ਸੰਸਦ ਭਵਨ ਹਮਲਾ: ਧਨਖੜ, ਮੋਦੀ, ਸੋਨੀਆ ਤੇ ਹੋਰਾਂ ਵੱਲੋਂ ਸ਼ਰਧਾਂਜਲੀਆਂ

ਸੰਸਦ ਭਵਨ ਹਮਲਾ: ਧਨਖੜ, ਮੋਦੀ, ਸੋਨੀਆ ਤੇ ਹੋਰਾਂ ਵੱਲੋਂ ਸ਼ਰਧਾਂਜਲੀਆਂ

ਨਵੀਂ ਦਿੱਲੀ- ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਸੰਸਦ ਭਵਨ ’ਤੇ 2001 ਦੇ ਅਤਿਵਾਦੀ ਹਮਲੇ ਵਿਚ ਆਪਣੀਆਂ ਜਾਨਾਂ ਗਵਾਉਣ ਵਾਲੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਹਨ। ਇਸ ਮੌਕੇ ਕਾਂਗਰਸ ਨੇਤਾ ਸੋਨੀਆ ਗਾਂਧੀ ਅਤੇ ਮਲਿਕਾਰਜੁਨ ਖੜਗੇ, ਗ੍ਰਹਿ ਮੰਤਰੀ ਅਮਿਤ ਸ਼ਾਹ, ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ, ਵਣਜ ਮੰਤਰੀ ਪਿਊਸ਼ ਗੋਇਲ, ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਸਣੇ ਹੋਰਾਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ, ਖਾਸਕਰ ਉਨ੍ਹਾਂ ਦੇ ਬੱਚਿਆਂ ਨਾਲ ਗੱਲਬਾਤ ਕਰਦੇ ਦਿਖਾਈ ਦਿੱਤੇ। ਸਮਾਗਮ ਵਾਲੀ ਥਾਂ ’ਤੇ ਕਾਂਗਰਸੀ ਆਗੂ ਰਾਜੀਵ ਸ਼ੁਕਲਾ ਨੂੰ ਵੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਦਿਆਂ ਦੇਖਿਆ ਗਿਆ। ਉਪ ਰਾਸ਼ਟਰਪਤੀ ਨੇ ਐਕਸ ’ਤੇ ਕਿਹਾ,‘‘2001 ਵਿੱਚ ਸਾਡੀ ਸੰਸਦ ’ਤੇ ਹੋਏ ਹਮਲੇ ਦੌਰਾਨ ਆਪਣੀ ਜਾਨ ਕੁਰਬਾਨ ਕਰਨ ਵਾਲੇ ਦਲੇਰ ਸੁਰੱਖਿਆ ਕਰਮੀਆਂ ਨੂੰ ਯਾਦ ਕਰ ਰਿਹਾ ਹਾਂ। ਭਾਰਤ ਉਨ੍ਹਾਂ ਦੇ ਬਲੀਦਾਨ ਲਈ ਹਮੇਸ਼ਾ ਕਰਜ਼ਦਾਰ ਰਹੇਗਾ।’’ ਉਨ੍ਹਾਂ ਨੇ ਕਿਹਾ,‘‘ਅਤਿਵਾਦ ਦੁਨੀਆ ਭਰ ਵਿੱਚ ਮਾਨਵਤਾ ਲਈ ਖਤਰਾ ਬਣਿਆ ਹੋਇਆ ਹੈ ਅਤੇ ਵਿਸ਼ਵ ਸ਼ਾਂਤੀ ਲਈ ਇਸ ਨੂੰ ਖਤਮ ਕਰਨ ਲਈ ਦੇਸ਼ਾਂ ਦਾ ਇੱਕਜੁਟ ਹੋਣਾ ਜ਼ਰੂਰੀ ਹੈ।’’

ਪ੍ਰਧਾਨ ਮੰਤਰੀ ਨੇ ਐਕਸ ’ਤੇ ਕਿਹਾ,‘‘ਅੱਜ ਅਸੀਂ 2001 ’ਚ ਸੰਸਦ ਹਮਲੇ ਦੌਰਾਨ ਸ਼ਹੀਦ ਹੋਏ ਬਹਾਦਰ ਸੁਰੱਖਿਆ ਕਰਮੀਆਂ ਨੂੰ ਯਾਦ ਕਰਦੇ ਹਾਂ ਅਤੇ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ ਕਰਦੇ ਹਾਂ। ਖਤਰੇ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਦਾ ਸਾਹਸ ਅਤੇ ਬਲੀਦਾਨ ਹਮੇਸ਼ਾ ਸਾਡੇ ਦੇਸ਼ ਦੀ ਯਾਦ ’ਚ ਉਕਰਿਆ ਰਹੇਗਾ।’’ ਜ਼ਿਕਰਯੋਗ ਹੈ ਕਿ 13 ਦਸੰਬਰ 2001 ਨੂੰ ਲਸ਼ਕਰ-ਏ-ਤਇਬਾ ਅਤੇ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਨੇ ਸੰਸਦ ਭਵਨ ’ਚ ਹਮਲਾ ਕੀਤਾ ਸੀ। ਇਸ ਦੌਰਾਨ ਸੰਸਦ ਸੁਰੱਖਿਆ ਸੇਵਾ, ਸੀਆਰਪੀਐੱਫ ਤੇ ਦਿੱਲੀ ਪੁਲੀਸ ਦੇ ਕਰਮਚਾਰੀਆਂ ਨੇ ਅਤਿਵਾਦੀਆਂ ਦੇ ਹਮਲੇ ਨੂੰ ਨਾਕਾਮ ਕਰ ਦਿੱਤਾ ਸੀ। ਇਸ ਹਮਲੇ ਵਿੱਚ ਅਤਿਵਾਦੀਆਂ ਦਾ ਮੁਕਾਬਲਾ ਕਰਦੇ ਹੋਏ ਦਿੱਲੀ ਪੁਲੀਸ ਨੇ ਪੰਜ ਜਵਾਨ, ਕੇਂਦਰੀ ਰਿਜ਼ਰਵ ਪੁਲੀਸ ਬਲ ਦੀ ਇੱਕ ਮਹਿਲਾ ਕਰਮੀ ਅਤੇ ਸੰਸਦ ਦੇ ਦੋ ਕਰਮੀ ਸ਼ਹੀਦ ਹੋ ਗਏ ਸਨ। ਇੱਕ ਕਰਮਚਾਰੀ ਅਤੇ ਇੱਕ ਕੈਮਰਾਮੈਨ ਦੀ ਵੀ ਹਮਲੇ ਵਿੱਚ ਮੌਤ ਹੋ ਗਈ ਸੀ।