਗੇ ਦੇਸ਼ ਦੇ ਕੁਝ ਸੂਬਿਆਂ ਵਿਚ ਵੀ ਹਾਲਾਤ ਚਿੰਤਾਜਨਕ ਹਨ। ਸੰਸਾਰ ਭਰ ਵਿਚ ਵਾਤਾਵਰਨ ਮਾਹਰ ਇਹ ਚਿਤਾਵਨੀ ਦੇ ਰਹੇ ਹਨ ਕਿ ਆਉਣ ਵਾਲੇ ਸਮੇਂ ਵਿਚ ਪਾਣੀ ਦੇ ਸਰੋਤਾਂ ਉੱਪਰ ਕਬਜ਼ੇ ਲਈ ਜੰਗਾਂ ਹੋਣਗੀਆਂ। ਪਾਣੀ ਸਰੋਤਾਂ ਨੂੰ ਜੰਗੀ ਹਥਿਆਰ ਵਜੋਂ ਵਰਤਣ ਦੇ ਕੁਝ ਉਦਾਹਰਨ ਵਰਤਮਾਨ ਸਮੇਂ ਵਿਚ ਸਾਡੇ ਸਾਹਮਣੇ ਵੀ ਆ ਰਹੇ ਹਨ। ਰੂਸ-ਯੂਕਰੇਨ ਜੰਗ ਵਿਚ ਕੁਝ ਸਮੇਂ ਪਹਿਲਾਂ ਹੀ ਰੂਸੀ ਫੌਜ ਨੇ ਯੂਕਰੇਨ ਵਿਚ ਇੱਕ ਦਰਿਆ ਉੱਪਰ ਬਣਿਆ ਡੈਮ ਉਡਾ ਦਿੱਤਾ ਸੀ ਜਿਸ ਕਾਰਨ ਉੱਥੇ ਹੜ੍ਹ ਵਰਗੇ ਹਾਲਾਤ ਬਣ ਗਏ। ਇਹਨਾਂ ਹਾਲਾਤ ਲਈ ਕੌਣ ਜਿ਼ੰਮੇਵਾਰ ਹੈ? ਕਈ ਸਰਮਾਏਦਾਰਾ ਬੁੱਧੀਜੀਵੀ ਪਾਣੀ ਸੰਕਟ ਨੂੰ ਕੁਦਰਤੀ ਜਾਂ ਆਬਾਦੀ ਵਧਣ ਨਾਲ ਜੋੜ ਕੇ ਦੇਖਦੇ ਹਨ ਜੋ ਬਿਲਕੁਲ ਤਰਕਹੀਣ ਅਤੇ ਗੈਰ-ਵਿਗਿਆਨਕ ਪਹੁੰਚ ਹੈ। ਵਰਤਮਾਨ ਜਲਵਾਯੂ ਸੰਕਟ ਵੀ ਇਸ ਕੁਦਰਤ ਦੋਖੀ ਮੁਨਾਫਾ ਆਧਾਰਿਤ ਪ੍ਰਬੰਧ ਦੀ ਹੀ ਦੇਣ ਹੈ। ਅੱਜ ਜਿਸ ਪਾਣੀ ਸੰਕਟ ਨਾਲ ਸੰਸਾਰ ਜੂਝ ਰਿਹਾ ਹੈ, ਉਹ ਕੁਦਰਤੀ ਨਹੀਂ ਸਗੋਂ ਇਸ ਸਰਮਾਏਦਾਰੀ ਪ੍ਰਬੰਧ ਕਾਰਨ ਹੈ। ਸੰਕਟ ਪਾਣੀ ਦੀ ਘਾਟ ਦਾ ਨਹੀਂ ਪ੍ਰਬੰਧਨ ਤੇ ਲੋਕਾਂ ਤੱਕ ਪਹੁੰਚਦਾ ਕਰਨ ਦਾ ਹੈ। ਪਾਣੀ ਸਰੋਤਾਂ ਦੀ ਬੇਸਮਝੀ ਨਾਲ ਵਰਤੋਂ, ਗੈਰ-ਵਿਗਿਆਨਕ ਪ੍ਰਬੰਧਨ ਅਤੇ ਪਾਣੀ ਦਾ ਨਿੱਜੀਕਰਨ ਪਾਣੀ ਸੰਕਟ ਦੇ ਮੁੱਖ ਕਾਰਨ ਹਨ।

ਇਸ ਸਮੇਂ ਅਫਰੀਕਾ ਮਹਾਂਦੀਪ ਵਿਚ ਪਾਣੀ ਦਾ ਸੰਕਟ ਸਭ ਤੋਂ ਡੂੰਘਾ ਹੈ। ਦੱਖਣੀ ਅਫਰੀਕਾ ਸਾਲ 2015 ਤੋਂ ਪਾਣੀ ਸੰਕਟ ਨਾਲ਼ ਜੂਝ ਰਿਹਾ ਹੈ। ਦੱਖਣੀ ਅਫਰੀਕਾ ਦੀ ਲਗਭਗ 19% ਪੇਂਡੂ ਆਬਾਦੀ ਤੱਕ ਪਾਣੀ ਦੀ ਭਰੋਸੇਯੋਗ ਉਪਲੱਬਧਤਾ ਨਹੀਂ, 33% ਲੋਕਾਂ ਕੋਲ ਬੁਨਿਆਦੀ ਜ਼ਰੂਰਤਾਂ ਲਈ ਸਾਫ ਪਾਣੀ ਨਹੀਂ। ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਹਫ਼ਤੇ ਵਿਚ ਘੱਟੋ-ਘੱਟ ਇੱਕ ਦਿਨ ਪਾਣੀ ਬੰਦ ਰਹਿੰਦਾ ਹੈ। ਅਮੀਰ ਲੋਕ ਤਾਂ ਮਹਿੰਗੇ ਬੋਰ ਕਰਵਾ ਕੇ ਧਰਤੀ ਹੇਠਲੇ ਪਾਣੀ ਨਾਲ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਲੈਂਦੇ ਹਨ ਪਰ ਗਰੀਬ ਆਬਾਦੀ ਕੋਲ ਇਹ ਸਹੂਲਤ ਨਹੀਂ ਹੈ। ਇੱਕ ਰਿਪੋਰਟ ਮੁਤਾਬਕ ਦੱਖਣੀ ਅਫਰੀਕਾ ਦੇ ਕੇਪ ਟਾਊਨ ਵਿਚ 14% ਲੋਕ ਸ਼ਹਿਰ ਦਾ ਅੱਧੇ ਤੋਂ ਵੱਧ ਸਾਫ ਪਾਣੀ ਵਰਤਦੇ ਹਨ। ਬਿਨਾਂ ਸ਼ੱਕ ਦੱਖਣੀ ਅਫਰੀਕਾ ਵਿਚ ਪਿਛਲੇ ਕਾਫੀ ਸਮੇਂ ਤੋਂ ਕਾਫੀ ਘੱਟ ਵਰਖਾ ਹੋਈ ਹੈ ਪਰ ਪਾਣੀ ਦੀ ਘਾਟ ਦਾ ਵੱਡਾ ਕਾਰਨ ਇਸ ਦੇਸ਼ ਦਾ ਘਟੀਆ ਬੁਨਿਆਦੀ ਢਾਂਚਾ ਹੈ ਜਿਸ ਕਾਰਨ 40% ਪਾਣੀ ਲੋਕਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਪਾਈਪ ਲੀਕ ਹੋਣ ਕਾਰਨ ਬਰਬਾਦ ਹੋ ਜਾਂਦਾ ਹੈ। ਇਸ ਨੂੰ ਸੌਖਿਆਂ ਹੀ ਦਰੁਸਤ ਕੀਤਾ ਜਾ ਸਕਦਾ ਹੈ ਪਰ ਫਿਲਹਾਲ ਇਹ ਸਰਕਾਰ ਦੀਆਂ ‘ਤਰਜੀਹਾਂ’ ਵਿਚ ਸ਼ਾਮਲ ਨਹੀਂ ਹੈ।

ਅਫਰੀਕਾ ਦੇ ਹੀ ਇੱਕ ਹੋਰ ਦੇਸ਼ ਨਾਈਜੀਰੀਆ ਵਿਚ ਹਾਲਾਤ ਕੁਝ ਜਿ਼ਆਦਾ ਚੰਗੇ ਨਹੀਂ ਹਨ। ਇਸ ਦੇਸ਼ ਵਿਚ ਹਾਲਾਤ ਇੰਨੇ ਬੁਰੇ ਹਨ ਕਿ ਲੋਕਾਂ ਲਈ ਇੱਕ ਤਾਂ ਪਾਣੀ ਉਪਲੱਬਧ ਨਹੀਂ, ਤੇ ਜੋ ਹੈ ਵੀ, ਉਹ ਲੋਕਾਂ ਲਈ ਬਿਮਾਰੀਆਂ ਲੈ ਕੇ ਆਉਂਦਾ ਹੈ। ਲੋਕ ਹੈਜ਼ੇ ਵਰਗੀਆਂ ਬਿਮਾਰੀਆਂ ਨਾਲ ਮਰ ਰਹੇ ਹਨ। ਨਾਈਜੀਰੀਆ ਵਿਚ 6 ਕਰੋੜ ਲੋਕਾਂ ਦੀ ਪੀਣ ਵਾਲੇ ਸਾਫ ਪਾਣੀ ਤੱਕ ਪਹੁੰਚ ਨਹੀਂ ਹੈ। ਦੇਸ਼ ਵਿਚ ਪਾਣੀ ਇਕੱਠਾ ਕਰਨ ਵਾਲੇ ਬੁਨਿਆਦੀ ਢਾਂਚੇ ਉੱਪਰ ਸਰਕਾਰ ਨਾਮਾਤਰ ਖਰਚ ਕਰਦੀ ਹੈ। ਇਸ ਦੀ ਥਾਂ ਸਰਕਾਰ ਨੇ ਕਈ ਵਾਰ ਪਾਣੀ ਦੇ ਬੁਨਿਆਦੀ ਢਾਂਚੇ ਦਾ ਨਿੱਜੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਲੋਕਾਂ ਨੇ ਸਫਲ ਨਹੀਂ ਹੋਣ ਦਿੱਤਾ। ਪਾਣੀ ਦੇ ਇੱਕ ਥੈਲੇ ਦੀ ਕੀਮਤ 250 ਨਾਈਜੀਰਿਆਈ ਨਾਇਰ ਹੈ। ਲੋਕਾਂ ਦੇ ਘਰੇਲੂ ਖਰਚ ਦਾ ਵੱਡਾ ਹਿੱਸਾ ਪਾਣੀ ਉੱਪਰ ਹੋਣ ਵਾਲੇ ਖਰਚੇ ਹਨ। ਪਾਣੀ ਦੀ ਸਖਤ ਘਾਟ ਦੇ ਬਾਵਜੂਦ ਸਰਕਾਰ ਕੋਕਾਕੋਲਾ ਵਰਗੀਆਂ ਕੰਪਨੀਆਂ ਵੱਲੋਂ ਧਰਤੀ ਵਿਚੋਂ ਬੇਤਹਾਸ਼ਾ ਪਾਣੀ ਕੱਢੇ ਜਾਣ ਉੱਪਰ ਕੋਈ ਰੋਕ ਨਹੀਂ ਲਾਉਂਦੀ ਸਗੋਂ ਜਨਤਕ-ਨਿੱਜੀ ਹਿੱਸੇਦਾਰੀ ਦੇ ਨਾਮ ’ਤੇ ਪਾਣੀ ਦੇ ਸਰੋਤਾਂ ਦਾ ਨਿੱਜੀਕਰਨ ਕਰਨ ਲਈ ਪੱਬਾਂ ਭਾਰ ਹੋਈ ਹੈ।

ਵਰਤਮਾਨ ਸਮੇਂ ਵਿਚ ਪਾਣੀ ਦੀ ਘਾਟ ਵੱਖ ਵੱਖ ਦੇਸ਼ਾਂ ਵਿਚਕਾਰ ਝਗੜਿਆਂ ਦਾ ਕਾਰਨ ਵੀ ਬਣ ਰਹੀ ਹੈ। ਅਮਰੀਕਾ ਅਤੇ ਮੈਕਸਿਕੋ ਦਰਮਿਆਨ ਰੀਓ ਨਦੀ ਨੂੰ ਲੈ ਕੇ ਸਾਲ 2020 ਵਿਚ ਵੱਡਾ ਮਸਲਾ ਖੜ੍ਹਾ ਹੋ ਗਿਆ ਸੀ ਜਦੋਂ ਮੈਕਸਿਕੋ ਦੇ ਕਿਸਾਨਾਂ ਨੇ ਅਮਰੀਕਾ ਨਾਲ 1944 ਵਿਚ ਹੋਏ ਸਮਝੌਤੇ ਤਹਿਤ ਜਾਣ ਵਾਲੇ ਪਾਣੀ ਨੂੰ ਰੋਕਣ ਲਈ ਨਦੀ ਦੇ ਡੈਮ ਉੱਪਰ ਕਬਜ਼ਾ ਕਰ ਲਿਆ ਸੀ। ਇਰਾਕ ਅਤੇ ਇਰਾਨ ਵਿਚ ਟਿਗਰਿਸ ਦਰਿਆ ਦੇ ਪਾਣੀ ਦੀ ਵਰਤੋਂ ਨੂੰ ਲੈ ਕੇ ਕਾਫੀ ਤਿੱਖੇ ਵਿਵਾਦ ਹਨ। ਆਉਣ ਵਾਲੇ ਸਮੇਂ ਵਿਚ ਇਸ ਵਿਵਾਦ ਕਾਰਨ ਦੋਨਾਂ ਦੇਸ਼ਾਂ ਦਰਮਿਆਨ ਝੜਪਾਂ ਵੀ ਹੋ ਸਕਦੀਆਂ ਹਨ। ਅਫਰੀਕਾ ਅਤੇ ਸੰਸਾਰ ਦੇ ਸਭ ਤੋਂ ਲੰਮੇ ਦਰਿਆ, ਨਾਇਲ ਉੱਪਰ ਇਥੋਪੀਆ ਵੱਲੋਂ ਬਣਾਏ ਜਾ ਰਹੇ ਪ੍ਰਾਜੈਕਟ ਕਾਰਨ ਇਥੋਪੀਆ, ਮਿਸਰ ਅਤੇ ਸੂਡਾਨ ਦੇ ਰਿਸ਼ਤੇ ਕਾਫੀ ਖਰਾਬ ਹੋ ਗਏ ਹਨ। ਇਥੋਪੀਆ ਨਾਇਲ ਦਰਿਆ ਉੱਪਰ ਡੈਮ ਬਣ ਰਿਹਾ ਹੈ ਜਿਸ ਕਾਰਨ ਮਿਸਰ ਅਤੇ ਸੂਡਾਨ ਵਿਚ ਪਾਣੀ ਦੇ ਕੁਦਰਤੀ ਵਹਾਅ ਵਿਚ ਰੁਕਾਵਟ ਆ ਸਕਦੀ ਹੈ। ਇਸ ਕਾਰਨ ਸੂਡਾਨ ਵਿਚ ਹਿੰਸਕ ਪ੍ਰਦਸ਼ਨ ਵੀ ਹੋ ਚੁੱਕੇ ਹਨ।

ਪਾਣੀ ਸਰੋਤਾਂ ਉੱਪਰ ਵਧ ਰਹੇ ਦਬਾਅ ਦਾ ਵੱਡਾ ਕਾਰਨ ਵੱਡੀਆਂ ਨਿੱਜੀ ਕੰਪਨੀਆਂ ਵੱਲੋਂ ਧਰਤੀ ਹੇਠਲੇ ਪਾਣੀ ਦੀ ਅੰਨ੍ਹੀ ਲੁੱਟ ਵੀ ਹੈ। ਅਮਰੀਕਾ ਦੇ ਕੈਲੀਫੋਰਨੀਆ ਵਿਚ ਨੈਸਲੇ ਕੰਪਨੀ ਨੂੰ 2 ਕਰੋੜ 30 ਲੱਖ ਗੈਲਨ ਪਾਣੀ ਕੱਢਣ ਦੀ ਇਜਾਜ਼ਤ ਹੋਣ ਦੇ ਬਾਵਜੂਦ ਇਸ ਨੇ 6 ਕਰੋੜ ਗੈਲਨ ਪਾਣੀ ਧਰਤੀ ਹੇਠੋਂ ਕੱਢਿਆ। ਜਿ਼ਕਰਯੋਗ ਹੈ ਕਿ ਇਸੇ ਕੰਪਨੀ ਦੇ ਮਾਲਕ ਨੇ 2005 ਵਿਚ ਇਹ ਬਿਆਨ ਦਿੱਤਾ ਸੀ ਕਿ ਪਾਣੀ ਨੂੰ ਮਨੁੱਖ ਹੱਕ ਗਰਦਾਨਿਆ ਜਾਣਾ ਅਤਿ ਹੈ। ਇੱਕ ਹੋਰ ਕੰਪਨੀ ਕੋਕਾਕੋਲਾ ਵੱਖ ਵੱਖ ਦੇਸ਼ਾਂ ਵਿਚ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰਨ ਅਤੇ ਲੁੱਟਣ ਲਈ ਬਦਨਾਮ ਹੈ। ਇੱਕ ਲਿਟਰ ਕੋਕਾਕੋਲਾ ਬਣਾਉਣ ਲਈ 3 ਲੀਟਰ ਪਾਣੀ ਦੀ ਖਪਤ ਹੁੰਦੀ ਹੈ। ਇਹ ਪਾਣੀ ਜ਼ਮੀਨ ਹੇਠੋਂ ਕੱਢਿਆ ਜਾਂਦਾ ਹੈ। ਭਾਰਤ ਦੇ ਰਾਜਸਥਾਨ ਸੂਬੇ ਦੇ ਕਾਲਾਡੇਰਾ ਵਿਚ 1999 ਵਿਚ ਕੋਕਾਕੋਲਾ ਵੱਲੋਂ ਕਾਰਖਾਨਾ ਲਗਾਉਣ ਤੋਂ ਬਾਅਦ ਧਰਤੀ ਹੇਠਲੇ ਪਾਣੀ ਦਾ ਪੱਧਰ 10 ਮੀਟਰ ਤੋਂ ਵੱਧ ਹੇਠਾਂ ਚਲਿਆ ਗਿਆ ਜਿਸ ਦਾ ਪੂਰੇ ਇਲਾਕੇ ਦੀ ਖੇਤੀ ਉੱਪਰ ਬਹੁਤ ਮਾੜਾ ਪ੍ਰਭਾਵ ਪਿਆ। ਦੱਖਣੀ ਅਮਰੀਕਾ ਦੇ ਐੱਲ ਸੈਲਵਾਡੋਰ, ਮੈਕਸਿਕੋ ਵਰਗੇ ਦੇਸ਼ਾਂ ਵਿਚ ਕੋਕਾਕੋਲਾ ਲਗਾਤਾਰ ਪਾਣੀ ਦੇ ਸਰੋਤ ਲੁੱਟਣ ਲਈ ਇਸ ਦੇ ਨਿੱਜੀਕਰਨ ਦੀ ਵਕਾਲਤ ਕਰ ਰਹੀ ਹੈ।

ਜਿਵੇਂ ਅਸੀਂ ਉਪਰੋਕਤ ਉਦਾਹਰਨਾਂ ਵਿਚ ਦੇਖਿਆ, ਪਾਣੀ ਦੇ ਸੰਕਟ ਦੀ ਸਮੱਸਿਆ ਬਹੁਤ ਹੀ ਸੌਖ ਨਾਲ ਹੱਲ ਕੀਤੀ ਜਾ ਸਕਦੀ ਹੈ। ਇਸ ਦੇ ਲਈ ਫੌਰੀ ਤੌਰ ’ਤੇ ਪਾਣੀ ਦੀ ਵੰਡ, ਸਾਂਭ-ਸੰਭਾਲ ਅਤੇ ਨਿਕਾਸੀ ਦੇ ਬੁਨਿਆਦੀ ਢਾਂਚੇ ਦੀ ਵਿਗਿਆਨਕ, ਯੋਜਨਾਬੱਧ ਢੰਗ ਨਾਲ ਉਸਾਰੀ ਕੀਤੇ ਜਾਣ ਦੀ ਲੋੜ ਹੈ। ਬਹੁਤੇ ਦੇਸ਼ਾਂ ਵਿਚ ਮੀਂਹ ਦਾ ਜਿ਼ਆਦਾਤਰ ਪਾਣੀ ਬਰਬਾਦ ਹੋ ਜਾਂਦਾ ਹੈ। ਜੇ ਇਸ ਨੂੰ ਜਮ੍ਹਾ ਕਰਨ ਅਤੇ ਇਸ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧ ਕਰ ਲਏ ਜਾਣ ਤਾਂ ਹੜ੍ਹ ਅਤੇ ਸੋਕੇ, ਦੋਹਾਂ ਆਫਤਾਂ ਨਾਲ ਨਜਿੱਠਿਆ ਜਾ ਸਕਦਾ ਹੈ ਪਰ ਜਿ਼ਆਦਾਤਰ ਸਰਕਾਰਾਂ ਇਹ ਪ੍ਰਬੰਧ ਕਰਨ ਲਈ ਤਿਆਰ ਨਹੀਂ ਹਨ ਕਿਉਂਕਿ ਨਵ-ਉਦਾਰਵਾਦੀ ਨੀਤੀਆਂ ਤਹਿਤ ਪੂਰੇ ਸੰਸਾਰ ਵਿਚ ਸਰਕਾਰਾਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਤੋਂ ਆਪਣੇ ਹੱਥ ਪਿੱਛੇ ਖਿੱਚ ਰਹੀਆਂ ਹਨ। ਪਾਣੀ ਦਾ ਨਿੱਜੀਕਰਨ ਵੀ ਇਸੇ ਨਾਲ ਹੀ ਜੁੜਿਆ ਹੋਇਆ ਹੈ। ਇੱਕ ਪਾਸੇ ਜਿੱਥੇ ਸਰਕਾਰਾਂ ਆਪਣੀ ਜਿ਼ੰਮੇਵਾਰੀ ਤੋਂ ਪਿੱਛੇ ਭੱਜਦੀਆਂ ਹਨ, ਉੱਥੇ ਹੀ ਨਿੱਜੀ ਕੰਪਨੀਆਂ ਪਾਣੀ ਵਰਗੀ ਬੁਨਿਆਦੀ ਮਨੁੱਖੀ ਲੋੜ ਨੂੰ ਜਿਣਸ ਬਣਾ ਕੇ ਇਸ ਦਾ ਵਪਾਰ ਕਰ ਰਹੀਆਂ ਹਨ। ਪਾਣੀ ਦਾ ਨਿੱਜੀਕਰਨ ਰੋਕਣ ਦੀ ਲੋੜ ਹੈ। ਪਾਣੀ ਇੱਕ ਕੁਦਰਤੀ ਸਾਧਨ ਹੈ ਅਤੇ ਇਸ ਦੀ ਵਪਾਰਕ ਵਰਤੋਂ ਪੂਰੀ ਤਰ੍ਹਾਂ ਨਾਲ ਗੈਰ-ਵਾਜਬ ਹੈ।

ਜਿੱਥੋਂ ਤੱਕ ਵੱਖ ਵੱਖ ਦੇਸ਼ਾਂ ਦਰਮਿਆਨ ਪਾਣੀ ਅਤੇ ਦਰਿਆਵਾਂ ਨਾਲ ਸਬੰਧਿਤ ਝਗੜਿਆਂ ਦੀ ਗੱਲ ਹੈ ਤਾਂ ਇਹਨਾਂ ਦਾ ਨਬੇੜਾ ਜਮਹੂਰੀ ਤਰੀਕੇ ਨਾਲ, ਰਿਪੇਰੀਅਨ ਕਾਨੂੰਨਾਂ ਤਹਿਤ ਕੀਤਾ ਜਾਣਾ ਚਾਹੀਦਾ ਹੈ। ਇਹਨਾਂ ਉਦਾਹਰਨਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਪਾਣੀ ਸੰਕਟ ਕੁਦਰਤੀ ਨਹੀਂ ਸਗੋਂ ਇਸ ਪ੍ਰਬੰਧ ਵਿਚ ਹੋ ਰਹੀ ਕੁਦਰਤੀ ਸਾਧਨਾਂ ਦੀ ਅੰਨ੍ਹੀ ਲੁੱਟ ਦਾ ਨਤੀਜਾ ਹੈ। ਸਰਮਾਏਦਾਰੀ ਪੈਦਾਵਾਰ ਮੁਨਾਫ਼ੇ ਲਈ ਪੈਦਾਵਾਰ ਹੁੰਦੀ ਹੈ ਨਾ ਕਿ ਸਮਾਜਿਕ ਲੋੜਾਂ ਦੀ ਪੂਰਤੀ ਲਈ। ਇਸ ਪ੍ਰਬੰਧ ਵਿਚ ਕੁਦਰਤੀ ਸਾਧਨਾ ਦੀ ਵਰਤੋ ਯੋਜਨਾਬੱਧ ਤਰੀਕੇ ਨਾਲ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਕੀਤੀ ਜਾ ਸਕਦੀ ਹੈ। ਪੈਦਾਵਾਰ ਵੱਖੋ-ਵੱਖ ਸਰਮਾਏਦਾਰਾਂ ਵਿਚ ਵੰਡੀ ਹੁੰਦੀ ਹੈ ਜਿਹਨਾਂ ਨੂੰ ਸਿਰਫ ਆਪੋ-ਆਪਣੇ ਮੁਨਾਫੇ ਪਿਆਰੇ ਹੁੰਦੇ ਹਨ ਅਤੇ ਕਿਸੇ ਨੂੰ ਕੁਦਰਤ ਜਾਂ ਮਨੁੱਖੀ ਲੋੜਾਂ ਦੀ ਕੋਈ ਪਰਵਾਹ ਨਹੀਂ ਹੁੰਦੀ। ਕਿਸੇ ਇੱਕ ਦਾ ਨੁਕਸਾਨ ਦੂਜੇ ਦਾ ਫਾਇਦਾ ਹੁੰਦਾ ਹੈ। ਪਾਣੀ ਵਰਗੇ ਕੁਦਰਤੀ ਸਰੋਤਾਂ ਦੀ ਸੁਚਾਰੂ ਵਰਤੋਂ ਅਜਿਹੇ ਸਮਾਜ ਵਿਚ ਹੀ ਸੰਭਵ ਹੈ ਜਿੱਥੇ ਪੈਦਾਵਾਰ ਸਮਾਜ ਦੀਆਂ ਲੋੜਾਂ ਦੀ ਪੂਰਤੀ ਲਈ ਪੂਰੀ ਯੋਜਨਾ ਨਾਲ ਹੋਵੇ। ਅਜਿਹੇ ਪ੍ਰਬੰਧ ਵਿਚ ਹੀ ਕੁਦਰਤ ਅਤੇ ਮਨੁੱਖ ਦਾ ਆਪਸੀ ਸਿਹਤਮੰਦ ਰਿਸ਼ਤਾ ਸਥਾਪਤ ਹੋ ਸਕਦਾ ਹੈ।