ਸੰਸਦ ਵੱਲ ਮਾਰਚ ਕਰ ਰਹੇ ਪਹਿਲਵਾਨਾਂ ਖ਼ਿਲਾਫ਼ ਕੇਸ

ਸੰਸਦ ਵੱਲ ਮਾਰਚ ਕਰ ਰਹੇ ਪਹਿਲਵਾਨਾਂ ਖ਼ਿਲਾਫ਼ ਕੇਸ

ਦਿੱਲੀ ਪੁਲੀਸ ਨੇ ਜੰਤਰ ਮੰਤਰ ’ਤੇ ਧਰਨੇ ਵਾਲੀ ਥਾਂ ਖਾਲੀ ਕਰਵਾਈ
ਨਵੀਂ ਦਿੱਲੀ- ਦਿੱਲੀ ਪੁਲੀਸ ਨੇ ਨਵੇਂ ਸੰਸਦ ਭਵਨ ਵੱਲ ਮਾਰਚ ਕਰ ਰਹੇ ਪਹਿਲਵਾਨਾਂ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਦੇਰ ਰਾਤ ਜੰਤਰ-ਮੰਤਰ ’ਤੇ ਧਰਨਾ ਲਾਉਣ ਵਾਲੇ ਪ੍ਰਬੰਧਕਾਂ ਤੇ ਪਹਿਲਵਾਨਾਂ ਦੇ ਹਮਾਇਤੀਆਂ ਖਿਲਾਫ਼ ਦੰਗਿਆਂ ਤੇ ਸਰਕਾਰੀ ਮੁਲਾਜ਼ਮ ਦੀ ਡਿਊਟੀ ’ਚ ਵਿਘਨ ਪਾਉਣ ਦੇ ਦੋਸ਼ ਤਹਿਤ ਸੰਸਦ ਮਾਰਗ ਥਾਣੇ ’ਚ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਜੰਤਰ ਮੰਤਰ ’ਤੇ ਧਰਨਾ ਦੇਣ ਵਾਲੇ 109 ਪ੍ਰਦਰਸ਼ਨਕਾਰੀਆਂ ਸਣੇ ਪੂਰੀ ਦਿੱਲੀ ’ਚੋਂ 700 ਲੋਕਾਂ ਨੂੰ ਹਿਰਾਸਤ ’ਚ ਲੈਣ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਮਗਰੋਂ ਮਹਿਲਾ ਤੇ ਪੁਰਸ਼ ਪਹਿਲਵਾਨਾਂ ਨੂੰ ਛੱਡ ਦਿੱਤਾ। ਸੀਨੀਅਰ ਪੁਲੀਸ ਅਧਿਕਾਰੀ ਮੁਤਾਬਕ ਐੱਫਆਈਆਰ ਆਈਪੀਸੀ ਦੀਆਂ ਧਾਰਾਵਾਂ 188, 186, 353 ਤੇ 332 ਤਹਿਤ ਦਰਜ ਕੀਤੀ ਗਈ ਹੈ। ਐੱਫਆਈਆਰ ਵਿੱਚ ਧਾਰਾ 352, 147(ਦੰਗੇ) ਤੇ 149(ਗੈਰਕਾਨੂੰਨੀ ਇਕੱਤਰਤਾ) ਵੀ ਆਇਦ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਅੱਜ ਦਿਨੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪਿਛਲੇ 35 ਦਿਨਾਂ ਤੋਂ ਜੰਤਰ-ਮੰਤਰ ’ਤੇ ਲਾਏ ਧਰਨੇ ਦੀ ਮੂਹਰੇ ਹੋ ਕੇ ਅਗਵਾਈ ਕਰ ਰਹੇ ਪਹਿਲਵਾਨਾਂ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਸਣੇ ਹੋਰਨਾਂ ਨੂੰ ਪੁਲੀਸ ਨੇ ਅੱਜ ਅਮਨ-ਕਾਨੂੰਨ ਦੀ ਉਲੰਘਣਾ ਦੇ ਦੋਸ਼ ’ਚ ਹਿਰਾਸਤ ਵਿੱਚ ਲੈ ਲਿਆ ਸੀ। ਪ੍ਰਦਰਸ਼ਨਕਾਰੀ ਪਹਿਲਵਾਨ ਅੱਜ ਸਵੇਰੇ ਨਵੀਂ ਸੰਸਦੀ ਇਮਾਰਤ ਅੱਗੇ ਮਹਿਲਾ ‘ਮਹਾਪੰਚਾਇਤ’ ਲਈ ਅੱਗੇ ਵਧ ਰਹੇ ਸਨ ਜਦੋਂ ਪੁਲੀਸ ਨੇ ਕਥਿਤ ਸੁਰੱਖਿਆ ਘੇਰਾ ਤੋੜਨ ਦੇ ਦੋਸ਼ ਹੇਠ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਦਿੱਲੀ ਪੁਲੀਸ ਇਨ੍ਹਾਂ ਪਹਿਲਵਾਨਾਂ ਨੂੰ ਬੱਸਾਂ ਵਿੱਚ ਧੱਕ ਕੇ ਅਣਦੱਸੀ ਥਾਂ ’ਤੇ ਲੈ ਕੇ ਰਵਾਨਾ ਹੋਈ, ਪੁਲੀਸ ਅਧਿਕਾਰੀਆਂ ਨੇ ਜੰਤਰ-ਮੰਤਰ ’ਤੇ ਧਰਨੇ ਵਾਲੀ ਥਾਂ ਲੱਗੇ ਤੰਬੂ ਪੁੱਟ ਦਿੱਤੇ ਤੇ ਉਥੇ ਪਏ ਗੱਦੇ, ਕੂਲਰ, ਪੱਖੇ, ਤਰਪਾਲ ਤੇ ਪਹਿਲਵਾਨਾਂ ਦਾ ਹੋਰ ਸਮਾਨ ਉਥੋਂ ਹਟਾ ਦਿੱਤਾ। ਬਜਰੰਗ ਨੂੰ ਮਯੂਰ ਵਿਹਾਰ ਨੇੜਲੇ ਪੁਲੀਸ ਥਾਣੇ, ਸਾਕਸ਼ੀ ਨੂੰ ਬੁਰਾੜੀ ਅਤੇ ਵਿਨੇਸ਼ ਤੇ ਸੰਗੀਤਾ ਨੂੰ ਕਾਲਕਾਜੀ ਥਾਣੇ ਵਿੱਚ ਰੱਖਿਆ ਗਿਆ।

ਜਾਣਕਾਰੀ ਅਨੁਸਾਰ ਪ੍ਰਦਰਸ਼ਨਕਾਰੀ ਪਹਿਲਵਾਨ ਨਵੀਂ ਸੰਸਦੀ ਇਮਾਰਤ ਅੱਗੇ ਤਜਵੀਜ਼ਤ ‘ਮਹਿਲਾ ਮਹਾਪੰਚਾਇਤ’ ਲਈ ਅੱਗੇ ਵਧੇ ਤਾਂ ਪਹਿਲਾਂ ਪੁਲੀਸ ਨੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਦੀ ਚਿਤਾਵਨੀ ਦਿੱਤੀ। ਜਦੋਂ ਪਹਿਲਵਾਨ ਨਹੀਂ ਰੁਕੇ ਤਾਂ ਉਨ੍ਹਾਂ ਦੀ ਉਥੇ ਤਾਇਨਾਤ ਪੁਲੀਸ ਕਰਮੀਆਂ ਨਾਲ ਝੜਪ ਹੋ ਗਈ। ਵਿਨੇਸ਼ ਫੋਗਾਟ, ਸੰਗੀਤਾ ਫੋਗਾਟ ਤੇ ਸਾਕਸ਼ੀ ਮਲਿਕ ਨੇ ਪੁਲੀਸ ਵੱਲੋਂ ਲਾਏ ਬੈਰੀਕੇਡ ਉਲੰਘਣ ਦੀ ਕੋਸ਼ਿਸ਼ ਕੀਤੀ ਤਾਂ ਦਿੱਲੀ ਮਹਿਲਾ ਪੁਲੀਸ ਨੇ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ। ਇਸ ਮੌਕੇ ਮਹਿਲਾ ਪਹਿਲਵਾਨਾਂ ਨਾਲ ਖਿੱਚ-ਧੂਹ ਵੀ ਕੀਤੀ ਗਈ। ਉਨ੍ਹਾਂ ਉਪਰ ਕਈ ਮਹਿਲਾ ਪੁਲੀਸ ਮੁਲਾਜ਼ਮਾਂ ਟੁੱਟ ਕੇ ਪੈ ਗਈਆਂ। ਸ਼ਾਕਸੀ ਮਲਿਕ ਨੂੰ ਕਾਬੂ ਕਰਨ ਲਈ ਪੁਲੀਸ ਨੂੰ ਖਾਸੀ ਮੁਸ਼ੱਕਤ ਕਰਨੀ ਪਈ। ਵਿਨੇਸ਼ ਤੇ ਸੰਗੀਤਾ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਦਾ ਜ਼ੋਰਦਾਰ ਵਿਰੋਧ ਕੀਤਾ। ਪੁਲੀਸ ਨੇ ਸੜਕਾਂ ’ਤੇ ਲਿਟੀਆਂ ਇਨ੍ਹਾਂ ਦੋਵਾਂ ਮਹਿਲਾ ਪਹਿਲਵਾਨਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਧੂਹ ਕੇ ਬੱਸਾਂ ਵਿਚ ਚੜ੍ਹਾਇਆ।

ਵਿਨੇਸ਼ ਫੋਗਾਟ, ਜਿਸ ਨੇ ਪੁਲੀਸ ਕਾਰਵਾਈ ਦਾ ਸਭ ਤੋਂ ਵੱਧ ਵਿਰੋਧ ਕੀਤਾ, ਨੇ ਮਗਰੋਂ ਬੱਸ ਵਿੱਚੋਂ ਕਿਹਾ ਕਿ ਉਹ ਨੂੰ ਨਿਆਂ ਮੰਗਣ ਦੀ ਇਹ ਸਜ਼ਾ ਦਿੱਤੀ ਜਾ ਰਹੀ ਹੈ। ਅੱਖਾਂ ਵਿੱਚ ਹੰਝੂ ਲਈ ਵਿਨੇਸ਼ ਨੇ ਕਿਹਾ, ‘‘ਮੁਲਜ਼ਮ (ਬ੍ਰਿਜ ਭੂਸ਼ਣ) ਖੁੱਲ੍ਹੇਆਮ ਘੁੰਮ ਰਿਹਾ ਹੈ…ਸਰਕਾਰ ਵੱਲੋਂ ਉਸ ਨੂੰ ਪਨਾਹ (ਸ਼ਹਿ) ਦਿੱਤੀ ਜਾ ਰਹੀ ਹੈ। ਅਸੀਂ ਅਥਲੀਟਾਂ, ਜਿਨ੍ਹਾਂ ਦੇਸ਼ ਲਈ ਤਗ਼ਮੇ ਜਿੱਤੇ, ਨੂੰ ਦੇਸ਼ ਦੀਆਂ ਧੀਆਂ ਖਾਤਰ ਇਨਸਾਫ਼ ਦੀ ਮੰਗ ਕਰਨ ਲਈ ਹੁਣ ਜੇਲ੍ਹਾਂ ਵਿੱਚ ਡੱਕਿਆ ਜਾ ਰਿਹੈ।’’ ਮਹਿਲਾ ਪਹਿਲਵਾਨ ਨੇ ਬੱਸ ਦੀ ਖਿੜਕੀ ’ਚੋਂ ਕਿਹਾ, ‘‘ਨਵੇਂ ਦੇਸ਼ ’ਚ ਤੁਹਾਡਾ ਸਵਾਗਤ ਹੈ।’’ ਬਜਰੰਗ ਤੇ ਵਿਨੇਸ਼, ਦੋਵਾਂ ਨੂੰ ਬ੍ਰਿਜ ਭੂਸ਼ਣ ਦੀ ਸਰਕਾਰੀ ਰਿਹਾਇਸ਼ (21, ਅਸ਼ੋਕਾ ਰੋਡ) ਤੋਂ ਕੁਝ ਮੀਟਰ ਦੀ ਦੂਰੀ ’ਤੇ ਗ੍ਰਿਫ਼ਤਾਰ ਕੀਤਾ ਗਿਆ। ਜੰਤਰ-ਮੰਤਰ ਪ੍ਰਦਰਸ਼ਨ ਵਾਲੀ ਥਾਂ ਤੋਂ ਹਿਰਾਸਤ ਵਿੱਚ ਲਏ ਗਏ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ, “ਕੀ ਕੋਈ ਸਰਕਾਰ ਆਪਣੇ ਦੇਸ਼ ਦੇ ਚੈਂਪੀਅਨਾਂ ਨਾਲ ਅਜਿਹਾ ਸਲੂਕ ਕਰਵਾਉਂਦੀ ਹੈ? ਅਸੀਂ ਕਿਹੜਾ ਗੁਨਾਹ ਕੀਤਾ ਹੈ? ਅਸੀਂ ਕੋਈ ਬੈਰੀਕੇਡ ਨਹੀਂ ਤੋੜਿਆ।’’ ਬਜਰੰਗ ਨੇ ਕਿਹਾ, ‘‘ਮੁਲਜ਼ਮ (ਬ੍ਰਿਜ ਭੂਸ਼ਣ) ਦੀ ਕਿੱਡੀ ਢੀਠਤਾਈ ਹੈ ਕਿ ਉਹ ਪੋਕਸੋ ਐਕਟ ਨੂੰ ਬਦਲਣ ਦੀਆਂ ਗੱਲਾਂ ਕਰ ਰਿਹੈ ਤੇ ਤੁਸੀਂ ਉਸ ਖਿਲਾਫ਼ ਕੁਝ ਨਹੀਂ ਕਰ ਰਹੇ। ਅਤੇ ਜਿਹੜੇ ਅਥਲੀਟ ਦੋਵੇਂ ਹੱਥ ਜੋੜ ਕੇ ਨਿਆਂ ਮੰਗ ਰਹੇ ਹਨ, ਉਨ੍ਹਾਂ ਨਾਲ ਦੁਰਵਿਹਾਰ ਕੀਤਾ ਜਾ ਰਿਹੈ।’’
ਉਧਰ ਦਿੱਲੀ ਦੇ ਵਿਸ਼ੇਸ਼ ਕਮਿਸ਼ਨਰ ਆਫ਼ ਪੁਲੀਸ (ਅਮਨ ਤੇ ਕਾਨੂੰਨ) ਦੀਪੇਂਦਰ ਪਾਠਕ ਨੇ ਕਿਹਾ, ‘‘ਅਮਨ ਤੇ ਕਾਨੂੰਨ ਦੀ ਉਲੰਘਣਾ ਲਈ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਅਸੀਂ ਜਾਂਚ ਮਗਰੋਂ ਇਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਾਂਗੇ।’’ ਪਾਠਕ ਨੇ ਕਿਹਾ, ‘‘ਅੱਜ ਨਵੇਂ ਸੰਸਦ ਭਵਨ ਦਾ ਉਦਘਾਟਨ ਸੀ। ਅਸੀਂ ਆਪਣੇ ਅਥਲੀਟਾਂ ਨੂੰ ਪਿਆਰ ਕਰਨ ਦੇ ਨਾਲ ਉਨ੍ਹਾਂ ਦਾ ਸਤਿਕਾਰ ਵੀ ਕਰਦੇ ਹਾਂ, ਪਰ ਕਿਸੇ ਅਣਸੁਖਾਵੀਂ ਘਟਨਾ ਦੀ ਇਜਾਜ਼ਤ ਨਹੀਂ ਦੇ ਸਕਦੇ।’’ -ਪੀਟੀਆਈ

ਗੁੰਡਾ ਸੰਸਦ ਿਵੱਚ ਬੈਠਾ ਹੈ ਤੇ ਸਾਨੂੰ ਸੜਕਾਂ ’ਤੇ ਧੂਹਿਆ ਜਾ ਰਿਹੈ: ਸਾਕਸ਼ੀ
ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਮਗਰੋਂ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ, ‘‘ਅਸੀਂ ਸ਼ਾਂਤੀਪੂਰਵਕ ਮਾਰਚ ਕਰ ਰਹੇ ਸੀ ਪਰ ਉਨ੍ਹਾਂ ਨੇ ਜ਼ਬਰਦਸਤੀ ਸਾਨੂੰ ਖਿੱਚਿਆ ਅਤੇ ਹਿਰਾਸਤ ਵਿੱਚ ਲੈ ਲਿਆ। ਸਾਡੇ ਚੈਂਪੀਅਨਾਂ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾ ਰਿਹਾ ਹੈ। ਦੁਨੀਆ ਸਾਨੂੰ ਦੇਖ ਰਹੀ ਹੈ!’’ ਸਾਕਸ਼ੀ ਨੇ ਟਵਿੱਟਰ ’ਤੇ ਸਰਕਾਰ ਤੇ ਦਿੱਲੀ ਪੁਲੀਸ ਖਿਲਾਫ਼ ਭੜਾਸ ਕੱਢਦਿਆਂ ਕਿਹਾ, ‘‘ਸਾਡੇ 2000 ਤੋਂ ਵੱਧ ਸਮਰਥਕਾਂ ਨੂੰ ਹਿਰਾਸਤ ਵਿੱਚ ਲੈ ਗਿਆ ਹੈ। ਹਰ ਪਾਸੇ ਤਾਨਾਸ਼ਾਹੀ ਚੱਲ ਰਹੀ ਹੈ।’’ ਇਕ ਹੋਰ ਟਵੀਟ ਵਿੱਚ ਮਹਿਲਾ ਪਹਿਲਵਾਨ ਨੇ ਕਿਹਾ, ‘‘ਕੀ ਕੋਈ ਸਰਕਾਰ ਦੇਸ਼ ਦੇ ਚੈਂਪੀਅਨਾਂ ਨਾਲ ਇੰਜ ਸਲੂਕ ਕਰਦੀ ਹੈ? ਅਸੀਂ ਕਿਹੜਾ ਜੁਰਮ ਕੀਤਾ ਹੈ? ਜਿਨਸੀ ਸ਼ੋਸ਼ਣ ਕਰਨ ਵਾਲਾ ਗੁੰਡਾ ਬ੍ਰਿਜ ਭੂਸ਼ਣ ਅੱਜ ਸੰਸਦ ਵਿੱਚ ਬੈਠਾ ਹੈ ਤੇ ਸਾਨੂੰ ਸੜਕਾਂ ’ਤੇ ਧੂਹਿਆ ਜਾ ਰਿਹੈ। ਭਾਰਤੀ ਖੇਡਾਂ ਲਈ ਬਹੁਤ ਬੁਰਾ ਦਿਨ।’’ ਸਾਕਸ਼ੀ ਨੇ ਕਿਹਾ, ‘‘ਦੇਸ਼ ਲਈ ਤਗ਼ਮੇ ਜਿੱਤ ਕੇ ਲਿਆਉਣਾ ਕੀ ਅਪਰਾਧ ਹੈ? ਜੇਕਰ ਹਾਂ, ਤਾਂ ਫਿਰ ਸਾਨੂੰ ਫਾਹੇ ਟੰਗ ਦਿਓ।’’